ਜਲੰਧਰ ਸ਼ਹਿਰ ’ਤੇ 860 ਕਰੋੜ ਰੁਪਏ ਤੋਂ ਵੱਧ ਖ਼ਰਚ ਕਰ ਚੁੱਕੀ ਸਮਾਰਟ ਸਿਟੀ ਕੰਪਨੀ, 50 ਪ੍ਰਾਜੈਕਟ ਪੂਰੇ

Thursday, Dec 19, 2024 - 03:43 PM (IST)

ਜਲੰਧਰ ਸ਼ਹਿਰ ’ਤੇ 860 ਕਰੋੜ ਰੁਪਏ ਤੋਂ ਵੱਧ ਖ਼ਰਚ ਕਰ ਚੁੱਕੀ ਸਮਾਰਟ ਸਿਟੀ ਕੰਪਨੀ, 50 ਪ੍ਰਾਜੈਕਟ ਪੂਰੇ

ਜਲੰਧਰ (ਖੁਰਾਣਾ)–ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਗਭਗ 10 ਸਾਲ ਪਹਿਲਾਂ ਸ਼ੁਰੂ ਕੀਤੇ ਗਏ ਸਮਾਰਟ ਸਿਟੀ ਮਿਸ਼ਨ ’ਚ ਜਦੋਂ ਜਲੰਧਰ ਨੂੰ ਵੀ ਸ਼ਾਮਲ ਕੀਤਾ ਗਿਆ ਸੀ ਤਾਂ ਸ਼ਹਿਰ ਵਾਸੀਆਂ ਨੂੰ ਉਮੀਦ ਹੋਈ ਸੀ ਕਿ ਕੇਂਦਰ ਸਰਕਾਰ ਤੋਂ ਮਿਲਣ ਵਾਲੇ ਅਰਬਾਂ ਰੁਪਏ ਦੀ ਬਦੌਲਤ ਸ਼ਹਿਰ ਦੀ ਸ਼ਕਲ-ਸੂਰਤ ਹੀ ਬਦਲ ਜਾਵੇਗੀ ਅਤੇ ਕੁਝ ਹੀ ਸਾਲਾਂ ਵਿਚ ਜਲੰਧਰ ਸਮਾਰਟ ਸਿਟੀ ਬਣ ਜਾਵੇਗਾ। ਅੱਜ ਜਲੰਧਰ ਸ਼ਹਿਰ ਦੀ ਹਾਲਤ ਵੇਖੀਏ ਤਾਂ ਸਾਫ਼ ਦਿਸਦਾ ਹੈ ਕਿ ਜਲੰਧਰ ਵਾਸੀਆਂ ਨੇ ਸਮਾਰਟ ਸਿਟੀ ਮਿਸ਼ਨ ਤੋਂ ਜੋ ਉਮੀਦਾਂ ਲਗਾਈਆਂ ਸਨ, ਉਹ ਧੁੰਦਲੀਆਂ ਜਿਹੀਆਂ ਹੋ ਗਈਆਂ ਹਨ ਕਿਉਂਕਿ ਇਨ੍ਹਾਂ 10 ਸਾਲਾਂ ਵਿਚ ਲਗਭਗ 860 ਕਰੋੜ ਰੁਪਏ ਖ਼ਰਚ ਕਰਨ ਦੇ ਬਾਵਜੂਦ ਸ਼ਹਿਰ ਵਿਚ ਕੁਝ ਵੀ ਨਹੀਂ ਬਦਲਿਆ ਅਤੇ ਹਾਲਾਤ ਪਹਿਲਾਂ ਤੋਂ ਵੀ ਬਦਤਰ ਹੋਏ ਹਨ।

ਇਹ ਵੀ ਪੜ੍ਹੋ- ਇਕ ਹੋਰ ਮੰਦਭਾਗੀ ਖ਼ਬਰ, ਕਿਸਾਨ ਆਗੂ ਦੀ ਮੌਤ, ਮਿੰਟਾਂ 'ਚ ਪੈ ਗਈਆਂ ਭਾਜੜਾਂ

ਇਨ੍ਹਾਂ ਵਿਚੋਂ 430 ਕਰੋੜ ਦਾ ਸ਼ੇਅਰ ਕੇਂਦਰ ਸਰਕਾਰ ਅਤੇ ਇੰਨਾ ਹੀ ਸ਼ੇਅਰ ਪੰਜਾਬ ਸਰਕਾਰ ਪਾ ਚੁੱਕੀ ਹੈ। ਸਮਾਰਟ ਸਿਟੀ ਜਲੰਧਰ ਦੇ 50 ਪ੍ਰਾਜੈਕਟ ਪੂਰੇ ਵੀ ਹੋ ਚੁੱਕੇ ਹਨ, ਜਿਨ੍ਹਾਂ ਦੇ ਠੇਕੇਦਾਰਾਂ ਨੂੰ 707 ਕਰੋੜ ਦੀ ਪੇਮੈਂਟ ਵੀ ਜਾ ਚੁੱਕੀ ਹੈ। ਇਸ ਸਮੇਂ ਜਲੰਧਰ ਦੋ ਮੁੱਖ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਇਕ ਸਮੱਸਿਆ ਤਾਂ ਕੂੜਾ ਹੈ, ਜਿਸ ਕਾਰਨ ਸ਼ਹਿਰ ਕਈ ਸਮੱਸਿਆਵਾਂ ਨਾਲ ਗ੍ਰਸਤ ਹੈ ਤਾਂ ਦੂਜੀ ਸਮੱਸਿਆ ਵਧਦਾ ਟ੍ਰੈਫਿਕ ਹੈ, ਜਿਸ ਤੋਂ ਸ਼ਹਿਰ ਵਾਸੀ ਬੇਹੱਦ ਪ੍ਰੇਸ਼ਾਨ ਹਨ। ਖ਼ਾਸ ਗੱਲ ਇਹ ਹੈ ਕਿ ਹੁਣ ਤਕ 860 ਕਰੋੜ ਖਰਚ ਕਰਨ ਵਾਲੀ ਜਲੰਧਰ ਸਮਾਰਟ ਸਿਟੀ ਕੰਪਨੀ ਨੇ ਨਾ ਤਾਂ ਵੇਸਟ ਮੈਨੇਜਮੈਂਟ ਲਈ ਕੋਈ ਪ੍ਰਾਜੈਕਟ ਚਲਾਇਆ ਅਤੇ ਨਾ ਹੀ ਇਸ ਨੇ ਸ਼ਹਿਰ ਵਿਚ ਪਬਲਿਕ ਟਰਾਂਸਪੋਰਟ ਸਿਸਟਮ ਲਿਆਉਣ ਵੱਲ ਹੀ ਕੋਈ ਧਿਆਨ ਦਿੱਤਾ।

ਕੂੜੇ ਦੀ ਮੈਨੇਜਮੈਂਟ ਦੇ ਨਾਂ ’ਤੇ ਸਿਰਫ਼ ਪ੍ਰਾਜੈਕਟ ਹੀ ਬਣੇ, ਸਫ਼ਲ ਕੋਈ ਨਹੀਂ ਹੋਇਆ
ਸਮਾਰਟ ਸਿਟੀ ਮਿਸ਼ਨ ਤਹਿਤ ਆਏ 860 ਕਰੋੜ ਰੁਪਿਆਂ ਨੂੰ 10 ਸਾਲ ਵਿਚ ਖ਼ਰਚ ਕਰ ਦੇਣ ਤੋਂ ਬਾਅਦ ਅੱਜ ਜਲੰਧਰ ਦੀ ਹਾਲਤ ਵੇਖੀਏ ਤਾਂ ਅਜਿਹਾ ਲੱਗ ਰਿਹਾ ਹੈ ਕਿ ਸਮਾਰਟ ਸਿਟੀ ਲਈ ਆਇਆ ਸਾਰਾ ਪੈਸਾ ਗਲੀਆਂ, ਨਾਲੀਆਂ, ਸਟਰੀਟ ਲਾਈਟਾਂ, ਪਾਰਕਾਂ ਅਤੇ ਸੀਵਰੇਜ ਨਾਲ ਸਬੰਧਤ ਕੰਮਾਂ ’ਤੇ ਹੀ ਖ਼ਰਚ ਕਰ ਦਿੱਤਾ ਗਿਆ, ਜਦਕਿ ਇਹ ਸਾਰੇ ਕੰਮ ਨਿਗਮ ਖਜ਼ਾਨੇ ਵਿਚੋਂ ਹੋਣੇ ਚਾਹੀਦੇ ਹਨ।

ਇਹ ਵੀ ਪੜ੍ਹੋ- ਦੁੱਖ਼ਦਾਇਕ ਖ਼ਬਰ: ਜਾਰਜੀਆ ਦੇ ਹੋਟਲ 'ਚ ਵਾਪਰੀ ਘਟਨਾ 'ਚ ਪਟਿਆਲਾ ਦੀ ਨਨਾਣ-ਭਰਜਾਈ ਦੀ ਮੌਤ

ਅੱਜ ਸ਼ਹਿਰ ਦਾ ਕੂੜਾ ਸਭ ਤੋਂ ਵੱਡੀ ਸਮੱਸਿਆ ਹੈ ਪਰ ਸਮਾਰਟ ਸਿਟੀ ਨੇ ਵੇਸਟ ਮੈਨੇਜਮੈਂਟ ਦੀ ਦਿਸ਼ਾ ਵਿਚ ਕੁਝ ਨਹੀਂ ਕੀਤਾ। ਸ਼ਹਿਰ ਵਿਚੋਂ ਹਰ ਰੋਜ਼ ਨਿਕਲਦੇ ਕੂੜੇ ਨੂੰ ਖਾਦ ਆਦਿ ਵਿਚ ਬਦਲਣ ਦਾ ਕੋਈ ਪ੍ਰਾਜੈਕਟ ਨਹੀਂ ਚਲਾਇਆ ਗਿਆ। ਵਰਿਆਣਾ ਵਿਚ ਬਾਇਓ ਮਾਈਨਿੰਗ ਪਲਾਂਟ ਵੀ ਨਹੀਂ ਲੱਗ ਸਕਿਆ। 10 ਸਾਲ ਸਮਾਰਟ ਸਿਟੀ ਵਿਚ ਰਹੇ ਅਫਸਰਾਂ ਨੇ ਕਰੋੜਾਂ ਰੁਪਏ ਤਨਖਾਹ ਵਜੋਂ ਲਏ ਪਰ ਸਫ਼ਾਈ ਅਤੇ ਕੂੜੇ ਨੂੰ ਮੈਨੇਜ ਕਰਨ ਦੀ ਦਿਸ਼ਾ ਵਿਚ ਕੁਝ ਨਹੀਂ ਕੀਤਾ, ਸਿਰਫ਼ ਪ੍ਰਾਜੈਕਟ ਬਣਾਏ, ਜਿਨ੍ਹਾਂ ਵਿਚੋਂ ਸਫ਼ਲ ਕੋਈ ਨਹੀਂ ਹੋਇਆ।

ਸਿਟੀ ਬੱਸਾਂ ਚੱਲਣ ਤਾਂ ਸੁਧਰ ਸਕਦਾ ਹੈ ਸ਼ਹਿਰ ਦਾ ਪ੍ਰਦੂਸ਼ਣ ਲੈਵਲ
ਇਸ ਸਮੇਂ ਜਲੰਧਰ ਦਾ ਪਬਲਿਕ ਟਰਾਂਸਪੋਰਟ ਸਿਸਟਮ ਜ਼ਿਆਦਾਤਰ ਆਟੋ ਰਿਕਸ਼ਿਆਂ ’ਤੇ ਆਧਾਰਿਤ ਹੈ, ਜੋ ਨਾ ਸਿਰਫ ਪ੍ਰਦੂਸ਼ਣ ਦਾ ਕਾਰਨ ਬਣ ਰਹੇ ਹਨ, ਸਗੋਂ ਟ੍ਰੈਫਿਕ ਵਿਵਸਥਾ ਵਿਚ ਵੀ ਰੁਕਾਵਟ ਪੈਦਾ ਕਰ ਰਹੇ ਹਨ। ਇਸ ਤੋਂ ਸ਼ਹਿਰ ਵਾਸੀਆਂ ਨੂੰ ਨਿਜਾਤ ਦਿਵਾਉਣ ਅਤੇ ਪਬਲਿਕ ਟਰਾਂਸਪੋਰਟ ਸਿਸਟਮ ਨੂੰ ਮਜ਼ਬੂਤ ਕਰਨ ਲਈ ਸਮਾਰਟ ਸਿਟੀ ਕੰਪਨੀ ਨੇ ਕਈ ਵਾਰ ਇਲੈਕਟ੍ਰਿਕ ਬੱਸਾਂ ਖਰੀਦਣ ਦੀ ਯੋਜਨਾ ਬਣਾਈ ਪਰ ਕਿਸੇ ਨੇ ਇਸ ਪ੍ਰਾਜੈਕਟ ਨੂੰ ਚਾਲੂ ਨਹੀਂ ਕੀਤਾ। ਖ਼ਾਸ ਗੱਲ ਇਹ ਹੈ ਕਿ ਸਮਾਰਟ ਸਿਟੀ ਮਿਸ਼ਨ ਤਹਿਤ ਪਬਲਿਕ ਟਰਾਂਸਪੋਰਟ ਸਿਸਟਮ ਵੱਲੋਂ ਇਲੈਕਟ੍ਰਿਕ ਬੱਸਾਂ ਦਾ ਪ੍ਰਾਜੈਕਟ ਦਿੱਲੀ, ਪੁਣੇ ਅਤੇ ਯੂ. ਪੀ. ਦੇ ਕਈ ਸ਼ਹਿਰਾਂ ਵਿਚ ਚੱਲ ਰਿਹਾ ਹੈ। ਸਰਕਾਰ ਦਾ ਵੀ ਯਤਨ ਹੈ ਕਿ ਪਬਲਿਕ ਟਰਾਂਸਪੋਰਟ ਨਾਲ ਜੁੜੇ ਵਾਹਨ ਪ੍ਰਦੂਸ਼ਣ ਰਹਿਤ ਹੋਣੇ ਚਾਹੀਦੇ ਹਨ ਅਤੇ ਡੀਜ਼ਲ-ਪੈਟਰੋਲ ’ਤੇ ਨਿਰਭਰਤਾ ਵੀ ਘੱਟ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ- ਵਿਦੇਸ਼ੋਂ ਪਰਤੀ ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਗੋਲ਼ੀਆਂ ਮਾਰ ਕੈਨੇਡਾ 'ਚ ਹੋਇਆ ਸੀ ਕਤਲ

ਜਲੰਧਰ ਸ਼ਹਿਰ ਦੇ ਪਬਲਿਕ ਟਰਾਂਸਪੋਰਟ ਸਿਸਟਮ ਦੀ ਗੱਲ ਕਰੀਏ ਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਗਸਤ 2008 ਵਿਚ ਸ਼ਹਿਰ ਵਿਚ ਸਿਟੀ ਬੱਸ ਸਰਵਿਸ ਨੂੰ ਲਾਂਚ ਕੀਤਾ ਸੀ, ਜੋ ਕਈ ਰੂਟਾਂ ’ਤੇ ਚੱਲੀ ਅਤੇ ਸ਼ਹਿਰ ਵਿਚ ਕਾਫੀ ਲੋਕਪ੍ਰਿਯ ਵੀ ਹੋਈ ਪਰ ਕੁਝ ਕਾਰਨਾਂ ਕਾਰਨ 2014 ਵਿਚ ਸਿਟੀ ਬੱਸ ਸਰਵਿਸ ਨੂੰ ਬੰਦ ਕਰ ਦਿੱਤਾ ਗਿਆ। ਜੇਕਰ ਸਮਾਰਟ ਸਿਟੀ ਮਿਸ਼ਨ ਤਹਿਤ ਇਹ ਬੱਸਾਂ ਦੁਬਾਰਾ ਚਾਲੂ ਕੀਤੀਆਂ ਜਾਂਦੀਆਂ ਹਨ ਤਾਂ ਲੋਕਾਂ ਨੂੰ ਕਾਫ਼ੀ ਸਹੂਲਤ ਮਿਲ ਸਕਦੀ ਹੈ ਅਤੇ ਸ਼ਹਿਰ ਦਾ ਪ੍ਰਦੂਸ਼ਣ ਲੈਵਲ ਵੀ ਸੁਧਰ ਸਕਦਾ ਹੈ।

ਸਪੋਰਟਸ ਹੱਬ ਵੀ ਕਿਸੇ ਸਰਕਾਰ ਤੋਂ ਨਹੀਂ ਬਣ ਸਕਿਆ
ਸਮਾਰਟ ਸਿਟੀ ਬਣਨ ਜਾ ਰਹੇ ਸ਼ਹਿਰਾਂ ਵਿਚ ਜਲੰਧਰ ਪੂਰੇ ਦੇਸ਼ ਦਾ ਇਕੋ-ਇਕ ਅਜਿਹਾ ਸ਼ਹਿਰ ਸੀ, ਜਿਸ ਨੂੰ ਸਮਾਰਟ ਸਿਟੀ ਫੰਡ ਨਾਲ ਸਪੋਰਟ ਸਿਟੀ ਦੇ ਰੂਪ ਵਿਚ ਵਿਕਸਿਤ ਕਰਨ ਦੀ ਯੋਜਨਾ ਸੀ ਪਰ ਸ਼ਹਿਰ ਦੇ ਨੇਤਾਵਾਂ ਅਤੇ ਨਿਗਮ ਤੇ ਸਮਾਰਟ ਸਿਟੀ ਨਾਲ ਜੁੜੇ ਅਧਿਕਾਰੀਆਂ ਨੇ ਬਰਲਟਨ ਪਾਰਕ ਸਪੋਰਟ ਹੱਬ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ, ਜਿਸ ਕਾਰਨ ਇਹ ਪ੍ਰਾਜੈਕਟ ਨਾ ਸਿਰਫ ਛੋਟਾ ਹੁੰਦਾ ਚਲਾ ਗਿਆ, ਸਗੋਂ ਸ਼ੁਰੂ ਹੀ ਨਹੀਂ ਹੋ ਸਕਿਆ। ਅਜਿਹੀ ਬੇਰੁਖੀ ਕਾਰਨ ਸ਼ਹਿਰ ਦੇ ਖਿਡਾਰੀਆਂ ਵਿਚ ਕਾਫ਼ੀ ਨਿਰਾਸ਼ਾ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ- ਸੰਤ ਸੀਚੇਵਾਲ ਨੇ ਕਿਸਾਨ ਆਗੂ ਡੱਲੇਵਾਲ ਨਾਲ ਕੀਤੀ ਮੁਲਾਕਾਤ, ਦਿੱਤਾ ਅਹਿਮ ਬਿਆਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News