ਟੁੱਟੀ ਸਰਹਿੰਦ ਫੀਡਰ ਦਾ ਉਸਾਰੀ ਬਿੱਲ ਸੂਬਾ ਸਰਕਾਰ ਦੀ ਜ਼ੀਰੋ ਟਾਲਰੈਂਸ ਨੀਤੀ ਵਿਰੁੱਧ ਚੁਣੌਤੀ ਬਣਿਆ

05/27/2022 4:55:26 PM

ਜਲੰਧਰ(ਨਰਿੰਦਰ ਮੋਹਨ): ਪੰਜਾਬ ਦਾ ਸਿੰਚਾਈ ਵਿਭਾਗ ਸੂਬਾ ਸਰਕਾਰ ਦੀ ਭ੍ਰਿਸ਼ਟਾਚਾਰ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਵਿਰੁੱਧ ਚੁਣੌਤੀ ਬਣ ਰਿਹਾ ਹੈ। ਮਾਮਲਾ ਮੁੜ 2 ਵਾਰ ਇਕੋ ਜਗ੍ਹਾ ਤੋਂ ਲਗਭਗ 250 ਫੁੱਟ ਟੁੱਟੀ ਵਿਵਾਦਿਤ ਸਰਹਿੰਦ ਫੀਡਰ ਦਾ ਹੈ। ਨਹਿਰ ਦੀ ਰੀਲਾਈਨਿੰਗ ’ਚ 5 ਸਾਲ ਦੀ ਜ਼ਿੰਮੇਵਾਰੀ (ਡਿਫੈਕਟ ਲਾਇਬਿਲਿਟੀ) ਸੰਬੰਧਤ ਠੇਕੇਦਾਰ ਦੀ ਹੀ ਹੁੰਦੀ ਹੈ ਅਤੇ ਇਸ ਦੌਰਾਨ ਕਿਸੇ ਵੀ ਟੁੱਟ-ਭੱਜ ਲਈ ਠੇਕੇਦਾਰ ਹੀ ਜ਼ਿੰਮੇਵਾਰ ਹੁੰਦਾ ਹੈ ਪਰ ਵਿਭਾਗ ਦੇ ਅਧਿਕਾਰੀਆਂ ਨੇ ਇਕ ਵਾਰ ਫਿਰ ਮੁੜ ਟੁੱਟੀ ਨਹਿਰ ਨੂੰ ਭਰਨ ’ਤੇ ਵੱਡਾ ਖਰਚਾ ਸਰਕਾਰ ’ਤੇ ਪਾ ਦਿੱਤਾ ਹੈ, ਜਦੋਂਕਿ ਵਿਵਾਦਿਤ ਠੇਕੇਦਾਰਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਮਾਮਲਾ ਚੰਡੀਗੜ੍ਹ ਤਕ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ- ਘਰ ’ਚ ਕੰਮ ਵਾਲੀਆਂ ਰੱਖਣ ਵਾਲੇ ਹੋ ਜਾਣ ਸਾਵਧਾਨ, ਤੁਸੀਂ ਵੀ ਹੋ ਸਕਦੇ ਹੋ ਇੰਝ ਲੁੱਟ ਦਾ ਸ਼ਿਕਾਰ

ਦਸੰਬਰ 2021 ਵਿਚ ਇਸ ਨਹਿਰ ਦੀ ਮੁੜ-ਉਸਾਰੀ ਦਾ ਚੌਥਾ ਫੇਜ਼ ਮੁਕੰਮਲ ਹੋਇਆ ਸੀ ਕਿ ਅਪ੍ਰੈਲ, 2022 ਵਿਚ ਇਹ ਨਹਿਰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਥਾਦੇਵਾਲਾ ਵਿਚ ਟੁੱਟ ਗਈ। ਇਸ ਨੂੰ ਠੀਕ ਕੀਤਾ ਗਿਆ ਤਾਂ ਮੁੜ ਇਹ 10 ਮਈ ਨੂੰ ਫਿਰ ਉਸੇ ਥਾਂ ਤੋਂ ਟੁੱਟ ਗਈ। ਨਹਿਰ ਮੁੜ ਉਸੇ ਥਾਂ ਤੋਂ ਕਿਉਂ ਟੁੱਟੀ, ਇਸ ਦੇ ਲਈ ਵਿਭਾਗ ਦੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ। ਇਸ ਦੌਰਾਨ ਟੁੱਟੀ ਨਹਿਰ ਦੀ ਮੁਰੰਮਤ ਦਾ ਕੰਮ ਮੁੜ ਠੇਕੇਦਾਰ ਨੂੰ ਦੇ ਦਿੱਤਾ ਗਿਆ। 

ਨਿਯਮਾਂ ਮੁਤਾਬਕ 5 ਸਾਲ ਤੱਕ ਨਹਿਰ ਵਿਚ ਕਿਸੇ ਵੀ ਨੁਕਸਾਨ ਦੀ ਜ਼ਿੰਮੇਵਾਰੀ ਸਬੰਧਤ ਠੇਕੇਦਾਰ ਦੀ ਹੁੰਦੀ ਹੈ। ਵਿਭਾਗ ਨੇ ਬਿਨਾਂ ਕੁਝ ਤੈਅ ਕੀਤੇ ਨਹਿਰ ਦੀ ਮੁਰੰਮਤ ਦਾ ਕੰਮ ਮੁੜ ਠੇਕੇਦਾਰਾਂ ਨੂੰ ਦੇ ਦਿੱਤਾ ਅਤੇ ਉਹ ਵੀ ਉਨ੍ਹਾਂ ਤਜਰਬਾ-ਰਹਿਤ ਠੇਕਦਾਰਾਂ ਨੂੰ, ਜਿਨ੍ਹਾਂ ਨੇ ਪਹਿਲਾਂ ਕਦੇ ਵੀ ਸਰਹਿੰਦ ਫੀਡਰ ਅਤੇ ਉਸ ਦੇ ਨਾਲ ਲੱਗਦੀ ਰਾਜਸਥਾਨ ਨਹਿਰ ਵਿਚ ਰੀਲਾਈਨਿੰਗ ਨਹੀਂ ਕਰਵਾਈ ਸੀ। ਨਹਿਰ ਦੀ ਮੁਰੰਮਤ ਲਈ ਜ਼ਿਆਦਾਤਰ ਸਮੱਗਰੀ ਠੇਕੇਦਾਰਾਂ ਨੇ ਨਹੀਂ, ਸਗੋਂ ਵਿਭਾਗ ਦੇ ਅਧਿਕਾਰੀਆਂ ਨੇ ਹੀ ਖਰੀਦੀ। ਹੁਣ ਉਸਾਰੀ ਦੇ ਬਿੱਲ ਤਿਆਰ ਹੋ ਰਹੇ ਹਨ। ਟੁੱਟੀ ਸਰਹਿੰਦ ਫੀਡਰ ਦੀ ਉਸਾਰੀ ਵਿਚ ਵੀ ਵਿਵਾਦ ਹੈ। ਕੰਕ੍ਰੀਟ ਬੈੱਡ ਵਿਚ ਵੀ ਪਹਿਲਾਂ ਬਣੀ ਨਹਿਰ ਨਾਲੋਂ ਮੋਟਾਈ ਘੱਟ ਹੈ। ਅਜਿਹੀ ਹੀ ਹਾਲਤ ਸਰਹਿੰਦ ਫੀਡਰ ਦੇ ਟੁੱਟਣ ਕਾਰਨ ਲਾਗਲੀ ਇੰਦਰਾ ਗਾਂਧੀ ਨਹਿਰ ਦੀ ਹੈ। ਇਸ ਨਹਿਰ ਵਿਚ ਵੀ ਮੁੜ ਉਸਾਰੀ ਕਾਰਜ ਟੈਂਡਰ ਦੇ ਆਧਾਰ ’ਤੇ ਠੇਕੇਦਾਰ ਨੂੰ ਦੇ ਦਿੱਤਾ ਗਿਆ, ਜਦੋਂਕਿ ਇੱਥੇ ਵੀ ਜ਼ਿੰਮੇਵਾਰੀ ਠੇਕੇਦਾਰ ਦੀ ਬਣਦੀ ਸੀ। 

ਇਹ ਵੀ ਪੜ੍ਹੋ- ਸਿੰਗਲਾ ਦੀ ਬਰਖ਼ਾਸਤਗੀ ਤਾਂ ਸ਼ੁਰੂਆਤ ਹੈ, ‘ਆਪ’ ਦੇ ਅੱਧੇ ਵਿਧਾਇਕ ਬੇਨਕਾਬ ਹੋਣਗੇ : ਕਾਲੀਆ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ’ਤੇ ਇਸ ਮਾਮਲੇ ਦੀ ਚਰਚਾ ਵਿਭਾਗ ਦੇ ਚੰਡੀਗੜ੍ਹ ਦਫ਼ਤਰ ਵਿਚ ਹੋਈ, ਜਿਸ ਵਿਚ ਚਿੰਤਾ ਜ਼ਾਹਿਰ ਕੀਤੀ ਗਈ ਕਿ ਟੁੱਟੀ ਨਹਿਰ ’ਤੇ ਹੋਏ ਉਸਾਰੀ ਕਾਰਜ ਸ਼ੱਕ ਵਿਚ ਹਨ। ਇਨ੍ਹਾਂ ਸਾਰੇ ਮਾਮਲਿਆਂ ’ਤੇ ਫ਼ਿਰੋਜ਼ਪੁਰ ਦੇ ਸੁਪਰਡੈਂਟ ਇੰਜੀਨੀਅਰ ਉਪਕਰਣ ਸਿੰਘ, ਕਾਰਜਕਾਰੀ ਇੰਜੀਨੀਅਰ ਸੁਖਜੀਤ ਸਿੰਘ ਅਤੇ ਰਾਜਸਥਾਨ ਨਹਿਰ ਦੇ ਗਿੱਦੜਬਾਹਾ ਸਥਿਤ ਕਾਰਜਕਾਰੀ ਇੰਜੀਨੀਅਰ ਰਮਨ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਕੋਈ ਵੀ ਇਸ ਬਾਰੇ ਬੋਲਣ ਲਈ ਤਿਆਰ ਨਹੀਂ ਸੀ ਅਤੇ ਕਿਸੇ ਨੇ ਵੀ ਫੋਨ ਕਾਲ ਅਟੈਂਡ ਨਹੀਂ ਕੀਤੀ। ਧਿਆਨਯੋਗ ਹੈ ਕਿ ਸਰਹਿੰਦ ਫੀਡਰ ਦੀ ਰੀਲਾਈਨਿੰਗ ਨੂੰ ਲੈ ਕੇ ਵਿਭਾਗ ਦੇ ਇੰਜੀਨੀਅਰ ਚਰਚਾ ਵਿਚ ਹਨ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News