ਸਿੰਗਲ ਯੂਜ਼ ਪਲਾਸਟਿਕ ’ਤੇ ਪਾਬੰਦੀ ਦੇ ਬਾਵਜੂਦ ਮਕਸੂਦਾਂ ਸਬਜ਼ੀ ਮੰਡੀ ’ਚ ਧੜੱਲੇ ਨਾਲ ਹੋ ਰਹੀ ਵਰਤੋਂ

07/02/2022 1:36:18 PM

ਜਲੰਧਰ (ਜ. ਬ.)– ਸਿੰਗਲ ਯੂਜ਼ ਪਲਾਸਟਿਕ ’ਤੇ ਪਾਬੰਦੀ ਲੱਗਣ ਦੇ ਬਾਵਜੂਦ 1 ਜੁਲਾਈ ਨੂੰ ਮਕਸੂਦਾਂ ਸਬਜ਼ੀ ਮੰਡੀ ਵਿਚ ਇਸ ਦੀ ਧੜੱਲੇ ਨਾਲ ਵਰਤੋਂ ਹੋਈ। ਪਾਬੰਦੀ ਦੇ ਪਹਿਲੇ ਹੀ ਦਿਨ ਸਬਜ਼ੀ ਮੰਡੀ ਵਿਚ ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਜਾਗਰੂਕਤਾ ਨਹੀਂ ਵੇਖੀ ਗਈ। ਲੋਕਾਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ’ਚ ਸਬਜ਼ੀਆਂ ਵੇਚੀਆਂ ਗਈਆਂ, ਜਦਕਿ ਮਕਸੂਦਾਂ ਮੰਡੀ ਦੇ ਅੰਦਰ ਹੀ ਕਈ ਅਜਿਹੀਆਂ ਦੁਕਾਨਾਂ ਹਨ, ਜਿੱਥੇ ਪਲਾਸਟਿਕ ਦੇ ਲਿਫ਼ਾਫ਼ੇ ਹੀ ਨਹੀਂ, ਸਗੋਂ ਉਹ ਸਾਰਾ ਪਲਾਸਟਿਕ ਦਾ ਸਾਮਾਨ ਵੇਚਿਆ ਜਾਂਦਾ ਹੈ, ਜਿਹੜਾ ਬੈਨ ਹੋਇਆ ਹੈ।

ਇਕ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਮੰਡੀ ਮਾਰਕੀਟ ਕਮੇਟੀ ਨੇ ਵੱਡਾ ਐਕਸ਼ਨ ਕਰਦਿਆਂ ਮਕਸੂਦਾਂ ਸਬਜ਼ੀ ਮੰਡੀ ਵਿਚ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਵਾਲੇ ਸਬਜ਼ੀ ਵਿਕ੍ਰੇਤਾਵਾਂ ਨੂੰ ਲਗਾਤਾਰ ਜੁਰਮਾਨੇ ਠੋਕ ਕੇ ਲਿਫ਼ਾਫ਼ਿਆਂ ਦੀ ਵਰਤੋਂ ਬੰਦ ਕਰ ਦਿੱਤੀ ਸੀ ਪਰ ਸਮਾਂ ਬੀਤਣ ਦੇ ਨਾਲ-ਨਾਲ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਫਿਰ ਤੋਂ ਵਰਤੋਂ ਸ਼ੁਰੂ ਹੋ ਗਈ, ਹਾਲਾਂਕਿ ਮੰਡੀ ਦੇ ਅੰਦਰ ਨਗਰ ਨਿਗਮ ਦੀਆਂ ਟੀਮਾਂ ਸਿੰਗਲ ਯੂਜ਼ ਵਰਤੋਂ ਕਰਨ ਵਾਲਿਆਂ ’ਤੇ ਕਾਰਵਾਈ ਕਰਨਗੀਆਂ ਪਰ ਮਾਰਕੀਟ ਕਮੇਟੀ ਸਿਰਫ ਜੁਰਮਾਨਾ ਹੀ ਕਰ ਸਕਦੀ ਹੈ।

ਇਹ ਵੀ ਪੜ੍ਹੋ:   ਨੰਗਲ ਵਿਖੇ ਭਾਖੜਾ ਨਹਿਰ 'ਚ ਡੁੱਬਾ ਮਾਪਿਆਂ ਦਾ ਪੁੱਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸੈਕਟਰੀ ਸੁਖਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਸਮੇਂ-ਸਮੇਂ ’ਤੇ ਪਲਾਸਟਿਕ ਦੇ  ਲਿਫ਼ਾਫ਼ਿਆਂ ਦੀ ਵਰਤੋਂ ਕਰਨ ਵਾਲਿਆਂ ਨੂੰ ਜੁਰਮਾਨਾ ਕਰਦੇ ਹਨ ਪਰ ਉਹ ਦੋਬਾਰਾ ਵਰਤੋਂ ਕਰਨ ਲੱਗ ਜਾਂਦੇ ਹਨ। ਕਾਰਵਾਈ ਲਈ ਨਿਗਮ ਦੀਆਂ ਟੀਮਾਂ ਹੀ ਮੰਡੀ ਵਿਚ ਆਉਂਦੀਆਂ ਹਨ ਪਰ ਜਲਦ ਉਨ੍ਹਾਂ ਵੱਲੋਂ ਵੀ ਕਾਰਵਾਈ ਕੀਤੀ ਜਾਵੇਗੀ। ਸੁਖਦੀਪ ਸਿੰਘ ਨੇ ਕਿਹਾ ਕਿ ਕੇਂਦਰ ਜਾਂ ਪੰਜਾਬ ਸਰਕਾਰ ਜਦੋਂ ਵੀ ਨਵੇਂ ਨਿਯਮ ਲਿਆਉਂਦੀਆਂ ਹਨ, ਮੰਡੀ ਵਿਚ ਉਨ੍ਹਾਂ ਨੂੰ ਤੁਰੰਤ ਲਾਗੂ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ ਜਾਂਦੇ ਹਨ ਅਤੇ ਭਵਿੱਖ ਵਿਚ ਵੀ ਅਜਿਹਾ ਚੱਲਦਾ ਰਹੇਗਾ।
ਦੱਸਣਯੋਗ ਹੈ ਕੇਂਦਰ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਪਿਛਲੇ ਸਾਲ 12 ਅਗਸਤ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ 1 ਜੁਲਾਈ 2022 ਤੋਂ ਪੂਰੇ ਦੇਸ਼ ’ਚ ਸਿੰਗਲ ਯੂਜ਼ ਪਲਾਸਟਿਕ ਦੇ ਉਤਪਾਦਨ, ਦਰਾਮਦ, ਵੰਡ, ਵਿਕਰੀ ਅਤੇ ਵਰਤੋਂ ’ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਸੀ। ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨਾ ਵਾਤਾਵਰਣ ਸੁਰੱਖਿਆ ਐਕਟ 1986 ਤਹਿਤ ਜੁਰਮ ਸਮਝਿਆ ਜਾਵੇਗਾ, ਜਦਕਿ ਕਾਰਵਾਈ ਹੋਣ ਤੋਂ ਬਾਅਦ 5 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਵੀ ਵਿਵਸਥਾ ਹੈ।

ਮੰਡੀ ਦੀਆਂ ਦੁਕਾਨਾਂ ਦੇ ਅੰਦਰ ਸਟਾਕ ਹੈ ਬੈਨ ਹੋਇਆ ਸਾਮਾਨ
ਕੇਂਦਰ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ 1 ਜੁਲਾਈ 2022 ਤੋਂ ਸਿੰਗਲ ਯੂਜ਼ ਪਲਾਸਟਿਕ ਵਿਚ ਆਉਣ ਵਾਲਾ ਬੈਨ ਹੋਇਆ ਸਾਮਾਨ ਮੰਡੀ ਵਿਚ ਚੱਲ ਰਹੀਆਂ ਦੁਕਾਨਾਂ ਵਿਚ ਸਟਾਕ ਵੀ ਕੀਤਾ ਹੋਇਆ ਹੈ। ਉਥੋਂ ਹੀ ਸਬਜ਼ੀ ਵਿਕ੍ਰੇਤਾ ਅਤੇ ਹੋਰ ਲੋਕ ਬੈਨ ਹੋਇਆ ਸਾਮਾਨ ਖਰੀਦਦੇ ਹਨ। ਹਾਲਾਂਕਿ ਸਬਜ਼ੀ ਮੰਡੀ ਵਿਚ ਸਬਜ਼ੀ ਤੋਂ ਇਲਾਵਾ ਕੋਈ ਹੋਰ ਦੁਕਾਨ ਨਹੀਂ ਚੱਲ ਸਕਦੀ ਪਰ ਇਸਦੇ ਬਾਵਜੂਦ ਅਜਿਹੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਹਨ। ਆਉਣ ਵਾਲੇ ਸਮੇਂ ਵਿਚ ਜੇਕਰ ਮਾਰਕੀਟ ਕਮੇਟੀ ਜਾਂ ਫਿਰ ਨਿਗਮ ਦੀਆਂ ਟੀਮਾਂ ਇਨ੍ਹਾਂ ਦੁਕਾਨਾਂ ’ਤੇ ਜਾਂਚ ਕਰਨ ਤਾਂ ਬੈਨ ਹੋਏ ਸਿੰਗਲ ਯੂਜ਼ ਪਲਾਸਟਿਕ ਦੀ ਵੱਡੀ ਖੇਪ ਬਰਾਮਦ ਹੋ ਸਕਦੀ ਹੈ।

ਇਹ ਵੀ ਪੜ੍ਹੋ: ਜਲੰਧਰ: ਪੰਡਿਤ ਦੀ ਸ਼ਰਮਨਾਕ ਕਰਤੂਤ, ਉਪਾਅ ਦੱਸਣ ਬਹਾਨੇ ਹੋਟਲ 'ਚ ਬੁਲਾ ਵਿਆਹੁਤਾ ਨਾਲ ਕੀਤਾ ਜਬਰ-ਜ਼ਿਨਾਹ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News