ADGP ਅਰਪਿਤ ਸ਼ੁਕਲਾ ਤੇ ਪੁਲਸ ਕਮਿਸ਼ਨਰ ਗੁਰਸ਼ਰਨ ਸੰਧੂ ਨੇ ਸੋਢਲ ਮੇਲੇ ’ਚ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

09/07/2022 2:51:17 PM

ਜਲੰਧਰ (ਸੁਧੀਰ)–ਉੱਤਰੀ ਭਾਰਤ ਦੇ ਪ੍ਰਸਿੱਧ ਧਾਰਮਿਕ ਅਸਥਾਨ ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਦੇ ਆਗਮਨ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਏ. ਡੀ. ਜੀ. ਪੀ. (ਲਾਅ ਐਂਡ ਆਰਡਰ) ਪੰਜਾਬ ਅਰਪਿਤ ਸ਼ੁਕਲਾ ਨੇ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਅਤੇ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਨਾਲ ਮੇਲਾ ਮਾਰਗ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਮੰਦਿਰ ਦੇ ਬਾਹਰ ਬਣੇ ਪੁਲਸ ਕੰਟਰੋਲ ਰੂਮ ਦਾ ਵੀ ਜਾਇਜ਼ਾ ਲਿਆ। ਇਸ ਦੌਰਾਨ ਏ. ਡੀ. ਜੀ. ਪੀ. ਅਰਪਿਤ ਸ਼ੁਕਲਾ ਅਤੇ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਮੇਲੇ ਦੀ ਸੁਰੱਖਿਆ ਲਈ ਕਮਿਸ਼ਨਰੇਟ ਪੁਲਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਲਗਭਗ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਦੇ ਨਾਲ ਹੀ ਮੇਲਾ ਮਾਰਗ ’ਤੇ 1000 ਦੇ ਲਗਭਗ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਟ੍ਰੈਕ ’ਤੇ ਖੜ੍ਹੀ ਹੁਸ਼ਿਆਰਪੁਰ-ਦਿੱਲੀ ਐਕਸਪ੍ਰੈਸ ਦੀ ਬੋਗੀ ਨੂੰ ਲੱਗੀ ਅੱਗ

PunjabKesari

ਉਨ੍ਹਾਂ ਦੱਸਿਆ ਕਿ ਪੁਲਸ ਮੁਲਾਜ਼ਮਾਂ ਦੀ ਡਿਊਟੀ ਨੂੰ 2 ਸ਼ਿਫਟਾਂ ਵਿਚ ਵੰਡਿਆ ਗਿਆ ਹੈ ਤਾਂ ਕਿ ਮੁਲਾਜ਼ਮ ਆਪਣੀ ਡਿਊਟੀ ਨੂੰ ਮੁਸਤੈਦੀ ਨਾਲ ਨਿਭਾਅ ਸਕਣ। ਇਸ ਤੋਂ ਇਲਾਵਾ ਮੇਲਾ ਮਾਰਗ ’ਤੇ ਕਈ ਥਾਵਾਂ ’ਤੇ ਪੁਲਸ ਨੇ ਦਰਜਨ ਤੋਂ ਵੱਧ ਖ਼ੁਫ਼ੀਆ ਕੈਮਰੇ ਲੁਆ ਦਿੱਤੇ ਹਨ, ਜਿਸ ਦਾ ਨੈੱਟਵਰਕ ਮੰਦਿਰ ਨੇੜੇ ਬਣੇ ਪੁਲਸ ਕੰਟਰੋਲ ਰੂਮ ਨਾਲ ਜੋੜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ਵਿਚ ਕਮਿਸ਼ਨਰੇਟ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੂੰ ਪੁਲਸ ਮੁਲਾਜ਼ਮਾਂ ਦੇ ਨਾਲ ਤਾਇਨਾਤ ਕੀਤਾ ਗਿਆ ਹੈ। ਕੰਟਰੋਲ ਰੂਮ ਵਿਚ ਡੀ. ਸੀ. ਪੀ., ਏ. ਡੀ. ਸੀ. ਪੀ. ਅਤੇ ਏ. ਸੀ. ਪੀ. ਰੈਂਕ ਦੇ ਅਧਿਕਾਰੀ ਪੁਲਸ ਮੁਲਾਜ਼ਮਾਂ ਨਾਲ ਸੀ. ਸੀ. ਟੀ. ਵੀ. ਕੈਮਰਿਆਂ ਜ਼ਰੀਏ ਸ਼ੱਕੀ ਲੋਕਾਂ ਅਤੇ ਜੇਬ ਕਤਰਿਆਂ ’ਤੇ ਨਜ਼ਰ ਰੱਖਣਗੇ। ਸ਼ੁਕਲਾ ਨੇ ਦੱਸਿਆ ਕਿ ਮੇਲਾ ਮਾਰਗ ’ਤੇ ਸਿਵਲ ਕੱਪੜਿਆਂ ’ਚ ਵੀ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਮੇਲਾ ਮਾਰਗ ’ਤੇ ਸੁਰੱਖਿਆ ਦੇ ਮੱਦੇਨਜ਼ਰ ਸਾਰੇ ਰਸਤਿਆਂ ’ਤੇ ਬੈਰੀਕੇਡਸ ਲਾ ਕੇ ਉਨ੍ਹਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਤੇ ਸਾਰੇ ਵਾਹਨਾਂ ਦੇ ਮੇਲਾ ਮਾਰਗ ’ਤੇ ਆਉਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ ਹੈ।

PunjabKesari

ਵਰਣਨਯੋਗ ਹੈ ਕਿ ਪਿਛਲੇ ਕੁਝ ਦਿਨਾਂ ਦੌਰਾਨ ਪੰਜਾਬ ਦੇ ਕਈ ਸ਼ਹਿਰਾਂ ਵਿਚ ਕੁਝ ਸ਼ਰਾਰਤੀ ਅਨਸਰਾਂ ਨੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਲੈ ਕੇ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਪੂਰੇ ਸੂਬੇ ਦੇ ਧਾਰਮਿਕ ਅਸਥਾਨਾਂ ਅਤੇ ਹੋਰ ਕੁਝ ਥਾਵਾਂ ’ਤੇ ਸੁਰੱਖਿਆ ਵਧਾਉਣ ਦੇ ਹੁਕਮ ਜਾਰੀ ਕੀਤੇ ਸਨ, ਜਿਸ ਨੂੰ ਲੈ ਕੇ ਸੂਬੇ ਭਰ ਵਿਚ ਬੀਤੇ ਦਿਨੀਂ ਏ. ਡੀ. ਜੀ. ਪੀ. ਰੈਂਕ ਦੇ ਅਧਿਕਾਰੀਆਂ ਨੇ ਪੁਲਸ ਕਮਿਸ਼ਨਰ ਅਤੇ ਐੱਸ. ਐੱਸ. ਪੀਜ਼ ਨਾਲ ਧਾਰਮਿਕ ਅਸਥਾਨਾਂ ਦਾ ਦੌਰਾ ਕਰ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਸੀ। ਏ. ਡੀ. ਜੀ. ਪੀ. ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੂਰੇ ਸੂਬੇ ਵਿਚ ਲਾਅ ਐਂਡ ਆਰਡਰ ਅਤੇ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਲਾਅ ਐਂਡ ਆਰਡਰ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:  ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਪ੍ਰਸ਼ਾਸਨ ਚੌਕਸ, ਟ੍ਰੈਫਿਕ ਜਾਮ ਤੋਂ ਬਚਣ ਲਈ ਕੀਤੇ ਖ਼ਾਸ ਪ੍ਰਬੰਧ


shivani attri

Content Editor

Related News