ਲੋਕਾਂ ਦੀ ਲਹਿਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ''ਚ ਚੱਲਣ ਕਾਰਨ ਅਗਲੀ ਸਰਕਾਰ ਦੀ ਬਣੇਗੀ : ਸੰਤ ਘੁੰਨਸ
Friday, Apr 03, 2026 - 10:25 PM (IST)
ਮਹਿਲ ਕਲਾਂ, (ਹਮੀਦੀ)- ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ (ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਲਕਾ ਚੰਨਣਵਾਲ) ਨੇ ਪਿੰਡ ਮੂੰਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਵੱਲੋਂ ਮਜ਼ਬੂਤ ਯੋਜਨਾਬੰਦੀ ਅਤੇ ਤਿਆਰੀਆਂ ਜੋਰਾਂ ‘ਤੇ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਪਾਰਟੀਆਂ ਨੂੰ ਪਿੱਛੇ ਛੱਡ ਕੇ ਸਾਨਦਾਰ ਜਿੱਤ ਹਾਸਲ ਕਰੇਗਾ ਅਤੇ ਪੰਜਾਬ ਵਿੱਚ ਆਪਣੀ ਸਰਕਾਰ ਬਣਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸੀਨੀਅਰ ਆਗੂ ਵੱਖ-ਵੱਖ ਹਲਕਿਆਂ ਵਿੱਚ ਸਰਗਰਮ ਹੋ ਕੇ ਲੋਕਾਂ ਨਾਲ ਸੰਪਰਕ ਮਜ਼ਬੂਤ ਕਰ ਰਹੇ ਹਨ। ਪਾਰਟੀ ਦੇ ਵਰਕਰ ਘਰ-ਘਰ ਜਾ ਕੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਅਤੇ ਯੋਜਨਾਵਾਂ ਬਾਰੇ ਜਾਣੂ ਕਰਵਾ ਰਹੇ ਹਨ, ਜਿਸ ਨਾਲ ਚੋਣਾਂ ਵਿੱਚ ਜਿੱਤ ਦਾ ਮਜ਼ਬੂਤ ਮਾਹੌਲ ਬਣ ਰਿਹਾ ਹੈ।
ਸੰਤ ਬਲਵੀਰ ਸਿੰਘ ਘੁੰਨਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਨਹੀਂ ਉਤਰੀ ਅਤੇ ਕਈ ਵਾਅਦੇ ਅਧੂਰੇ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਕਾਰਨ ਲੋਕਾਂ ਵਿੱਚ ਨਿਰਾਸ਼ਾ ਪੈਦਾ ਹੋਈ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਸਮਰਥਨ ਦੇਣਗੇ। ਉਨ੍ਹਾਂ ਕਿਹਾ ਕਿ ਪਾਰਟੀ ਦੀ ਸਾਫ਼ ਨੀਤੀ, ਲੋਕਾਂ ਨਾਲ ਨਿਰੰਤਰ ਸੰਪਰਕ ਅਤੇ ਮਜ਼ਬੂਤ ਪ੍ਰਚਾਰ-ਪ੍ਰਸਾਰ ਦੇ ਬਲ ‘ਤੇ ਚੋਣਾਂ ਵਿੱਚ ਜਿੱਤ ਯਕੀਨੀ ਬਣੇਗੀ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਅਗਲੇ ਮੁੱਖ ਮੰਤਰੀ ਬਣਨਗੇ।
ਇਸ ਮੌਕੇ ਐਸਜੀਪੀਸੀ ਮੈਂਬਰ ਭਾਈ ਪਰਮਜੀਤ ਸਿੰਘ ਖਾਲਸਾ, ਡਾ. ਸੁਖਵਿੰਦਰ ਸਿੰਘ ਨਿਹਾਲੂਵਾਲ, ਬਲਦੇਵ ਸਿੰਘ ਗਾਗੇਵਾਲ, ਕੁਲਵੰਤ ਸਿੰਘ ਟਿੱਬਾ ਸੋਕਾ, ਡਿਪਟੀ ਚੇਅਰਮੈਨ ਲਛਮਣ ਸਿੰਘ ਮੂੰਮ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ, ਸਰਕਲ ਗਹਿਲ ਦੇ ਪ੍ਰਧਾਨ ਤੇ ਸਰਪੰਚ ਜਥੇਦਾਰ ਬਚਿੱਤਰ ਸਿੰਘ ਧਾਲੀਵਾਲ, ਸੁਖਬੀਰ ਸਿੰਘ ਸੋਖੀ ਟੱਲੇਵਾਲ ਸਮੇਤ ਹੋਰ ਵਰਕਰ ਹਾਜ਼ਰ ਸਨ।
