ਮੈਡੀਕਲ ਕਾਲਜ ਤੇ ਕੈਂਸਰ ਹਸਪਤਾਲ ਦਾ ਨਿਰਮਾਣ ਕਾਰਜ ਇਸੇ ਸਾਲ ਹੋ ਜਾਵੇਗਾ ਸ਼ੁਰੂ : ਕੈਬਨਿਟ ਮੰਤਰੀ ਅਰੋੜਾ

02/28/2020 6:36:02 PM

ਹੁਸ਼ਿਆਰਪੁਰ (ਘੁੰਮਣ)— ਉਦਯੋਗ ਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ 2020-21 ਦਾ ਬਜਟ ਹਰ ਵਰਗ ਲਈ ਖਾਸ ਹੈ, ਜਿਸ ਵਿੱਚ ਸਰਕਾਰ ਨੇ ਸਾਰੇ ਵਰਗਾਂ ਤੇ ਖੇਤਰਾਂ ਦੇ ਹਿੱਤਾਂ ਦਾ ਧਿਆਨ ਰੱਖਿਆ ਹੈ, ਇਸ ਬਜਟ 'ਚ ਜਿਥੇ ਸੂਬੇ ਦੇ ਵਿਕਾਸ ਲਈ ਨਵੇਂ ਪ੍ਰਾਜੈਕਟ ਦਿੱਤੇ ਹਨ, ਉਥੇ ਹੁਸ਼ਿਆਰਪੁਰ ਨੂੰ ਵੀ ਕਾਫੀ ਤੋਹਫੇ ਮਿਲੇ ਹਨ। ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਮੇਰੇ ਛੋਟੇ ਵੀਰ ਸੁੰਦਰ ਸ਼ਾਮ ਅਰੋੜਾ ਵੱਲੋਂ ਮੈਡੀਕਲ ਕਾਲਜ ਤੇ ਕੈਂਸਰ ਹਸਪਤਾਲ ਲਈ ਕੀਤੇ ਗਏ ਯਤਨਾਂ ਨੂੰ ਇਸ ਬਜਟ 'ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਧਾਨ ਸਭਾ 'ਚ ਬਜਟ ਸੈਸ਼ਨ ਦੌਰਾਨ ਦੱਸਿਆ ਕਿ ਹੁਸ਼ਿਆਰਪੁਰ 'ਚ ਬਣਨ ਵਾਲੇ ਸਰਕਾਰੀ ਮੈਡੀਕਲ ਕਾਲਜ ਅਤੇ ਕੈਂਸਰ ਹਸਪਤਾਲ ਦਾ ਕੰਮ ਇਸੇ ਸਾਲ ਸ਼ੁਰੂ ਹੋ ਜਾਵੇਗਾ ਅਤੇ ਸਾਲ 2022 ਤੱਕ ਮੈਡੀਕਲ ਕਾਲਜ ਦੀਆਂ ਕਲਾਸਾਂ ਵੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ।

ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦੇ ਕਿਹਾ ਕਿ ਉਨ੍ਹਾਂ ਹੁਸ਼ਿਆਰਪੁਰ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ ਜ਼ਿਲੇ ਦੇ ਲੋਕਾਂ ਨੂੰ ਜੋ ਤੋਹਫੇ ਦਿੱਤੇ ਹਨ, ਉਹ ਯਕੀਨੀ ਹੀ ਇਸ ਕੰਢੀ ਖੇਤਰ ਦੇ ਵਿਕਾਸ 'ਚ ਸਹਾਇਕ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਇਸ ਕਾਲਜ ਦੇ ਖੁੱਲ੍ਹਣ ਨਾਲ ਹੁਸ਼ਿਆਰਪੁਰ ਤੇ ਆਸ-ਪਾਸ ਦੇ ਹੋਣਹਾਰ ਬੱਚਿਆਂ ਨੂੰ ਐੱਮ. ਬੀ. ਬੀ. ਐੱਸ. ਅਤੇ ਐੱਮ. ਡੀ. ਦੀ ਪੜ੍ਹਾਈ ਲਈ ਦੂਜੇ ਰਾਜਾਂ ਅਤੇ ਵਿਦੇਸ਼ਾਂ 'ਚ ਜਾਣ ਦੀ ਜਰੂਰਤ ਨਹੀਂ ਪਵੇਗੀ ਅਤੇ ਉਹ ਘੱਟ ਪੈਸਿਆਂ 'ਚ ਹੀ ਹੁਸ਼ਿਆਰਪੁਰ 'ਚ ਆਪਣੀ ਪੜ੍ਹਾਈ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਹੀ ਜ਼ਿਲੇ ਦੇ ਲੋਕਾਂ ਨੂੰ ਹੋਰ ਬੇਹਤਰ ਸਿਹਤ ਸਹੂਲਤਾਂ ਵੀ ਉਪਲੱਬਧ ਹੋ ਸਕਣਗੀਆਂ ਜੋ ਕਿ ਹੁਸ਼ਿਆਰਪੁਰ ਦੇ ਲੋਕਾਂ ਦੀ ਬਹੁਤ ਲੰਬੇ ਸਮੇਂ ਤੋਂ ਮੰਗ ਸੀ।

ਕੈਬਨਿਟ ਮੰਤਰੀ ਸ੍ਰੀ ਅਰੋੜਾ ਨੇ ਕਿਹਾ ਕਿ ਵਿੱਤ ਮੰਤਰੀ ਨੇ ਬਜਟ ਸੈਸ਼ਨ ਦੌਰਾਨ ਦੱਸਿਆ ਕਿ ਸਰਕਾਰ ਵੱਲੋਂ ਨੌਜਵਾਨਾਂ ਨੂੰ ਫੌਜ 'ਚ ਭਰਤੀ ਦੀ ਸਹਾਇਤਾ ਲਈ ਹੁਸ਼ਿਆਰਪੁਰ 'ਚ ਆਰਮਡ ਫੋਰਸ ਪ੍ਰੈਪਰੇਟਰੀ ਇੰਸਟੀਚਿਊਟ ਨੂੰ ਸਥਾਪਤ ਕੀਤਾ ਜਾ ਰਿਹਾ ਹੈ, ਜਿੱਥੇ ਗ੍ਰੈਜੂਏਟ ਪੱਧਰ 'ਤੇ ਸੀ. ਡੀ. ਐੱਸ., ਏ. ਐੱਫ. ਸੀ. ਏ. ਟੀ., ਟੀ. ਜੀ. ਸੀ., ਜੇ. ਏ. ਜੀ., ਐੱਨ. ਸੀ. ਸੀ. ਸਪੈਸ਼ਲ ਐਂਟਰੀ ਸਕੀਮ, ਸ਼ਾਰਟ ਸਰਵਿਸ ਕਮਿਸ਼ਨਰ ਨਾਨ ਟੈਕਨੀਕਲ ਲਈ ਆਰਮਡ ਫੋਰਸਿਜ਼ ਭਰਤੀ ਅਤੇ ਭਾਰਤੀ ਮਿਲਟਰੀ ਅਕਾਦਮੀ, ਓ. ਟੀ. ਏ. ਏਅਰ ਫੋਰਸ ਪ੍ਰੀਖਿਆ ਤੇ ਨੇਵਲ ਅਕਾਦਮੀ 'ਚ ਨੌਜਵਾਨਾਂ ਦੀ ਭਰਤੀ ਕਰਵਾਉਣ ਦਾ ਯਤਨ ਕੀਤਾ ਜਾਵੇਗਾ। ਇਸ ਉਦੇਸ਼ ਲਈ ਸਾਲ 2020-21 ਦੌਰਾਨ 11 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ।

ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸਰਕਾਰ ਕੰਢੀ ਖੇਤਰ 'ਚ 175 ਕਰੋੜ ਰੁਪਏ ਦੀ ਲਾਗਤ ਨਾਲ ਡੂੰਘੇ ਟਿਊਬਵੈੱਲ ਲਾਉਣ ਦੇ ਪ੍ਰਾਜੈਕਟ ਦੇ ਵਿਸਥਾਰ ਨੂੰ ਆਪਣੇ ਹੱਥਾਂ 'ਚ ਲਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਜ਼ਿਲੇ ਦੇ ਹੁਸ਼ਿਆਰਪੁਰ, ਦਸੂਹਾ, ਗੜ੍ਹਸ਼ੰਕਰ ਬਲਾਕ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਉਦਯੋਗਿਕ ਫੋਕਲ ਪੁਆਇੰਟ ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ, ਸਰਕਾਰੀ ਕਾਲਜ ਹੁਸ਼ਿਆਰਪੁਰ ਅਤੇ ਪਾਲੀਟੈਕਨਿਕ ਕਾਲਜ ਹੁਸ਼ਿਆਰਪੁਰ ਦੇ ਬੁਨਿਆਦੀ ਢਾਂਚੇ ਨੂੰ ਵੀ ਮਜ਼ਬੂਤ ਕਰਨ ਲਈ ਸਰਕਾਰ ਵੱਲੋਂ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਸ੍ਰੀ ਅਰੋੜਾ ਦੱਸਿਆ ਕਿ ਇਸ ਤੋਂ ਇਲਾਵਾ ਸਰਕਾਰ ਵੱਲੋਂ ਕੇਂਦਰੀ ਜੇਲ੍ਹ ਹੁਸ਼ਿਆਰਪੁਰ 'ਚ ਇਕ ਨਵਾਂ ਹਸਪਤਾਲ ਬਣਾਉਣ ਦੀ ਤਜਵੀਜ਼ ਵੀ ਸ਼ਾਮਲ ਹੈ, ਜੋ ਕਿ ਸਰਕਾਰ ਦਾ ਇਕ ਸ਼ਲਾਘਾਯੋਗ ਉਪਰਾਲਾ ਹੈ।


shivani attri

Content Editor

Related News