ਜਲੰਧਰ ''ਚ ਬਣਨਗੇ ਡੈੱਡ ਐਨੀਮਲ ਡਿਸਪੋਜ਼ਲ ਸੈਂਟਰ

01/14/2020 4:56:18 PM

ਜਲੰਧਰ (ਧਵਨ)— ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਬੀਤੇ ਦਿਨ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਪ੍ਰਸਤਾਵਿਤ ਅਤੇ ਚੱਲ ਰਹੇ ਵਿਕਾਸ ਕੰਮਾਂ ਦੀ ਸਮੀਖਿਆ ਕਰਨ ਲਈ ਨਗਰ ਨਿਗਮ ਦੇ ਕਮਿਸ਼ਨਰ ਦੀਪਰਵ ਲਾਕੜਾ ਅਤੇ ਹੋਰ ਅਧਿਕਾਰੀਆਂ ਨਾਲ ਸਰਕਟ ਹਾਊਸ 'ਚ ਮੀਟਿੰਗ ਕੀਤੀ, ਜਿਸ ਵਿਚ ਉਨ੍ਹਾਂ ਕਮਿਸ਼ਨਰ ਦੇ ਨਾਲ ਕਈ ਨਵੇਂ ਕੰਮਾਂ ਨੂੰ ਲੈ ਕੇ ਵਿਚਾਰ ਕੀਤਾ। ਨਵੇਂ ਪ੍ਰਸਤਾਵਿਤ ਪ੍ਰਾਜੈਕਟਾਂ 'ਚ ਕਾਲਾ ਸੰਘਿਆਂ ਡਰੇਨ ਨੂੰ ਸਾਫ ਕਰਨ, ਮਰੇ ਹੋਏ ਪਸ਼ੂਆਂ ਲਈ ਡਿਸਪੋਜ਼ਲ ਵਿਵਸਥਾ ਉਪਲੱਬਧ ਕਰਵਾਉਣ ਅਤੇ ਟਰਾਂਸਪੋਰਟ ਨਗਰ 'ਚ ਮੁੱਢਲਾ ਢਾਂਚਾ ਵਿਕਸਿਤ ਅਤੇ ਮੁਰੰਮਤ ਕਰਨ ਦੇ ਵਿਸ਼ੇ 'ਤੇ ਵਿਸਥਾਰ ਨਾਲ ਚਰਚਾ ਹੋਈ। ਹੋਰ ਪ੍ਰਾਜੈਕਟਾਂ ਵਿਚ ਪਾਰਕ ਬਣਾਉਣ, ਬਰਲਟਨ ਪਾਰਕ ਮਲਟੀ ਸਪੋਰਟਸ ਹੱਬ, ਸਕੂਲਾਂ 'ਚ ਸਮਾਰਟ ਕਲਾਸਾਂ ਬਣਾਉਣ ਅਤੇ ਪੂਰੇ ਸ਼ਹਿਰ 'ਚ ਵਾਟਰ ਸਪਲਾਈ ਸੁਚਾਰੂ ਕਰਨ 'ਤੇ ਵਿਚਾਰ ਕੀਤਾ ਗਿਆ।

ਕਾਂਗਰਸੀ ਸੰਸਦ ਮੈਂਬਰ ਸੰਤੋਖ ਚੌਧਰੀ ਨੇ ਕਿਹਾ ਕਿ ਜਲੰਧਰ ਨੂੰ ਸਾਫ-ਸੁਥਰਾ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਸ਼ਹਿਰ 'ਚ ਪੈਂਦੇ ਕਾਲਾ ਸੰਘਿਆਂ ਡਰੇਨ ਦੇ 15 ਕਿਲੋਮੀਟਰ ਇਲਾਕੇ ਨੂੰ ਲਗਭਗ 40 ਕਰੋੜ ਦੀ ਲਾਗਤ ਨੂੰ ਖੂਬਸੂਰਤ ਬਣਾਉਣ ਅਤੇ ਵਿਕਸਿਤ ਕਰਨ ਦਾ ਫੈਸਲਾ ਲਿਆ ਗਿਆ ਹੈ। ਜਮਸ਼ੇਰ 'ਚ ਮਰੇ ਹੋਏ ਪਸ਼ੂਆਂ ਦੇ ਡਿਸਪੋਜ਼ਲ ਦੀ ਵਿਵਸਥਾ ਲਈ ਅੰਦਾਜ਼ਨ ਖਰਚਾ 8 ਕਰੋੜ ਰੁਪਏ ਆਉਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਨਗਰ 'ਚ ਸੜਕਾਂ ਨੂੰ ਅਪਗ੍ਰੇਡ ਕਰਨ ਅਤੇ ਸਟਾਰਮ ਵਾਟਰ ਡ੍ਰੇਨੇਜ ਪ੍ਰਣਾਲੀ ਉਪਲਬਧ ਕਰਵਾਉਣ, ਬਿਜਲੀ ਅਤੇ ਦੂਰਸੰਚਾਰ ਦੀਆਂ ਤਾਰਾਂ ਨੂੰ ਸ਼ਿਫਟ ਕਰਨ, ਸੀਵਰੇਜ ਨੈੱਟਵਰਕ ਨੂੰ ਅਪਗ੍ਰੇਡ ਕਰਨ ਅਤੇ ਲੈਂਡ ਸਕੇਪਿੰਗ ਦਾ ਕੰਮ ਕੀਤਾ ਜਾਵੇਗਾ, ਜਿਸ 'ਤੇ ਲਗਭਗ 60 ਕਰੋੜ ਰੁਪਏ ਖਰਚ ਹੋਵੇਗਾ।

ਬਰਲਟਨ ਪਾਰਕ 'ਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਆਧਾਰ 'ਤੇ ਮਲਟੀ ਸਪੋਰਟਸ ਹੱਬ ਬਣੇਗਾ
ਸੰਸਦ ਮੈਂਬਰ ਸੰਤੋਖ ਚੌਧਰੀ ਨੇ ਕਿਹਾ ਕਿ ਬਰਲਟਨ ਪਾਰਕ 'ਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਆਧਾਰ 'ਤੇ ਮਲਟੀ ਸਪੋਰਟਸ ਹੱਬ ਨੂੰ ਵਿਕਸਿਤ ਕੀਤਾ ਜਾਵੇਗਾ, ਜਿਸ 'ਤੇ ਲਗਭਗ 250 ਕਰੋੜ ਰੁਪਏ ਖਰਚ ਹੋਣਗੇ। ਇਸ ਦੇ ਤਹਿਤ ਫੀਫਾ ਪੱਧਰੀ ਫੁੱਟਬਾਲ ਸਟੇਡੀਅਮ ਦੀ ਸੁਵਿਧਾ ਉਪਲਬਧ ਕਰਵਾਈ ਜਾਵੇਗੀ ਅਤੇ ਨਾਲ ਹੀ ਵਿਸ਼ਵ ਪੱਧਰੀ ਸਿਟਿੰਗ ਅਰੇਂਜਮੈਂਟ ਵੀ ਹੋਵੇਗਾ। ਇਸੇ ਤਰ੍ਹਾਂ ਬਾਸਕਟਬਾਲ, ਵਾਲੀਬਾਲ ਸਟੇਡੀਅਮ ਬਣਾਉਣ, ਜੌਗਿੰਗ ਟ੍ਰੈਕ ਅਤੇ ਓਪਨ ਜਿਮ ਅਤੇ ਸਕੇਟਿੰਗ ਰਿੰਗ ਬਣਾਉਣ ਦਾ ਵੀ ਪ੍ਰਸਤਾਵ ਹੈ। ਸੁਰਜੀਤ ਹਾਕੀ ਸਟੇਡੀਅਮ ਨੂੰ ਵੀ ਵਿਕਸਿਤ ਕੀਤਾ ਜਾਵੇਗਾ। ਸਪੋਰਟਸ ਹੱਬ ਦੇ ਤਹਿਤ ਹੋਟਲ, ਕਲੱਬ ਹਾਊਸ, ਮਾਲਜ਼ ਅਤੇ ਹੋਰ ਵਪਾਰਕ ਸੰਸਥਾਵਾਂ ਉਪਲਬਧ ਕਰਵਾਈਆਂ ਜਾਣਗੀਆਂ। ਆਉਣ ਵਾਲੇ ਸਾਲਾਂ 'ਚ ਪੂਰੇ ਸ਼ਹਿਰ ਵਿਚ ਪਾਣੀ ਦੀ ਸਪਲਾਈ ਨੂੰ ਹੋਰ ਬਿਹਤਰ ਢੰਗ ਨਾਲ ਮੁਹੱਈਆ ਕਰਵਾਉਣ ਲਈ 808 ਕਰੋੜ ਰੁਪਏ ਦਾ ਇਕ ਪ੍ਰਾਜੈਕਟ ਵੀ ਬਣਾਇਆ ਜਾ ਰਿਹਾ ਹੈ। ਪਹਿਲੇ ਪੜਾਅ 'ਚ 2036 ਤੱਕ ਪਾਣੀ ਦੀ ਮੰਗ ਨੂੰ ਧਿਆਨ 'ਚ ਰੱਖ ਕੇ ਕੰਮ ਸ਼ੁਰੂ ਹੋਵੇਗਾ।

ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ 31 ਪਾਰਕ ਤਿਆਰ ਹੋਣਗੇ
ਸੰਸਦ ਮੈਂਬਰ ਸੰਤੋਖ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਦਾ ਉਦੇਸ਼ ਸ਼ਹਿਰ ਨੂੰ ਸਾਫ-ਸੁਥਰਾ ਅਤੇ ਹਰਿਆਵਲਾ ਬਣਾਉਣਾ ਹੈ। ਜਲੰਧਰ ਦੇ ਨਾਗਰਿਕਾਂ ਨੂੰ ਖੁੱਲ੍ਹੀ ਅਤੇ ਹਰਿਆਵਲੀ ਥਾਂ ਮੁਹੱਈਆ ਕਰਵਾਉਣ ਲਈ ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ 31 ਪਾਰਕ ਤਿਆਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 131 ਸਕੂਲਾਂ 'ਚ ਸਮਾਰਟ ਕਲਾਸਾਂ ਉਪਲਬਧ ਕਰਵਾਈਆਂ ਜਾਣਗੀਆਂ। ਅਸੀਂ ਜਲੰਧਰ ਦੇ ਸਰਵਪੱਖੀ ਵਿਕਾਸ ਲਈ ਕੰਮ ਕਰ ਰਹੇ ਹਾਂ। ਇਸ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ।


shivani attri

Content Editor

Related News