ਯੂਥ ਕਾਂਗਰਸ ਚੋਣਾਂ ''ਚ ਸੰਤੋਖ ਚੌਧਰੀ ਤੇ ਵਿਕਰਮਜੀਤ ਚੌਧਰੀ ਵੀ ਬਚਾ ਨਹੀਂ ਸਕੇ ਆਪਣੀ ਸਾਖ

12/08/2019 11:03:14 AM

ਜਲੰਧਰ (ਚੋਪੜਾ)— ਯੂਥ ਕਾਂਗਰਸ ਦੀਆਂ ਸੰਗਠਨਾਤਮਕ ਚੋਣਾਂ 'ਚ ਜਲੰਧਰ ਲੋਕ ਸਭਾ ਹਲਕੇ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਅਤੇ ਉਨ੍ਹਾਂ ਦੇ ਪੁੱਤਰ ਅਤੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਚੌਧਰੀ ਵੀ ਆਪਣੀ ਸਾਖ ਨੂੰ ਬਚਾ ਨਹੀਂ ਸਕੇ। ਇਨ੍ਹਾਂ ਚੋਣਾਂ 'ਚ ਚੌਧਰੀ ਪਰਿਵਾਰ ਦਾ ਖਾਸਮਖਾਸ ਯੂਥ ਨੇਤਾ ਮਨਵੀਰ ਸਿੰਘ ਚੀਮਾ ਯੂਥ ਕਾਂਗਰਸ ਦਿਹਾਤੀ ਦੇ ਪ੍ਰਧਾਨ ਅਹੁਦੇ 'ਤੇ ਚੋਣ ਹਾਰ ਗਏ ਹਨ। ਸੰਸਦ ਮੈਂਬਰ ਚੌਧਰੀ ਅਤੇ ਵਿਕਰਮ ਪਿਛਲੇ ਇਕ ਸਾਲ ਤੋਂ ਮਨਵੀਰ ਚੀਮਾ ਦੇ ਹੱਥ ਯੂਥ ਕਾਂਗਰਸ ਦਿਹਾਤੀ ਦੀ ਕਮਾਨ ਸੌਂਪਣਾ ਚਾਹੁੰਦੇ ਸਨ। ਸੰਸਦ ਮੈਂਬਰ ਚੌਧਰੀ ਅਤੇ ਵਿਕਰਮਜੀਤ ਨੇ ਚੀਮਾ ਨੂੰ ਦਿਹਾਤੀ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ ਕਰਤਾਰਪੁਰ, ਆਦਮਪੁਰ, ਫਿਲੌਰ, ਨਕੋਦਰ ਅਤੇ ਸ਼ਾਹਕੋਟ ਤੋਂ ਸਮਰਥਨ ਦਿਵਾਉਣ ਨੂੰ ਕੋਈ ਕਸਰ ਬਾਕੀ ਨਹੀਂ ਛੱਡੀ ਸੀ। ਵਿਕਰਮਜੀਤ ਤਾਂ ਖੁਦ ਚੀਮਾ ਦੇ ਸਮਰਥਨ 'ਚ ਪੋਲਿੰਗ ਬੂਥਾਂ 'ਤੇ ਡਟੇ ਰਹੇ ਪਰ ਚੌਧਰੀ ਪਰਿਵਾਰ ਦੀ ਕਾਂਗਰਸ 'ਚ ਵਧਦੀ ਵਿਰੋਧਤਾ ਦਾ ਹੀ ਨਤੀਜਾ ਹੈ ਕਿ ਚੀਮਾ ਚੌਧਰੀ ਪਰਿਵਾਰ ਦੇ ਬਲਬੂਤੇ 'ਤੇ ਆਪਣੇ ਸੁਪਨੇ ਪੂਰੇ ਨਹੀਂ ਕਰ ਪਾਏ।
ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ਵਨ ਭੱਲਾ ਦੀ ਸਿਆਸੀ ਕੂਟਨੀਤੀ ਦੇ ਸਾਹਮਣੇ ਚੌਧਰੀ ਪਰਿਵਾਰ ਪੂਰੀ ਤਰ੍ਹਾਂ ਨਾਲ ਚਾਰੇ ਖਾਨੇ ਚਿੱਤ ਹੋ ਗਿਆ। ਭੱਲਾ ਨੇ ਆਪਣੇ ਸਮਰਥਕ ਹਨੀ ਜੋਸ਼ੀ ਨੂੰ ਜਿੱਤ ਦਿਵਾ ਕੇ ਸਾਬਤ ਕਰ ਦਿੱਤਾ ਕਿ ਵਿਕਰਮਜੀਤ ਤੋਂ ਜ਼ਿਆਦਾ ਉਹ ਨੌਜਵਾਨਾਂ ਦੇ ਚਹੇਤੇ ਨੇਤਾ ਹਨ।

ਜ਼ਿਕਰਯੋਗ ਹੈ ਕਿ ਵਿਕਰਮਜੀਤ ਖੁਦ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਰਹਿ ਚੁੱਕਾ ਹੈ ਪਰ ਉਹ ਸੂਬੇ ਦੇ ਯੂਥ 'ਚ ਨਾ ਤਾਂ ਲੋਕਪ੍ਰਿਯ ਹੋ ਸਕੇ ਸਨ ਅਤੇ ਨਾ ਹੀ ਉਹ ਯੂਥ ਕਾਂਗਰਸ ਨੂੰ ਇਕਜੁੱਟ ਰੱਖ ਸਕੇ। ਇਥੋਂ ਤਕ ਕਿ ਵਿਕਰਮਜੀਤ ਦੇ ਅੜੀਅਲ ਤੇ ਹੰਕਾਰੀ ਰਵੱਈਏ ਕਾਰਨ ਉਨ੍ਹਾਂ ਦੇ ਆਪਣੇ ਜ਼ਿਲੇ ਨਾਲ ਸਬੰਧਤ ਯੂਥ ਕਾਂਗਰਸ ਦੇ ਅਹੁਦੇਦਾਰ ਵੀ ਉਨ੍ਹਾਂ ਤੋਂ ਕੰਨੀ ਕੱਟਦੇ ਰਹੇ। ਬੀਤੇ ਦਿਨ ਆਏ ਚੋਣ ਨਤੀਜਿਆਂ ਨਾਲ ਵਿਕਰਮਜੀਤ ਦੀ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਰਾਹ ਵੀ ਕਾਫੀ ਮੁਸ਼ਕਲਾਂ ਨਾਲ ਭਰੀ ਹੋ ਗਈ ਹੈ, ਕਿਉਂਕਿ ਪਿਤਾ ਸੰਸਦ ਮੈਂਬਰ ਅਤੇ ਬੇਟੇ ਦੇ ਹਲਕਾ ਇੰਚਾਰਜ ਹੋਣ ਦੇ ਬਾਵਜੂਦ ਉਨ੍ਹਾਂ ਦੇ ਹੱਥਾਂ ਤੋਂ ਜਿੱਤ ਰੇਤ ਦੀ ਤਰ੍ਹਾਂ ਖਿਸਕ ਜਾਣ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਵੀ ਪਵੇਗਾ। ਚੌਧਰੀ ਪਰਿਵਾਰ ਫਿਲੌਰ ਵਿਧਾਨ ਸਭਾ ਹਲਕੇ ਤੋਂ ਲਗਾਤਾਰ ਹਾਰਦਾ ਹੀ ਆ ਰਿਹਾ ਹੈ। ਲੋਕ ਸਭਾ ਚੋਣਾਂ 'ਚ ਸੰਸਦ ਮੈਂਬਰ ਚੌਧਰੀ ਦਾ ਹਰੇਕ ਹਲਕੇ 'ਚ ਵਿਰੋਧ ਹੁੰਦਾ ਰਿਹਾ ਹੈ, ਜਿਸ ਕਾਰਨ ਉਹ ਹਾਰਦੇ-ਹਾਰਦੇ ਬਚ ਗਏ ਸੀ। ਇਥੋਂ ਤੱਕ ਕਿ ਚੌਧਰੀ ਨੂੰ 2014 ਦੀਆਂ ਚੋਣਾਂ ਦੇ ਮੁਕਾਬਲੇ ਕਰੀਬ 50,000 ਵੋਟਾਂ ਵੀ ਘੱਟ ਪਈਆਂ ਸੀ ਪਰ ਦਿਹਾਤੀ ਹਲਕਿਆਂ ਵਿਚ ਚੌਧਰੀ ਸਮਰਥਕ ਚੀਮਾ ਦੀ ਹਾਰ ਨੇ ਸਾਬਤ ਕਰ ਦਿੱਤਾ ਹੈ ਕਿ ਚੌਧਰੀ ਪਰਿਵਾਰ ਦੀ ਸਿਆਸੀ ਪਕੜ ਹੁਣ ਲਗਾਤਾਰ ਉਨ੍ਹਾਂ ਦੇ ਹੱਥਾਂ 'ਚੋਂ ਖਿਸਕ ਰਹੀ ਹੈ।

PunjabKesari

'ਹੂ ਇਜ਼ ਜਗਬੀਰ ਬਰਾੜ' ਸ਼ਬਦ ਪਏ ਮਨਵੀਰ ਚੀਮਾ 'ਤੇ ਭਾਰੀ
ਹਾਰ ਤੋਂ ਬਾਅਦ ਚੀਮਾ ਬੋਲੇ-ਨਕੋਦਰ ਵਾਲਿਆਂ ਨੇ ਹਰਾਇਆ

ਪਿਛਲੇ ਮਹੀਨੇ ਜ਼ਿਲਾ ਕਾਂਗਰਸ ਦਿਹਾਤੀ ਅਤੇ ਸ਼ਹਿਰੀ ਦੇ ਕੇਂਦਰ ਸਰਕਾਰ ਦੇ ਖਿਲਾਫ ਕੀਤੇ ਪ੍ਰਦਰਸ਼ਨ 'ਚ ਸੰਤੋਖ ਚੌਧਰੀ ਦੇ ਪਹੁੰਚਣ ਤੋਂ ਪਹਿਲਾਂ ਹੀ ਕਾਂਗਰਸ ਨੇਤਾਵਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਸਾੜਿਆ ਸੀ ਜਿਸ 'ਤੇ ਚੌਧਰੀ ਜ਼ਿਲਾ ਪ੍ਰਧਾਨਾਂ ਬਲਦੇਵ ਸਿੰਘ ਦੇਵ ਅਤੇ ਸੁਖਵਿੰਦਰ ਸਿੰਘ ਲਾਲੀ ਨਾਲ ਕਾਫੀ ਨਾਰਾਜ਼ ਹੋਏ ਸੀ। ਜ਼ਿਲਾ ਪ੍ਰਧਾਨਾਂ ਨੇ ਸੰਸਦ ਮੈਂਬਰ ਨੂੰ ਦੱਸਿਆ ਕਿ ਪ੍ਰੋਗਰਾਮ ਦੌਰਾਨ ਸਾਬਕਾ ਵਿਧਾਇਕ ਤੇ ਨਕੋਦਰ ਹਲਕੇ ਦੇ ਇੰਚਾਰਜ ਜਗਬੀਰ ਬਰਾੜ ਨੇ ਜਲਦਬਾਜ਼ੀ ਕਰਵਾ ਕੇ ਪੁਤਲੇ ਨੂੰ ਅੱਗ ਦੇ ਹਵਾਲੇ ਕਰਵਾ ਦਿੱਤਾ ਜਿਸ 'ਤੇ ਗੁੱਸੇ ਵਿਚ ਆਉਂਦੇ ਹੋਏ ਸੰਤੋਖ ਚੌਧਰੀ ਨੇ ਕਿਹਾ ਸੀ ਕਿ 'ਹੂ ਇਜ਼ ਜਗਬੀਰ ਬਰਾੜ', ਮੈਂ ਸੰਸਦ ਮੈਂਬਰ ਹਾਂ ਉਹ ਕੌਣ ਹੁੰਦਾ ਹੈ ਆਪਣੀ ਮਰਜ਼ੀ ਚਲਾਏ। ਇਹ ਗੱਲਾਂ ਸਮਾਚਾਰ ਪੱਤਰਾਂ ਦੀਆਂ ਸੁਰਖੀਆਂ ਵੀ ਬਣੀਆਂ ਸਨ।
ਸੂਤਰਾਂ ਦੀ ਮੰਨੀਏ ਤਾਂ ਜਗਬੀਰ ਬਰਾੜ ਅਤੇ ਚੌਧਰੀ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਹੀ 36 ਦਾ ਅੰਕੜਾ ਬਣਾ ਹੋਇਆ ਸੀ ਪਰ ਹੁਣ ਬਰਾੜ ਨੇ ਨਕੋਦਰ ਹੀ ਨਹੀਂ ਆਪਣੇ ਪੁਰਾਣੇ ਗੜ੍ਹ ਕੈਂਟ ਵਿਧਾਨ ਸਭਾ ਹਲਕੇ ਵਿਚ ਵੀ ਸੰਨ੍ਹ ਲਗਾਉਂਦੇ ਹੋਏ ਹਨੀ ਜੋਸ਼ੀ ਦੇ ਪੱਖ ਵਿਚ ਯੂਥ ਨੂੰ ਖੜ੍ਹਾ ਕਰ ਕੇ ਚੌਧਰੀ ਨੂੰ ਜਵਾਬ ਦੇ ਦਿੱਤਾ ਹੈ ਕਿ 'ਦਿਸ ਇਜ਼ ਜਗਬੀਰ ਬਰਾੜ'। ਜੋਸ਼ੀ ਜਿੱਤਣ ਤੋਂ ਬਾਅਦ ਬਰਾੜ ਤੋਂ ਵਿਸ਼ੇਸ਼ ਤੌਰ 'ਤੇ ਆਸ਼ੀਰਵਾਦ ਲੈਣ ਵੀ ਪਹੁੰਚੇ। ਮਨਵੀਰ ਚੀਮਾ ਜਦ ਆਪਣੀ ਹਾਰ ਤੋਂ ਤਿਲਮਿਲਾਉਂਦੇ ਹੋਏ ਕਾਂਗਰਸ ਭਵਨ ਤੋਂ ਬਾਹਰ ਨਿਕਲੇ ਤਦ ਉਨ੍ਹਾਂ ਨੇ ਉਥੇ ਨਕੋਦਰ ਨਾਲ ਸਬੰਧਤ ਯੂਥ ਨੇਤਾਵਾਂ 'ਤੇ ਚਿਲਾਉਂਦੇ ਹੋਏ ਕਿਹਾ ਕਿ ਮੇਰੀ ਹਾਰ ਨਕੋਦਰ ਵਾਲਿਆਂ ਕਾਰਨ ਹੋਈ ਹੈ।

ਦੱਤਾ ਅਤੇ ਜੋਸ਼ੀ ਦੋਵੇਂ ਭੱਲਾ ਦੀ ਟੀਮ 'ਚ ਸਨ ਵਿਧਾਨ ਸਭਾ ਪ੍ਰਧਾਨ
ਅੰਗਦ ਦੱਤਾ ਅਤੇ ਹਨੀ ਜੋਸ਼ੀ ਦੋਵੇਂ ਹੀ ਸਾਬਕਾ ਪ੍ਰਧਾਨ ਅਸ਼ਵਨ ਭੱਲਾ ਦੀ ਟੀਮ 'ਚ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਦੇ ਤੌਰ 'ਤੇ ਕੰਮ ਕਰ ਚੁੱਕੇ ਹਨ। ਅੰਗਦ ਜੋ ਕਿ ਕੈਂਟ ਵਿਧਾਨ ਸਭਾ ਅਤੇ ਹਨੀ ਜੋਸ਼ੀ ਕਰਤਾਰਪੁਰ ਵਿਧਾਨ ਸਭਾ ਦੇ ਪ੍ਰਧਾਨ ਸਨ ਅਤੇ ਦੋਹਾਂ ਨੇ ਪਹਿਲੀ ਵਾਰ ਪ੍ਰਧਾਨ ਅਹੁਦੇ ਲਈ ਚੋਣ ਲੜੀ ਸੀ ਅਤੇ ਦੋਹਾਂ ਨੇ ਜਿੱਤ ਹਾਸਲ ਕੀਤੀ।

ਰਿਜ਼ਲਟ 'ਚ ਵੋਟਾਂ ਦੇ ਫਰਕ ਦੇ ਮਾਮਲੇ 'ਚ ਡੀ. ਆਰ. ਓ. ਨੇ ਜਤਾਈ ਅਣਜਾਨਤਾ
ਪ੍ਰਧਾਨ, ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਿਆਂ ਵਿਚ ਹੋਈ ਕੁਲ ਵੋਟਿੰਗ ਵਿਚ ਵੋਟਾਂ ਦੀ ਗਿਣਤੀ 'ਚ ਆ ਰਹੇ ਫਰਕ ਦੇ ਮਾਮਲੇ ਵਿਚ ਡੀ. ਆਰ. ਓ. ਮਨੀਸ਼ ਟੈਗੋਰ ਦਾ ਕਹਿਣਾ ਹੈ ਕਿ ਜ਼ਰੂਰ ਕਿਸੇ ਤੋਂ ਗਲਤੀ ਹੋਈ ਹੋਵੇਗੀ ਉਹ ਇਸ ਸੰਦਰਭ ਵਿਚ ਚੈੱਕ ਕਰ ਕੇ ਹੀ ਕੁੱਝ ਦੱਸ ਸਕਣਗੇ।


shivani attri

Content Editor

Related News