ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੀਤੀ CM ਮਾਨ ਨਾਲ ਮੁਲਾਕਾਤ, ਕਈ ਅਹਿਮ ਮੁੱਦਿਆਂ 'ਤੇ ਹੋਈ ਚਰਚਾ

03/20/2024 8:38:27 PM

ਲੋਹੀਆਂ ਖਾਸ (ਰਾਜਪੂਤ)- ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਗਿੱਦੜਪਿੰਡੀ ਰੇਲਵੇ ਪੁੱਲ ਹੇਠੋਂ ਜੰਮੀ ਗਾਰ ਕੱਢਣ, ਧੁੱਸੀ ਬੰਨ੍ਹ 'ਤੇ ਗਿਦੜਪਿੰਡੀ ਤੋਂ ਫਿਲੌਰ ਤੱਕ ਪੱਕੀ ਸੜਕ ਬਣਾਉਣ ਸਮੇਤ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਕੀਤੀ। 

ਸੰਤ ਸੀਚੇਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਰੋਸਾ ਦਿੱਤਾ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਸਾਰੇ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਅੱਧੇ ਘੰਟੇ ਤੋਂ ਵੀ ਲੰਬੀ ਇਸ ਮੁਲਾਕਾਤ ਦੌਰਾਨ ਸੰਤ ਸੀਚੇਵਾਲ ਨੇ ਦੱਸਿਆ ਕਿ ਹੜ੍ਹ ਆਏ ਨੂੰ 8 ਮਹੀਨੇ ਬੀਤ ਗਏ ਹਨ। ਇਸ ਇਲਾਕੇ ਦੇ 55 ਪਿੰਡਾਂ ਦੇ ਲੋਕਾਂ ਨੇ ਲਿਖਤੀ ਤੌਰ 'ਤੇ ਮੰਗ ਕੀਤੀ ਹੈ ਕਿ ਗਿੱਦੜਪਿੰਡੀ ਰੇਲਵੇ ਪੁੱਲ ਹੇਠੋਂ ਜੰਮੀ 15 ਤੋਂ 18 ਫੁੱਟ ਤੱਕ ਦੀ ਗਾਰ ਕੱਢਣ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਬਰਸਾਤਾਂ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਲਈ ਰਾਹ ਪੱਧਰਾ ਹੋ ਸਕੇ। 

ਇਹ ਵੀ ਪੜ੍ਹੋ- ਸਿਆਸਤ 'ਚ ਆਉਣ ਬਾਰੇ ਦੇਖੋ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕੀ ਦਿੱਤਾ ਜਵਾਬ (ਵੀਡੀਓ)

ਸੰਤ ਸੀਚੇਵਾਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸਾਲ 2019 ਵਿੱਚ ਆਏ ਹੜ੍ਹ ਦੌਰਾਨ ਪੰਜਾਬ ਸਰਕਾਰ ਨੂੰ 1200 ਕਰੋੜ ਦਾ ਨੁਕਸਾਨ ਝੱਲਣਾ ਪਿਆ ਸੀ, ਜਿਸ ਦਾ ਮੁੱਖ ਕਾਰਨ ਗਿੱਦੜਪਿੰਡੀ ਰੇਲਵੇ ਪੁਲ ਹੇਠਾਂ ਜੰਮੀ ਗਾਰ ਸੀ। ਪਿਛਲੇ ਸਾਲ 2023 ਵਿੱਚ ਆਏ ਹੜ੍ਹ ਦਾ ਕਾਰਨ ਵੀ ਇਹੋ ਹੀ ਦੱਸਿਆ ਜਾ ਰਿਹਾ ਹੈ। ਚਿੱਟੀ ਵੇਂਈ ਵਿੱਚ 200 ਕਿਊਸਿਕ ਪਾਣੀ ਛੱਡਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ 8 ਮਈ 2023 ਨੂੰ ਰੈਗੂਲੇਟਰ ਬਣਾਉਣ ਲਈ ਨੀਂਹ ਪੱਥਰ ਰੱਖਿਆ ਸੀ। 

ਸੰਤ ਸੀਚੇਵਾਲ ਨੇ ਦੱਸਿਆ ਕਿ ਇਸ ਪ੍ਰਾਜੈਕਟ ਲਈ ਉਨ੍ਹਾਂ ਨੇ ਆਪਣੇ ਅਖਤਿਆਰੀ ਫੰਡਜ਼ ਵਿੱਚੋਂ 1 ਕਰੋੜ 19 ਲੱਖ ਰੁਪਏ ਦਿੱਤੇ ਸਨ ਤੇ ਇਹ ਕੰਮ ਹੁਣ ਮੁਕੰਮਲ ਹੋਣ ਵਾਲਾ ਹੈ। ਸਿੰਬਲੀ ਤੋਂ ਪਾਣੀ ਛੱਡੇ ਜਾਣ ਨਾਲ ਚਿੱਟੀ ਵੇਂਈ ਇੱਕ ਵਾਰ ਫੇਰ ਸਾਫ਼-ਸੁਥਰੀ ਹੋ ਕੇ ਵਗਣ ਲੱਗ ਜਾਵੇਗੀ। ਸੰਤ ਸੀਚੇਵਾਲ ਨੇ ਦੱਸਿਆ ਕਿ ਗਿੱਦੜਪਿੰਡੀ ਤੋਂ ਫਿਲੌਰ ਤੱਕ ਧੁੱਸੀ ਬੰਨ੍ਹ ਦੀ ਲੰਬਾਈ ਲਗਭਗ 80 ਕਿਲੋਮੀਟਰ ਦੇ ਕਰੀਬ ਹੈ। ਇਸ ਸੜਕ 'ਤੇ 118 ਕਰੋੜ ਖਰਚ ਆਉਣ ਦਾ ਅਨੁਮਾਨ ਪੰਜਾਬ ਰਾਜ ਮੰਡੀ ਬੋਰਡ ਵੱਲੋਂ ਲਗਾਇਆ ਗਿਆ ਹੇ। 

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਕਾਰਵਾਈ, 24 ਘੰਟਿਆਂ 'ਚ ਹੀ ਮਾਰ ਸੁੱਟਿਆ ਸ਼ਹੀਦ ਮੁਲਾਜ਼ਮ ਅੰਮ੍ਰਿਤਪਾਲ ਦਾ ਕਾਤਲ (ਵੀਡੀਓ)

ਉਨ੍ਹਾਂ ਦੱਸਿਆ ਕਿ ਇਸ ਬਾਬਤ ਵੀ ਮੁੱਖ ਮੰਤਰੀ ਪੰਜਾਬ ਨਾਲ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਮੀਟਿੰਗ ਦੌਰਾਨ ਸੁਲਤਾਨਪੁਰ ਲੋਧੀ ਨਾਲ ਸਬੰਧਿਤ ਮੁੱਦਾ ਉਠਾਉਂਦਿਆ ਕਿਹਾ ਕਿ ਪਵਿੱਤਰ ਕਾਲੀ ਵੇਂਈ ਵਿੱਚ ਗੰਦਾ ਪਾਣੀ ਪੈਣ ਤੋਂ ਰੋਕਣ ਵਾਸਤੇ ਆਖਰੀ ਟਰੀਟਮੈਂਟ ਪਲਾਂਟ ਵੀ ਬਣ ਚੁੱਕਾ ਹੈ। ਸੁਲਤਾਨਪੁਰ ਲੋਧੀ ਵਿੱਚ ਜਿਸ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਜੁੜਿਆ ਹੈ, ਨੂੰ ਧਾਰਮਿਕ ਟੂਰਜ਼ਿਮ ਵਜੋਂ ਵਿਕਸਿਤ ਕਰਨ ਦੀਆਂ ਸਾਰੀਆਂ ਸੰਭਾਵਾਨਵਾਂ ਮੌਜੂਦ ਹਨ। 

ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਬਣਾਉਣ ਲਈ ਆਏ 46 ਕਰੋੜ ਦੇ ਫੰਡਾਂ ਨਾਲ ਬਣਾਏ ਜਾਣ ਵਾਲੇ ਪ੍ਰਾਜੈਕਟ 2025 ਤੱਕ ਮੁਕੰਮਲ ਹੋਣੇ ਹਨ ਪਰ ਅਜੇ ਕਈ ਪ੍ਰਾਜੈਕਟਾਂ 'ਤੇ ਕੰਮ ਸ਼ੁਰੂ ਨਹੀ ਹੋਇਆ। ਇਸ ਦੌਰਾਨ ਸੁਲਤਾਨਪੁਰ ਲੋਧੀ ਵਿੱਚ ਬਣਨ ਵਾਲੇ ਬਾਬੇ ਨਾਨਕ ਦੇ ਪਿੰਡ ਸਮੇਤ ਹੋਰ ਵੀ ਕਈ ਮਸਲਿਆਂ ਨੂੰ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਂਦਾ ਗਿਆ। ਇਸ ਮੌਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਬਲਕਾਰ ਸਿੰਘ, ਸੁਰਜੀਤ ਸਿੰਘ ਸ਼ੰਟੀ ਤੇ ਹੋਰ ਹਾਜ਼ਰ ਸਨ।

ਇਹ ਵੀ ਪੜ੍ਹੋ- ਬਾਘਾ ਪੁਰਾਣਾ 'ਚ CM ਮਾਨ ਦੁਕਾਨਦਾਰਾਂ ਦੇ ਹੋਏ ਰੂ-ਬ-ਰੂ, ਪੁੱਛਿਆ ਉਨ੍ਹਾਂ ਦਾ ਹਾਲ-ਚਾਲ ਤੇ ਪਰੇਸ਼ਾਨੀਆਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News