ਜਲੰਧਰ ''ਚ ਮੀਂਹ ਕਾਰਨ ਮੋਦੀਆਂ ਮੁਹੱਲਾ ’ਚ ਡਿੱਗਿਆ ਖਸਤਾ ਹਾਲਤ ਮਕਾਨ, ਕਈ ਵਾਹਨ ਨੁਕਸਾਨੇ
Wednesday, Aug 27, 2025 - 11:38 AM (IST)

ਜਲੰਧਰ (ਪੁਨੀਤ)–ਮੀਂਹ ਕਾਰਨ ਖਸਤਾ ਹਾਲਤ ਇਮਾਰਤਾਂ ਦੇ ਡਿੱਗਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ, ਜੋਕਿ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਉਥੇ ਹੀ ਜਿਨ੍ਹਾਂ ਲੋਕਾਂ ਦੇ ਘਰਾਂ ਕੋਲ ਖਸਤਾ ਹਾਲਤ ਇਮਾਰਤਾਂ ਹਨ, ਉਨ੍ਹਾਂ ਨੂੰ ਮੀਂਹ ਕਾਰਨ ਚਿੰਤਤ ਵੇਖਿਆ ਜਾ ਸਕਦਾ ਹੈ। ਬੀਤੇ ਦਿਨੀਂ ਮਲਕਾ ਚੌਂਕ ਕੋਲ ਪੁਰਾਣਾ ਮਕਾਨ ਡਿੱਗਿਆ ਸੀ ਅਤੇ ਮੰਗਲਵਾਰ ਮੋਦੀਆਂ ਮੁਹੱਲਾ (ਮਾਈ ਹੀਰਾਂ ਗੇਟ) ਵਿਚ ਖਸਤਾ ਹਾਲਤ ਮਕਾਨ ਡਿੱਗ ਗਿਆ। ਇਸ ਨਾਲ ਉਥੇ ਬਾਹਰ ਖੜ੍ਹੇ ਕਈ ਵਾਹਨ ਨੁਕਸਾਨੇ ਗਏ ਅਤੇ ਮਲਬੇ ਹੇਠਾਂ ਦਬ ਜਾਣ ਨਾਲ ਇਕ ਕੁੱਤਾ ਮਰ ਗਿਆ। ਇਲਾਕਾ ਨਿਵਾਸੀਆਂ ਨੇ ਮਲਬਾ ਹਟਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ, ਖੜ੍ਹੀ ਹੋਈ ਨਵੀਂ ਮੁਸੀਬਤ!
ਮੋਦੀਆਂ ਮੁਹੱਲੇ ਵਿਚ ਇਹ ਘਟਨਾ ਸਵੇਰੇ ਸਾਢੇ 8 ਵਜੇ ਦੇ ਲਗਭਗ ਵਾਪਰੀ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਜ਼ੋਰਦਾਰ ਆਵਾਜ਼ ਦੇ ਬਾਅਦ ਬਾਹਰ ਜਾ ਕੇ ਵੇਖਿਆ ਤਾਂ ਪਤਾ ਲੱਗਾ ਕਿ ਪੁਰਾਣਾ ਖਸਤਾ ਹਾਲਤ ਮਕਾਨ ਡਿੱਗ ਗਿਆ ਹੈ। ਖ਼ੁਸ਼ਕਿਸਮਤੀ ਨੂੰ ਉਥੇ ਕੋਈ ਮੌਜੂਦ ਨਹੀਂ ਸੀ। ਉਕਤ ਮਕਾਨ ਪਿਛਲੇ ਕਈ ਸਾਲਾਂ ਤੋਂ ਬੰਦ ਪਿਆ ਹੈ। ਘਟਨਾ ਕਾਰਨ ਉਥੇ ਖੜ੍ਹੇ 2 ਮੋਟਰਸਾਈਕਲ ਅਤੇ ਇਕ ਸਕੂਟਰੀ ਬੁਰੀ ਤਰ੍ਹਾਂ ਨੁਕਸਾਨੇ ਗਏ।
ਮਕਾਨ ਦੇ ਬਾਹਰ ਖਾਲੀ ਥਾਂ ਹੋਣ ਕਾਰਨ ਲੋਕ ਆਪਣੇ ਵਾਹਨ ਉਥੇ ਖੜ੍ਹੇ ਕਰ ਦਿੰਦੇ ਹਨ। ਲੋਕਾਂ ਨੇ ਦੱਸਿਆ ਕਿ ਜੇਕਰ ਕੋਈ ਆਪਣਾ ਵਾਹਨ ਖੜ੍ਹਾ ਕਰ ਰਿਹਾ ਹੁੰਦਾ ਜਾਂ ਲੈ ਕੇ ਜਾਣ ਲੱਗਾ ਹੁੰਦਾ ਤਾਂ ਕੋਈ ਮੰਦਭਾਗੀ ਘਟਨਾ ਵਾਪਰ ਸਕਦੀ ਸੀ। ਸਵੇਰੇ ਸਾਢੇ 8 ਵਜੇ ਮਕਾਨ ਡਿੱਗਣ ਦੇ ਬਾਅਦ ਤੋਂ ਲੈ ਕੇ ਦੇਰ ਰਾਤ ਤਕ ਨਿਗਮ ਦਾ ਕੋਈ ਅਧਿਕਾਰੀ ਮੌਕੇ ’ਤੇ ਨਹੀਂ ਪੁੱਜਾ।
ਇਹ ਵੀ ਪੜ੍ਹੋ: ਪੰਜਾਬ 'ਚ ਭਾਰੀ ਬਾਰਿਸ਼ ਨਾਲ ਹਰ ਪਾਸੇ ਤਬਾਹੀ! ਪਠਾਨਕੋਟ-ਜਲੰਧਰ ਰੇਲਵੇ ਰੂਟ ਬੰਦ, ਇਸ ਇਲਾਕੇ ਦਾ ਧੁੱਸੀ ਬੰਨ੍ਹ ਟੁੱਟਿਆ
ਇਲਾਕਾ ਨਿਵਾਸੀ ਦੀਪਕ ਮੋਦੀ ਨੇ ਦੱਸਿਆ ਕਿ ਇਹ ਮਕਾਨ ਪਿਛਲੇ ਲੰਮੇ ਅਰਸੇ ਤੋਂ ਖਾਲੀ ਪਿਆ ਸੀ ਅਤੇ ਖਸਤਾ ਹਾਲਤ ਸੀ। ਮਕਾਨ ਦੀ ਹਾਲਤ ਖਰਾਬ ਹੋਣ ਸਬੰਧੀ ਪ੍ਰਸ਼ਾਸਨ ਨੂੰ 12 ਜੁਲਾਈ ਨੂੰ ਸ਼ਿਕਾਇਤ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਜਦੋਂ ਵੀ ਫੋਨ ਕਰਦੇ ਹਾਂ ਤਾਂ ਨੋਡਲ ਅਧਿਕਾਰੀ ਆਉਣ ਸਬੰਧੀ ਦੱਸਿਆ ਜਾਂਦਾ ਹੈ ਪਰ ਕੋਈ ਮੌਕੇ ’ਤੇ ਨਹੀਂ ਆਉਂਦਾ। ਉਨ੍ਹਾਂ ਮੰਗ ਰੱਖਦਿਆਂ ਕਿਹਾ ਕਿ ਮਲਬਾ ਚੁਕਵਾਇਆ ਜਾਵੇ ਅਤੇ ਦੂਜੀਆਂ ਖਸਤਾ ਹਾਲਤ ਇਮਾਰਤਾਂ ਨੂੰ ਹਟਾਉਣ ਸਬੰਧੀ ਪ੍ਰਸ਼ਾਸਨ ਨੂੰ ਉਚਿਤ ਕਦਮ ਚੁੱਕਣੇ ਚਾਹੀਦੇ ਹਨ।
ਇਹ ਵੀ ਪੜ੍ਹੋ: ਤਹਿਸੀਲਾਂ 'ਚ ਜਾਣ ਵਾਲੇ ਦੇਣ ਧਿਆਨ! ਪੰਜਾਬ ਸਰਕਾਰ ਦਾ ਨਵਾਂ ਫਰਮਾਨ ਜਾਰੀ, ਖੜ੍ਹੀ ਹੋਈ ਵੱਡੀ ਮੁਸੀਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e