ਜਲੰਧਰ ''ਚ 150 ML ਮੀਂਹ ਬਣਿਆ ਆਫ਼ਤ, ਜਨ-ਜੀਵਨ ''ਅਸਤ-ਵਿਅਸਤ''

Wednesday, Aug 27, 2025 - 12:32 PM (IST)

ਜਲੰਧਰ ''ਚ 150 ML ਮੀਂਹ ਬਣਿਆ ਆਫ਼ਤ, ਜਨ-ਜੀਵਨ ''ਅਸਤ-ਵਿਅਸਤ''

ਜਲੰਧਰ (ਪੁਨੀਤ)–ਪਿਛਲੇ 2 ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਹਰ ਕੰਮ ਦੀ ਰਫ਼ਤਾਰ ਨੂੰ ਰੋਕ ਕੇ ਰੱਖ ਦਿੱਤਾ ਹੈ। ਇਸੇ ਸਿਲਸਿਲੇ ਵਿਚ 150 ਐੱਮ. ਐੱਮ. ਤੋਂ ਵੱਧ ਮੀਂਹ ਹੁਣ ਤਕ ਦਰਜ ਕੀਤਾ ਜਾ ਚੁੱਕਾ ਹੈ ਅਤੇ 30 ਅਗਸਤ ਤਕ ਮੀਂਹ ਦਾ ਸਿਲਸਿਲਾ ਜਾਰੀ ਰਹਿਣ ਦੇ ਆਸਾਰ ਹਨ। ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਜਿੱਥੇ ਲੋਕਾਂ ਦੀ ਰੋਜ਼ਾਨਾ ਦੀ ਰੁਟੀਨ ਨੂੰ ਅਸਤ-ਵਿਅਸਤ ਕਰ ਦਿੱਤਾ ਹੈ, ਉਥੇ ਹੀ ਕਈ ਥਾਵਾਂ ’ਤੇ ਪਾਣੀ ਭਰਨ ਨਾਲ ਹਾਲਾਤ ਹੋਰ ਵਿਗੜ ਗਏ ਹਨ। ਮੀਂਹ ਕਾਰਨ ਤਾਪਮਾਨ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ।

ਇਹ ਵੀ ਪੜ੍ਹੋ: ਹੜ੍ਹਾਂ ਕਾਰਨ ਪੰਜਾਬ 'ਚ ਵਿਗੜੇ ਹਾਲਾਤ, NDRF ਤੇ SDRF ਨੇ ਸਾਂਭਿਆ ਮੋਰਚਾ, ਸਕੂਲ ਬੰਦ, ਅਧਿਕਾਰੀਆਂ ਦੀਆਂ ਛੁੱਟੀਆਂ ਰੱਦ

PunjabKesari

ਮੀਂਹ ਕਾਰਨ ਘਰਾਂ ਵਿਚੋਂ ਨਿਕਲਣ ਵਾਲੇ ਵਧੇਰੇ ਲੋਕ ਕਾਰਾਂ ਵਿਚ ਜਾਣ ਨੂੰ ਮਹੱਤਵ ਦੇ ਰਹੇ ਹਨ, ਇਸ ਕਾਰਨ ਸ਼ਹਿਰ ਦੇ ਕਈ ਚੌਂਕਾਂ ਵਿਚ ਵਾਹਨ ਚਾਲਕਾਂ ਨੂੰ ਕਈ ਘੰਟੇ ਜਾਮ ਵਿਚ ਫਸੇ ਰਹਿਣਾ ਪਿਆ। ਕਈ ਜਗ੍ਹਾ ਟੁੱਟੀਆਂ ਸੜਕਾਂ ਅਤੇ ਖੁੱਲ੍ਹੇ ਟੋਇਆਂ ਕਾਰਨ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਹੋਇਆ ਹੈ।
ਲਗਾਤਾਰ ਪੈ ਰਹੇ ਮੀਂਹ ਕਾਰਨ ਸਕੂਲਾਂ ਵਿਚ ਛੁੱਟੀਆਂ ਐਲਾਨੀਆਂ ਜਾ ਚੁੱਕੀਆਂ ਹਨ ਪਰ ਬੱਚਿਆਂ ਦਾ ਘਰਾਂ ਵਿਚੋਂ ਬਾਹਰ ਨਿਕਲਣਾ ਮੁਸ਼ਕਲ ਬਣਿਆ ਹੋਇਆ ਹੈ। ਦੂਜੇ ਪਾਸੇ ਸਰਕਾਰੀ ਅਤੇ ਨਿੱਜੀ ਦਫਤਰਾਂ ਵਿਚ ਕਰਮਚਾਰੀ ਦੇਰੀ ਨਾਲ ਪਹੁੰਚੇ, ਜਿਸ ਨਾਲ ਕੰਮਕਾਜ ਪ੍ਰਭਾਵਿਤ ਰਿਹਾ।

ਸ਼ਹਿਰ ਦੇ ਹਸਪਤਾਲਾਂ ਵਿਚ ਮਰੀਜ਼ਾਂ ਦੀ ਭੀੜ ਵਧ ਗਈ ਹੈ। ਮੀਂਹ ਅਤੇ ਗੰਦਗੀ ਕਾਰਨ ਬੁਖ਼ਾਰ, ਸਰਦੀ-ਜ਼ੁਕਾਮ ਅਤੇ ਪੇਟ ਸਬੰਧੀ ਬੀਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਡਾਕਟਰਾਂ ਨੇ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਸਬੰਧੀ ਸਾਵਧਾਨੀ ਵਰਤਣ ਅਤੇ ਗੰਦੇ ਪਾਣੀ ਤੋਂ ਬਚਣ ਦੀ ਅਪੀਲ ਕੀਤੀ ਹੈ। ਭਾਰੀ ਮੀਂਹ ਨੇ ਨਗਰ ਨਿਗਮ ਦੇ ਦਾਅਵਿਆਂ ਦੀ ਵੀ ਪੋਲ ਖੋਲ੍ਹ ਦਿੱਤੀ ਹੈ। ਸ਼ਹਿਰ ਵਿਚ ਪਾਣੀ ਜਮ੍ਹਾ ਹੋਣ ਤੋਂ ਰੋਕਣ ਲਈ ਬਣਾਏ ਗਏ ਨਾਲੇ-ਨਾਲੀਆਂ ਜਾਂ ਤਾਂ ਬੰਦ ਹੋ ਗਏ ਹਨ ਜਾਂ ਓਵਰਫਲੋਅ ਹੋਣ ਲੱਗੇ ਹਨ। ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਲੜਖੜਾਉਣ ਕਾਰਨ ਲੋਕਾਂ ਵਿਚ ਗੁੱਸਾ ਦੇਖਣ ਨੂੰ ਮਿਲਿਆ। ਸ਼ਹਿਰ ਦੇ ਨੇੜਲੇ ਪਿੰਡਾਂ ਵਿਚ ਵੀ ਮੀਂਹ ਨੇ ਫ਼ਸਲਾਂ ਨੂੰ ਨੁਕਸਾਨ ਪਹੁੰਚਾਇਆ ਹੈ। ਕਈ ਮੌਸਮੀ ਫ਼ਸਲਾਂ ਪਾਣੀ ਵਿਚ ਡੁੱਬ ਗਈਆਂ ਹਨ, ਜਦਕਿ ਸਬਜ਼ੀਆਂ ਦੀ ਖੇਪ ਵੀ ਖ਼ਰਾਬ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ, ਖੜ੍ਹੀ ਹੋਈ ਨਵੀਂ ਮੁਸੀਬਤ!

ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿਚ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ, ਹਾਲਾਂਕਿ ਬੁੱਧਵਾਰ ਨੂੰ ਮੀਂਹ ਤੋਂ ਕੁਝ ਰਾਹਤ ਮਿਲੇਗੀ ਅਤੇ ਵੀਰਵਾਰ ਤੋਂ ਫਿਰ ਤੋਂ ਮੀਂਹ ਦਾ ਜ਼ੋਰ ਦੇਖਣ ਨੂੰ ਮਿਲ ਸਕਦਾ ਹੈ। ਜੇਕਰ ਇਸੇ ਤਰ੍ਹਾਂ ਮੀਂਹ ਦਾ ਸਿਲਸਿਲਾ ਜਾਰੀ ਰਿਹਾ ਤਾਂ ਰਿਸਣ ਵਾਲੇ ਮੀਂਹ ਨਾਲ ਕਈ ਪੁਰਾਣੇ ਮਕਾਨਾਂ ਅਤੇ ਇਮਾਰਤਾਂ ਵਿਚ ਤਰੇੜਾਂ ਆ ਸਕਦੀਆਂ ਹਨ, ਜੋ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਸਕਦੀਆਂ ਹਨ।

ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਹੋਇਆ Red Alert ਜਾਰੀ!  29 ਅਗਸਤ ਤੱਕ ਲੋਕ ਰਹਿਣ ਸਾਵਧਾਨ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News