ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ 1.6 ਕਿਲੋ ਅਫੀਮ ਸਣੇ ਇਕ ਗ੍ਰਿਫਤਾਰ

Thursday, Aug 08, 2024 - 05:17 PM (IST)

ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ 1.6 ਕਿਲੋ ਅਫੀਮ ਸਣੇ ਇਕ ਗ੍ਰਿਫਤਾਰ

ਜਲੰਧਰ (ਵਰੁਣ) : ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਪੁਲਸ ਕਮਿਸ਼ਨਰੇਟ ਨੇ ਸ਼ਹਿਰ ਵਿਚ ਅਫੀਮ ਦੀ ਸਪਲਾਈ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਨੂੰ ਸੂਹ ਮਿਲੀ ਸੀ ਕਿ ਇੱਕ ਗਿਰੋਹ ਸ਼ਹਿਰ ਵਿੱਚ ਅਫੀਮ ਦੀ ਤਸਕਰੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਚਨਾ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਸੂਬੇ 'ਚ ਚੌਕਸੀ ਵਧਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਥਾਣਾ ਡਿਵੀਜ਼ਨ 1 ਜਲੰਧਰ ਦੀ ਇੱਕ ਟੀਮ ਸੀਜੇਐੱਸ ਪਬਲਿਕ ਸਕੂਲ ਸਰਵਿਸ ਲੇਨ ਜੀ.ਟੀ ਰੋਡ ਜਲੰਧਰ ਨੇੜੇ ਮੌਜੂਦ ਸੀ ਤਾਂ ਉਨ੍ਹਾਂ ਨੇ ਬਿਧੀਪੁਰ ਪਿੰਡ ਵਾਲੇ ਪਾਸੇ ਤੋਂ ਇੱਕ ਵਿਅਕਤੀ ਨੂੰ ਹੈਂਡਬੈਗ ਲੈ ਕੇ ਆਉਂਦੇ ਦੇਖਿਆ। ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਟੀਮ ਨੇ ਉਕਤ ਵਿਅਕਤੀ ਨੂੰ ਰੋਕ ਕੇ ਉਸ ਦੇ ਹੈਂਡਬੈਗ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਿਸ ਵਿੱਚੋਂ 1.6 ਕਿਲੋ ਅਫੀਮ ਬਰਾਮਦ ਹੋਈ।

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੀ ਪਛਾਣ ਰਾਮ ਪਰਸ਼ਾਦ ਪੁੱਤਰ ਸੀਆ ਰਾਮ ਵਾਸੀ ਪਿੰਡ ਕਮੂਆ ਪੀਐੱਸ ਬੰਦ ਬੋਰਾ ਜ਼ਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਦੋਸ਼ੀ ਖਿਲਾਫ ਥਾਣਾ ਮਾਮਲਾ ਦਰਜ ਕਰ ਲਿਆ ਹੈ। ਸਵਪਨ ਸ਼ਰਮਾ ਨੇ ਦੱਸਿਆ ਕਿ ਤਫਤੀਸ਼ ਦੌਰਾਨ ਮੁਲਜ਼ਮ ਨੇ ਕਬੂਲ ਕੀਤਾ ਕਿ ਉਹ ਇੱਕ ਰਿਕਸ਼ਾ ਚਲਾਉਂਦਾ ਸੀ , ਪਰ ਆਰਥਿਕ ਤੰਗੀ ਕਾਰਨ ਉਸ ਨੇ ਰੋਜ਼ੀ ਰੋਟੀ ਕਮਾਉਣ ਲਈ ਅਫੀਮ ਵੇਚਣੀ ਸ਼ੁਰੂ ਕਰ ਦਿੱਤੀ। 

ਪੁਲਸ ਕਮਿਸ਼ਨਰ ਨੇ ਅੱਗੇ ਕਿਹਾ ਕਿ ਜਾਂਚ ਚੱਲ ਰਹੀ ਹੈ ਅਤੇ ਹੋਰ ਵੇਰਵੇ, ਜੇਕਰ ਕੋਈ ਹਨ, ਬਾਅਦ ਵਿਚ ਸਾਂਝੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਜੇ ਤੱਕ ਮੁਲਜ਼ਮ ਦਾ ਕੋਈ ਅਪਰਾਧਿਕ ਇਤਿਹਾਸ ਨਹੀਂ ਮਿਲਿਆ ਹੈ। ਸਵਪਨ ਸ਼ਰਮਾ ਨੇ ਕਿਹਾ ਕਿ ਕਮਿਸ਼ਨਰੇਟ ਪੁਲਸ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਗਈ ਹੈ ਅਤੇ ਸ਼ਹਿਰ ਵਿੱਚੋਂ ਇਸ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।


author

Baljit Singh

Content Editor

Related News