ਨਰਸ ਦੇ ਜਜ਼ਬੇ ਨੂੰ ਸਿਜਦਾ ! ਜਾਣੋ ਜਲੰਧਰ ਦੇ ਕੋਰੋਨਾ ਪੀੜਤ ਨੂੰ ਕਿਵੇਂ ਮਿਲੀ ਨਵੀਂ ਜ਼ਿੰਦਗੀ

05/12/2021 6:07:47 PM

ਜਲੰਧਰ : ਦੇਸ਼ ’ਚ ਕੋਰੋਨਾ ਮਹਾਮਾਰੀ ਦਾ ਕਹਿਰ ਦਿਨੋ-ਦਿਨ ਵਧਦਾ ਹੀ ਜਾ ਰਿਹਾ ਹੈ। ਇਸ ਸੰਕਟ ਦੇ ਸਮੇਂ ਦੌਰਾਨ ਡਾਕਟਰ ਤੇ ਨਰਸਾਂ ਆਪਣੀ ਜਾਨ ’ਤੇ ਖੇਡ ਕੇ ਕੋਰੋਨਾ ਪੀੜਤ ਮਰੀਜ਼ਾਂ ਦੀ ਜਾਨ ਬਚਾ ਰਹੇ ਹਨ, ਜਦਕਿ ਉਨ੍ਹਾਂ ਦੇ ਆਪਣੇ ਵੀ ਪਰਿਵਾਰ ਹਨ, ਜਿਨ੍ਹਾਂ ਨੂੰ ਉਨ੍ਹਾਂ ਦਾ ਫਿਕਰ ਲੱਗਾ ਰਹਿੰਦਾ ਹੈ। ਇਸ ਸਭ ਦੇ ਬਾਵਜੂਦ ਉਹ ਕੋਰੋਨਾ ਮਰੀਜ਼ਾਂ ਦੀ ਪੂਰੀ ਦੇਖਭਾਲ ਕਰਦੇ ਹਨ ਤੇ ਉਨ੍ਹਾਂ ਨੂੰ ਮੌਤ ਦੇ ਮੂੰਹ ’ਚੋਂ ਬਾਹਰ ਕੱਢਦੇ ਹਨ। ਇਸੇ ਤਰ੍ਹਾਂ ਦੀ ਹੀ ਮਿਸਾਲ ਸਾਨੂੰ ਮਾਡਲ ਟਾਊਨ ਦੇ ਨੌਜਵਾਨ ਵਪਾਰੀ ਪੰਕਜ ਕਪੂਰ ਦੀ ਮਿਲਦੀ ਹੈ, ਜਿਨ੍ਹਾਂ ਨੂੰ ਅਚਾਨਕ ਸਾਹ ਲੈਣ ’ਚ ਤਕਲੀਫ ਮਹਿਸੂਸ ਹੋਈ ਤਾਂ ਇਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਹੋਣ ’ਤੇ ਦਿਮਾਗ ’ਚ ਕਈ ਚੀਜ਼ਾਂ ਘੁੰਮਣ ਲੱਗੀਆਂ।

ਹਸਪਤਾਲ ’ਚ ਡਾਕਟਰਾਂ ਤੇ ਨਰਸਾਂ ਨੇ ਇਲਾਜ ਸ਼ੁਰੂ ਕੀਤਾ। ਇਕ ਹਫ਼ਤੇ ਤਕ ਡਾਕਟਰਾਂ ਤੋਂ ਇਲਾਵਾ ਸਟਾਫ ਨਰਸ ਅਮਨਦੀਪ ਕੌਰ ਨੇ ਇਨ੍ਹਾਂ ਦੇ ਇਲਾਜ ਦੀ ਕਮਾਨ ਸੰਭਾਲੀ। ਨਰਸ ਨੇ ਪੰਕਜ ਨੂੰ ਇਸ ਗੱਲ ਦਾ ਅਹਿਸਾਸ ਦਿਵਾਇਆ ਕਿ ਇਸ ਬੀਮਾਰੀ ਤੋਂ ਡਰਨ ਦੀ ਲੋੜ ਨਹੀਂ ਹੈ, ਇਹ ਵੀ ਇਕ ਆਮ ਬੀਮਾਰੀ ਹੀ ਹੈ। ਨਰਸ ਉਸ ਨੂੰ ਦਵਾਈਆਂ ਦੇਣ ਤੋਂ ਇਲਾਵਾ ਹੌਸਲਾ ਵੀ ਦਿੰਦੀ ਰਹੀ ਕਿ ਉਹ ਜਲਦ ਠੀਕ ਹੋ ਜਾਣਗੇ। ਪੰਕਜ ਹੁਣ ਠੀਕ ਹੋ ਚੁੱਕੇ ਹਨ ਪਰ ਇਲਾਜ ਦੌਰਾਨ ਨਰਸਾਂ ਤੇ ਡਾਕਟਰਾਂ ਵੱਲੋਂ ਕੀਤੀ ਗਈ ਦੇਖਭਾਲ ਨੂੰ ਉਹ ਕਦੀ ਨਹੀਂ ਭੁੱਲ ਸਕਦੇ। ਉਨ੍ਹਾਂ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਮੁੜ ਹਸਪਤਾਲ ਜਾ ਕੇ ਨਰਸ ਅਮਨਦੀਪ ਕੌਰ ਦਾ ਧੰਨਵਾਦ ਪ੍ਰਗਟ ਕੀਤਾ। ਪੰਕਜ ਕਹਿੰਦੇ ਹਨ ਕਿ ਕੋਰੋਨਾ ਪਾਜ਼ੇਟਿਵ ਰਿਪੋਰਟ ਆਉਣ ’ਤੇ ਉਸ ਨੂੰ ਡਰ ਤਾਂ ਲੱਗਿਆ ਸੀ।

ਇਲਾਜ ਦੌਰਾਨ ਹਸਪਤਾਲ ਦੇ ਕਮਰੇ ’ਚ ਨਾ ਕੋਈ ਮਿਲਣ ਵਾਲਾ ਸੀ ਤੇ ਨਾ ਹੀ ਕੋਈ ਹੋਰ। ਸਿਰਫ ਡਾਕਟਰ ਤੇ ਨਰਸ ਹੀ ਕਮਰੇ ’ਚ ਆ-ਜਾ ਸਕਦੇ ਸਨ। ਨਰਸ ਅਮਨਦੀਪ ਨੇ ਘੰਟਿਆਂ ਤਕ ਇਕ ਦੇਵੀ ਅਵਤਾਰ ਦੇ ਰੂਪ ’ਚ ਉਸ ਦੀ ਸੇਵਾ ਕੀਤੀ। ਦੋ ਦਿਨ ਬਾਅਦ ਸਿਹਤ ’ਚ ਸੁਧਾਰ ਹੋਣਾ ਸ਼ੁਰੂ ਹੋਇਆ ਤਾਂ ਅਮਨਦੀਪ ਦੀਆਂ ਗੱਲਾਂ ’ਤੇ ਪਹਿਲਾਂ ਤੋਂ ਜ਼ਿਆਦਾ ਭਰੋਸਾ ਹੋਣ ਲੱਗਾ। ਉਹ ਕਹਿੰਦੀ ਸੀ, ਤੁਸੀਂ ਠੀਕ ਹੋ ਜਾਓਗੇ। ਫਿਰ ਹੌਲੀ-ਹੌਲੀ ਹਿੰਮਤ ਬਣ ਗਈ। ਲੱਗਣ ਲੱਗਾ ਕਿ ਦਵਾਈ ਤੇ ਪਰਿਵਾਰ ਦੀਆਂ ਦੁਆਵਾਂ ਅਸਰ ਕਰ ਰਹੀਆਂ ਹਨ। ਧੀ, ਪੁੱਤਰ ਤੇ ਪਤਨੀ ਨਾਲ ਅਮਨਦੀਪ ਗੱਲਾਂ ਕਰਵਾਉਂਦੀ ਰਹੀ। ਮਾਂ ਦੀਆਂ ਦੁਆਵਾਂ ਵੀ ਕੰਮ ਆਈਆਂ। ਡਾ. ਨਵੀਨ ਚਿਤਕਾਰਾ ਤੇ ਡਾ. ਵਿਨੀਤ ਮਹਾਜਨ ਵਲੋਂ ਦਿੱਤੇ ਗਏ ਇਲਾਜ ਨੂੰ ਵੀ ਉਹ ਨਵੀਂ ਜ਼ਿੰਦਗੀ ਦੇ ਰੂਪ ’ਚ ਦੇਖਦਾ ਹੈ। ਇਹ ਸਿਰਫ ਪੰਕਜ ਦੀ ਕਹਾਣੀ ਨਹੀਂ ਹੈ, ਬਲਕਿ ਕੋਰੋਨਾ ਦਾ ਇਲਾਜ ਕਰਵਾਉਣ ਵਾਲੇ ਬਹੁਤ ਸਾਰੇ ਮਰੀਜ਼ਾਂ ਦੀ ਕਹਾਣੀ ਹੈ, ਜਿਨ੍ਹਾਂ ਨੂੰ ਨਰਸਾਂ ਦੀ ਦੇਖਭਾਲ ਕਾਰਨ ਨਵੀਂ ਜ਼ਿੰਦਗੀ ਮਿਲੀ ਹੈ। ਇਕ ਮਰੀਜ਼ ਜਦੋਂ ਕੋਰੋਨਾ ਨੂੰ ਹਰਾ ਕੇ ਹਸਪਤਾਲ ’ਚੋਂ ਨਿਕਲਦਾ ਹੈ ਤਾਂ ਉਸ ਦੀ ਅੰਤਰ-ਆਤਮਾ ’ਚੋਂ ਨਰਸਾਂ ਲਈ ਅਸੀਸਾਂ ਹੀ ਨਿਕਲਦੀਆਂ ਹਨ।


Manoj

Content Editor

Related News