ਗੜ੍ਹਸ਼ੰਕਰ ਦੇ ਜੰਗਲ ਅਤੇ ਪਹਾੜੀਆਂ ਬਰਬਾਦ ਕਰਕੇ ਕਰਵਾਈ ਜਾ ਰਹੀ ਹੈ ਨਾਜਾਇਜ਼ ਮਾਈਨਿੰਗ: ਨਿਮਿਸ਼ਾ ਮਹਿਤਾ

06/05/2023 4:27:57 PM

ਗੜ੍ਹਸ਼ੰਕਰ- ਭਾਜਪਾ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਅਤੇ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਰਕਾਰਾਂ ਮਿਲ ਕੇ ਮਾਈਨਿੰਗ ਮਾਫੀਆ ਦੀ ਸਹੂਲਤ ਲਈ ਜੰਗਲ ਅਤੇ ਪਹਾੜ ਕੱਟ-ਕੱਟ ਕੇ ਵਾਤਾਵਰਣ ਦੀ ਬਰਬਾਦੀ ਕਰ ਰਹੀਆਂ ਹਨ। ਉਨ੍ਹਾਂ ਪੱਤਰਕਾਰਾਂ ਦੀ ਟੀਮ ਲੈ ਕੇ ਬਕਾਇਦਾ ਪਿੰਡ ਰਾਮਪੂਰ ਬਿਲੜੋਂ ਵਿਚੋਂ ਪਹਾੜੀਆਂ ਅਤੇ ਜੰਗਲ ਉਜਾੜ ਕੇ ਬਣਾਏ ਗਏ ਕਰੀਬ 20 ਫੁੱਟ ਚੋੜੇ ਰਸਤੇ ਦੀ ਪੈਮਾਇਸ਼ ਕੀਤੀ।  ਨਿਮਿਸ਼ਾ ਮਹਿਤਾ ਨੇ ਕਿਹਾ ਕਿ ਪਿੰਡ ਰਾਮਪੂਰ ਬਿਲੜੋਂ ਦੇ ਪਹਾੜ ਖ਼ਤਮ ਕਰਕੇ ਜੰਗਲ ਵਢਾ ਕੇ ਕਰੀਬ 20 ਫੁੱਟ ਚੋੜਾ ਰਸਤਾ ਟਰੱਕਾਂ-ਟਿੱਪਰਾਂ ਦੇ ਲਾਂਘੇ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਦੇ ਉੱਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਦੇ ਹਲਕੇ ਅਤੇ ਪਿੰਡ ਗੂੰਦਪੁਰ ਨੂੰ ਇਹ ਰਸਤਾ ਬਣਾਇਆ ਗਿਆ ਹੈ ਅਤੇ ਅਨੇਕਾਂ ਕਰੱਸ਼ਰ ਉਥੇ ਕੁਦਰਤ ਦੀ ਤਬਾਹੀ ਕਰਦੇ ਹੋਏ ਧੜਾਧੜ ਪਹਾੜ ਅਤੇ ਵਾਤਾਵਰਣ ਦੀ ਬਰਬਾਦੀ ਕਰ ਰਹੇ ਹਨ। 

ਭਾਜਪਾ ਆਗੂ ਨੇ ਕਿਹਾ ਕਿ ਕਿਸੇ ਵੀ ਕਾਨੂੰਨ ਤਹਿਤ ਨਾ ਪੰਚਾਇਤੀ ਰਾਜ ਵਿਭਾਗ ਅਤੇ ਨਾ ਹੀ ਜੰਗਲਾਤ ਵਿਭਾਗ ਮਾਈਨਿੰਗ ਅਤੇ ਟਿੱਪਰਾਂ ਦੇ ਲਾਂਘੇ ਲਈ ਪਹਾੜ ਅਤੇ ਜੰਗਲ ਕੱਟ ਕੇ ਰਸਤਾ ਬਣਾਉਣ ਦੀ ਇਜਾਜ਼ਤ ਨਹੀਂ ਦੇ ਸਕਦਾ। ਇਸ ਗੱਲ ਦੀ ਘੋਖ ਜ਼ਰੂਰੀ ਹੈ ਕਿ ਇਸ ਲਾਂਘੇ ਲਈ ਇਜਾਜ਼ਤ ਕਿਹੜੇ ਅਫ਼ਸਰਾਂ ਅਤੇ ਮੰਤਰੀਆਂ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹਲਕਾ ਗੜ੍ਹਸੰਕਰ ਦੀ ਨੰਗਲ ਰੋਡ ਦੀ ਬਰਬਾਦੀ, ਉਥੇ ਹੋਏ ਅਨੇਕਾਂ ਸੜਕ ਹਾਦਸੇ ਅਤੇ ਸੜਕ ਹਾਦਸਿਆਂ ਵਿਚ ਗਈਆਂ ਜਾਨਾਂ ਲਈ ਮਾਈਨਿੰਗ ਮਾਫੀਆ ਅਤੇ ਟਿੱਪਰ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਕੀਮਤ 'ਤੇ ਗੜ੍ਹਸ਼ੰਕਰ ਦੇ ਲੋਕਾਂ ਦੀ ਜਾਨ ਅਤੇ ਸੁਰੱਖਿਆ ਨਾਲ ਖਿਲਵਾੜ ਨਹੀਂ ਹੋਣ ਦੇਣਗੇ ਅਤੇ ਇਸ ਮਾਈਨਿੰਗ ਮਾਫੀਆ ਖ਼ਿਲਾਫ਼ ਸੰਘਰਸ਼ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਹਿਮਾਚਰ ਪ੍ਰਦੇਸ਼ ਦੇ ਕਾਂਗਰਸ ਸਰਕਾਰ ਦੇ ਉੱਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਅਤੇ ਪੰਜਾਬ ਸਰਕਾਰ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ ਇਨ੍ਹਾਂ ਨੂੰ ਸੱਤਾ ਵਿਚ ਆਉਂਦੇ ਮਾਈਨਿੰਗ ਤੋਂ ਤਕਲੀਫ਼ ਬੰਦ ਕਿਉਂ ਹੋ ਗਈ ਹੈ, ਜਿਸ ਨਾਜਾਇਜ਼ ਮਾਈਨਿੰਗ ਅਤੇ ਮਾਫੀਆ ਖ਼ਿਲਾਫ਼ ਪਹਿਲਾਂ ਇਹ ਲੋਕ ਆਪ ਸਵਾਲ ਚੁੱਕਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹਲਕਾ ਗੜ੍ਹਸ਼ੰਕਰ ਵਿਧਾਇਕ ਜੈ ਕ੍ਰਿਸ਼ਨ ਰੌੜੀ ਨੇ ਰਾਮਪੂਰ ਬਿਲੜੋਂ ਦਾ ਰਸਤਾ ਆਪ ਬੰਦ ਨਾ ਕਰਵਾਇਆ ਤਾਂ ਲੋਕ ਸਮਝ ਜਾਣਗੇ ਕਿ ਕਿਸ ਦੀ ਸ਼ਹਿ 'ਤੇ ਮਾਈਨਿੰਗ ਵਾਲੇ ਟਿੱਪਰ ਗੜ੍ਹਸ਼ੰਕਰ ਵਿਚ ਚੱਲਦੇ ਹਨ। 

ਇਹ ਵੀ ਪੜ੍ਹੋ-ਵਜ਼ੀਫਾ ਘਪਲੇ 'ਚ ਮਾਨ ਸਰਕਾਰ ਦੀ ਵੱਡੀ ਕਾਰਵਾਈ, ਇਨ੍ਹਾਂ ਦੋ ਅਧਿਕਾਰੀਆਂ 'ਤੇ ਲਿਆ ਸਖ਼ਤ ਐਕਸ਼ਨ

ਉਨ੍ਹਾਂ ਕਿਹਾ ਕਿ ਜੈ ਕ੍ਰਿਸ਼ਨ ਰੌੜੀ ਅੱਜ ਸੱਤਾ ਵਿਚ ਹਨ ਅਤੇ ਉਨ੍ਹਾਂ ਕੋਲ ਸਰਕਾਰੀ ਅਹੁਦਾ ਵੀ ਹੈ। ਹਲਕਾ ਗੜ੍ਹਸ਼ੰਕਰ ਦੇ ਵਾਤਾਵਰਣ ਦੀ ਸੰਭਾਲ ਅਤੇ ਬਚਾਅ ਲਈ ਉਨ੍ਹਾਂ ਆਪ ਮੁੱਖ ਮੰਤਰੀ ਕੋਲ ਜਾ ਕੇ ਇਸ ਮਸਲੇ ਦੀ ਜਾਂਚ ਸ਼ੁਰੂ ਕਰਵਾਉਣੀ ਚਾਹੀਦੀ ਸੀ ਪਰ ਉਹ ਸੱਤਾ ਵਿਚ ਆਉਂਦੇ ਹੀ ਮਾਈਨਿੰਗ ਖ਼ਿਲਾਫ਼ ਚੁੱਪੀ ਧਾਰ ਕੇ ਬੈਠ ਗਏ ਹਨ। ਗੜ੍ਹਸ਼ੰਕਰ ਵਿਚ ਮਾਈਨਿੰਗ ਅਤੇ ਟਿੱਪਰਾਂ ਦੀ ਗਿਣਤੀ ਭਾਵੇਂ ਚਾਰ ਗੁਣਾ ਹੋ ਗਈ ਹੈ ਅਤੇ ਆਏ ਦਿਨ ਇਹ ਟਿੱਪਰ ਸੜਕ ਹਾਦਸਿਆਂ ਵਿਚ ਗੜ੍ਹਸ਼ੰਕਰ ਦੇ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਹਨ ਪਰ ਸ਼ਾਇਦ 'ਆਪ' ਵਿਧਾਇਕ ਨੂੰ ਗੜ੍ਹਸ਼ੰਕਰ ਵਾਸੀਆਂ ਦੀਆਂ ਜਾਨਾਂ ਦਾ ਫਿਕਰ ਹੀ ਨਹੀਂ ਰਿਹਾ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਉਹ ਬਕਾਇਦਾ ਇਸ ਮਸਲੇ ਦੀ ਉੱਚ ਪੱਧਰੀ ਜਾਂਚ ਕਰਵਾਉਣਗੇ ਅਤੇ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਨ ਵਾਲੇ ਇਨ੍ਹਾਂ ਟਿੱਪਰਾਂ ਦਾ ਨਾਜਾਇਜ਼ ਲਾਂਘਾ ਬੰਦ ਕਰਵਾਉਣਗੇ। 

ਇਹ ਵੀ ਪੜ੍ਹੋ-ਠੱਗੀ ਦਾ ਤਰੀਕਾ ਜਾਣ ਹੋਵੇਗੇ ਹੈਰਾਨ, ਫੇਸਬੁੱਕ ’ਤੇ ਪਛਾਣ ਤੋਂ ਬਾਅਦ ਵਿਦੇਸ਼ ਭੇਜਣ ਲਈ ਸਾਜਿਸ਼ ਰਚ ਕੀਤਾ ਫਰਾਡ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News