ਨਵਾਂਸ਼ਹਿਰ ਦੀ ਪੁਲਸ ਨੇ ਵੱਖ-ਵੱਖ ਮਾਮਲਿਆਂ ’ਚ 23.5 ਗ੍ਰਾਮ ਹੈਰੋਇਨ ਸਣੇ 6 ਵਿਅਕਤੀ ਕੀਤੇ ਗ੍ਰਿਫ਼ਤਾਰ

Saturday, Jun 29, 2024 - 06:24 PM (IST)

ਨਵਾਂਸ਼ਹਿਰ ਦੀ ਪੁਲਸ ਨੇ ਵੱਖ-ਵੱਖ ਮਾਮਲਿਆਂ ’ਚ 23.5 ਗ੍ਰਾਮ ਹੈਰੋਇਨ ਸਣੇ 6 ਵਿਅਕਤੀ ਕੀਤੇ ਗ੍ਰਿਫ਼ਤਾਰ

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)- ਨਵਾਂਸ਼ਹਿਰ ਪੁਲਸ ਨੇ 4 ਵੱਖ-ਵੱਖ ਮਾਮਲਿਆਂ ’ਚ 23.5 ਗ੍ਰਾਮ ਹੈਰੋਇਨ ਸਮੇਤ 6 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਨਵਾਂਸ਼ਹਿਰ ਇੰਸਪੈਕਟਰ ਰਾਜਪਰਵਿੰਦਰ ਕੌਰ ਨੇ ਦੱਸਿਆ ਕਿ ਏ. ਐੱਸ. ਆਈ. ਸ਼ਿੰਦਰਪਾਲ ਦੀ ਪੁਲਸ ਪਾਰਟੀ ਵੱਲੋਂ ਗਸ਼ਤ ਦੌਰਾਨ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਗਈ।

ਇਸ ਦੌਰਾਨ ਪਿੰਡ ਕਰਿਆਮ ਤੋਂ ਹੁੰਦੇ ਹੋਏ ਚੌਰਸਤਾ ਭੰਗਲ ਕਲਾਂ ਕੋਲ ਮੌਜੂਦ ਸਨ ਤਾਂ ਪਿੰਡ ਅਮਰਗੜ੍ਹ ਵੱਲੋਂ ਸਕੂਟਰ ਸਵਾਰ ਵਿਅਕਤੀ ਨੂੰ ਆਉਂਦੇ ਵੇਖਿਆ ਗਿਆ ਜੋ ਪੁਲਸ ਪਾਰਟੀ ਨੂੰ ਵੇਖ ਕੇ ਘਬਰਾ ਗਿਆ ਅਤੇ ਪਿੱਛੇ ਮੁੜਨ ਦੀ ਕੋਸ਼ਿਸ਼ ਕਰਨ ਲੱਗਾ। ਉਸ ਨੇ ਆਪਣੇ ਹੱਥ ਵਿਚ ਫੜਿਆ ਮੋਮੀ ਲਿਫ਼ਾਫ਼ਾ ਸੜਕ ਦੇ ਕਿਨਾਰੇ ਸੁੱਟ ਦਿੱਤਾ। ਪੁਲਸ ਮੁਲਾਜ਼ਮਾਂ ਦੀ ਮਦਦ ਨਾਲ ਉਕਤ ਵਿਅਕਤੀ ਨੂੰ ਕਾਬੂ ਕਰਕੇ ਜਦੋਂ ਸੁੱਟੇ ਗਏ ਲਿਫ਼ਾਫ਼ੇ ਦੀ ਜਾਂਚ ਕੀਤੀ ਗਈ ਤਾਂ ਉਸ ’ਚੋਂ 12 ਗ੍ਰਾਮ ਹੈਰੋਇਨ ਬਰਾਮਦ ਹੋਈ। ਕਾਬੂ ਵਿਅਕਤੀ ਦੀ ਪਛਾਣ ਹਰਮੇਸ਼ ਲਾਲ ਉਰਫ਼ ਮੇਸ਼ੀ ਵਾਸੀ ਪਿੰਡ ਨਈਮਜਾਰਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ- ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਵੱਡੇ ਡਾਕਖਾਨੇ ਦੇ ਬਾਹਰ ਹੋਈ ਖ਼ੂਨੀ ਝੜਪ, ਚੱਲੇ ਤੇਜ਼ਧਾਰ ਹਥਿਆਰ

ਐੱਸ. ਐੱਚ. ਓ. ਨੇ ਦੱਸਿਆ ਕਿ ਇਸੇ ਤਰ੍ਹਾਂ ਏ. ਐੱਸ. ਆਈ. ਬਿਕਰਮ ਸਿੰਘ ਥਾਣਾ ਸਦਰ ਮਹਾਲੋਂ ਤੋਂ ਪਿੰਡ ਭੀਣ ਵੱਲ ਜਾ ਰਹੇ ਸਨ ਤਾਂ ਇਕ ਨੌਜਵਾਨ ਪੈਦਲ ਆਉਂਦਾ ਦੇਖਿਆ ਜਿਸਨੇ ਘਬਰਾਹਟ ਵਿਚ ਆ ਕੇ ਆਪਣੇ ਕੋਲ ਰੱਖੇ ਮੋਮੀ ਲਿਫ਼ਾਫ਼ੇ ਨੂੰ ਘਾਹ ਵਿਚ ਸੁੱਟ ਦਿੱਤਾ। ਉਕਤ ਨੌਜਵਾਨ ਨੂੰ ਕਾਬੂ ਕਰ ਕੇ ਜਦੋਂ ਮੋਮੀ ਲਿਫ਼ਾਫ਼ੇ ਦੀ ਜਾਂਚ ਕੀਤੀ ਗਈ ਤਾਂ ਉਸ ’ਚੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਉਸ ਦੀ ਪਛਾਣ ਗੁਰਜੀਤ ਸਿੰਘ ਵਾਸੀ ਪਿੰਡ ਗੁੱਜਰਪੁਰ ਵਜੋਂ ਹੋਈ ਹੈ।

ਥਾਣਾ ਔੜ ਵਿਖੇ ਤਾਇਨਾਤ ਏ. ਐੱਸ. ਆਈ. ਮਨੋਹਰ ਲਾਲ ਦੀ ਪੁਲਸ ਪਾਰਟੀ ਨੇ ਇਕ ਨੌਜਵਾਨ ਸੰਦੀਪ ਸਿੰਘ ਉਰਫ਼ ਸੀਪਾ ਵਾਸੀ ਪਿੰਡ ਸਾਹਲੋਂ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਦਕਿ ਉਸ ਦੇ ਭਰਾ ਪਰਮਜੀਤ ਸਿੰਘ ਉਰਫ਼ ਪੰਮਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਕਾਰਵਾਈ ਵਿਚ ਰੁਕਾਵਟ ਪਾਉਣ ਅਤੇ ਝਗੜਾ ਕਰਨ ਦੇ ਦੋਸ਼ ਵਿਚ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ ਥਾਣਾ ਬਹਿਰਾਮ ਦੀ ਪੁਲਸ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਜਿਨ੍ਹਾਂ ਦੀ ਪਛਾਣ ਸੰਜੀਵ ਰੱਤੂ ਅਤੇ ਦਵਿੰਦਰ ਵਜੋਂ ਹੋਈ ਹੈ, ਨੂੰ 0.5 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਸ ਨੇ ਦੱਸਿਆ ਕਿ ਉਕਤ ਸਾਰੇ ਮਾਮਲਿਆਂ ’ਚ ਕਾਬੂ ਕੀਤੇ ਕਥਿਤ ਦੋਸ਼ੀਆਂ ਖਿਲਾਫ ਸਬੰਧਿਤ ਥਾਣਿਆਂ ’ਚ ਐੱਨ. ਡੀ. ਪੀ. ਐੱਸ. ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ: PUBG ਦੀ ਦੀਵਾਨਗੀ ਨੇ ਲਈ 12ਵੀਂ ਦੇ ਵਿਦਿਆਰਥੀ ਦੀ ਜਾਨ, ਮਾਂ ਨੇ ਰੋਕਿਆ ਤਾਂ ਕਰ ਲਈ ਖ਼ੁਦਕੁਸ਼ੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News