ਨਵਾਂਸ਼ਹਿਰ ਬਾਈਪਾਸ ਦਾ ਛੋਟੇ ਵਾਹਨਾਂ ਲਈ ਵਨ-ਵੇਅ ਖੋਲ੍ਹਿਆ

01/27/2020 3:25:13 PM

ਨਵਾਂਸ਼ਹਿਰ (ਤ੍ਰਿਪਾਠੀ)— ਜ਼ਿਲਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜਲੰਧਰ ਤੋਂ ਚੰਡੀਗੜ੍ਹ ਜਾਣ ਵਾਲੇ ਟ੍ਰੈਫਿਕ ਨੂੰ ਉਸਾਰੀ ਅਧੀਨ ਫਗਵਾੜਾ-ਰੂਪਨਗਰ ਨੈਸ਼ਨਲ ਹਾਈਵੇਅ ਰਾਹੀਂ ਗੁਜ਼ਰਨ ਦੀ ਵੱਡੀ ਰਾਹਤ ਦਿੰਦੇ ਗਣਤੰਤਰ ਦਿਵਸ 'ਤੇ ਨਵਾਂਸ਼ਹਿਰ ਬਾਈਪਾਸ ਨੂੰ ਵਨ-ਵੇਅ ਖੋਲ੍ਹ ਦਿੱਤਾ ਗਿਆ। ਐੱਸ. ਡੀ. ਐੱਮ. ਜਗਦੀਸ਼ ਸਿੰਘ ਜੌਹਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਵੱਲੋਂ ਚੰਡੀਗੜ੍ਹ ਚੌਂਕ 'ਚ ਲਗਦੇ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਵਾਂਸ਼ਹਿਰ ਬਾਈਪਾਸ ਦਾ ਇਕ ਪਾਸਾ ਚਲਾਉਣ ਦੀ ਹਦਾਇਤ ਕੀਤੀ ਗਈ ਸੀ, ਜਿਸ 'ਤੇ ਅਮਲ ਕਰਦੇ ਬੀਤੇ ਦਿਨ ਮਹਾਲੋਂ ਤੋਂ ਲੰਗੜੋਆ ਬਾਈਪਾਸ ਦਾ ਇਕ ਪਾਸਾ ਛੋਟੇ ਵਾਹਨਾਂ ਲਈ ਸਰਵਿਸ ਲੇਨ ਰਾਹੀਂ ਚਲਾ ਦਿੱਤਾ ਗਿਆ ਹੈ। 

ਉਨ੍ਹਾਂ ਦੱਸਿਆ ਕਿ ਫਰਵਰੀ ਦੇ ਅਖੀਰ ਤੱਕ ਬਾਈਪਾਸ ਦਾ ਚੰਡੀਗੜ੍ਹ ਤੋਂ ਜਲੰਧਰ ਵਾਲਾ ਵਾਲਾ ਦੂਜਾ ਪਾਸਾ ਵੀ ਚਲਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਫਿਲਹਾਲ ਜਲੰਧਰ ਤੋਂ ਚੰਡੀਗੜ੍ਹ ਜਾਣ ਵਾਲੀ ਟ੍ਰੈਫਿਕ ਨੂੰ ਨਵਾਂਸ਼ਹਿਰ 'ਚ ਦਾਖਲ ਹੋਣ ਦੀ ਲੋੜ ਨਹੀਂ ਰਹੇਗੀ ਅਤੇ ਉਹ ਮਹਾਲੋਂ ਤੋਂ ਹੀ ਚੰਡੀਗੜ੍ਹ ਰੋਡ 'ਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਟ੍ਰੈਫਿਕ ਉਸਾਰੀ ਅਧੀਨ ਪੁੱਲ ਦੇ ਨਾਲ ਬਣੀ ਸਰਵਿਸ ਲੇਨ ਰਾਹੀਂ ਹੀ ਜਾਵੇਗਾ। ਐੱਸ. ਡੀ. ਐੱਮ. ਅਨੁਸਾਰ ਸਰਵਿਸ ਲੇਨ ਨਵਾਂਸ਼ਹਿਰ-ਗੜ੍ਹਸ਼ੰਕਰ ਰੋਡ ਤੋਂ ਗੁਜ਼ਰਦੀ ਹੋਣ ਕਾਰਨ ਕਿਸੇ ਵੀ ਤਰ੍ਹਾਂ ਦੀ ਅਣ-ਸੁਖਾਵੀਂ ਘਟਨਾ ਨੂੰ ਰੋਕਣ ਲਈ ਨਵਾਂਸ਼ਹਿਰ-ਗੜ੍ਹਸ਼ੰਕਰ ਰੋਡ 'ਤੇ ਦੋਵੀਂ ਪਾਸੀਂ ਟ੍ਰੈਫਿਕ ਨੂੰ ਹੌਲੀ ਗਤੀ 'ਚ ਕਰਨ ਲਈ ਪ੍ਰਬੰਧ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਤਹਿਸੀਲਦਾਰ ਕੁਲਵੰਤ ਸਿੰਘ ਸਿੱਧੂ ਅਤੇ ਨੈਸ਼ਨਲ ਹਾਈਵੇਅ 'ਤੇ ਕੰਮ ਕਰਨ ਵਾਲੀ ਏਜੰਸੀ ਜੀ ਆਰ ਇੰਨਫ੍ਰਾ ਦੇ ਅਧਿਕਾਰੀ ਵੀ ਮੌਜੂਦ ਸਨ।


shivani attri

Content Editor

Related News