ਕੈਂਟ ਹਲਕੇ ਨਾਲ ਸਬੰਧਤ ਪਿੰਡਾਂ ਨੂੰ ਨਗਰ ਨਿਗਮ ਦੀ ਹੱਦ ''ਚ ਲਿਆਉਣ ਦਾ ਕੀਤਾ ਵਿਰੋਧ

06/24/2018 12:02:10 PM

ਜਲੰਧਰ (ਚੋਪੜਾ)— ਜਲੰਧਰ ਕੈਂਟ ਹਲਕੇ ਨਾਲ ਸਬੰਧਤ ਪਿੰਡਾਂ ਨੂੰ ਨਗਰ ਨਿਗਮ ਦੀ ਹੱਦ 'ਚ ਲਿਆਉਣ ਦਾ ਵਿਰੋਧ ਕਰਦੇ ਹੋਏ ਸੋਫੀ ਪਿੰਡ ਦੇ ਸਰਪੰਚ ਤਿਰਲੋਕ ਰਾਜ ਸਾਂਪਲਾ, ਬਲਾਕ ਸੰਮਤੀ ਮੈਂਬਰ ਮਨੋਹਰ ਲਾਲ ਮਸੀਹ, ਸਾਬਕਾ ਪੰਚ ਭਜਨ ਲਾਲ ਤੇ ਹੋਰਾਂ ਨੇ ਦੱਸਿਆ ਕਿ ਜਿਨ੍ਹਾਂ ਪਿੰਡਾਂ ਨੂੰ ਨਗਰ ਨਿਗਮ 'ਚ ਸ਼ਾਮਲ ਕੀਤਾ ਗਿਆ ਹੈ ਉਨ੍ਹਾਂ 'ਚੋਂ 90 ਫੀਸਦੀ ਆਬਾਦੀ ਦਲਿਤ ਭਾਈਚਾਰੇ ਨਾਲ ਸਬੰਧਤ ਹੈ ਅਤੇ ਉਕਤ ਲੋਕ ਆਪਣੇ ਮਕਾਨ ਬਣਾਉਣ ਲਈ ਨਕਸ਼ਾ ਪਾਸ ਕਰਵਾਉਣ ਦੀ ਹਿੰਮਤ ਨਹੀਂ ਰੱਖਦੇ। ਇਸ ਦੇ ਇਲਾਵਾ ਪ੍ਰਾਪਰਟੀ ਟੈਕਸ, ਸੀਵਰੇਜ ਅਤੇ ਵਾਟਰ ਸਪਲਾਈ ਦੇ ਬਿੱਲ ਕਰਨ 'ਚ ਸਮੱਰਥ ਨਹੀਂ ਹੈ। 
ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ 'ਚ ਭ੍ਰਿਸ਼ਟਾਚਾਰ ਕਿਸੇ ਤੋਂ ਲੁਕਿਆ ਨਹੀਂ ਹੈ। ਅਜਿਹੀ ਹਾਲਤ ਵਿਚ ਘੱਟ ਪੜ੍ਹੇ-ਲਿਖੇ ਲੋਕਾਂ ਨੂੰ ਆਪਣੇ ਸਬੰਧਤ ਕੰਮਾਂ ਲਈ ਨਿਗਮ ਦਫਤਰ ਵਿਚ ਧੱਕੇ ਖਾਣ ਨੂੰ ਮਜਬੂਰ ਹੋਣਾ ਪਵੇਗਾ। ਉਨ੍ਹਾਂ ਨੇ ਦੱਸਿਆ ਕਿ ਜੋ ਨਿਗਮ ਆਪਣੇ ਕਰਮਚਾਰੀਆਂ ਨੂੰ ਤਨਖਾਹ ਅਤੇ ਠੇਕੇਦਾਰ ਦਾ ਬਕਾਇਆ ਅਦਾ ਕਰਨ 'ਚ ਸਮਰੱਥ ਨਹੀਂ ਹੈ, ਉਹ ਸਾਡੇ ਪਿੰਡਾਂ ਦਾ ਕੀ ਵਿਕਾਸ ਕਰਵਾ ਸਕਣਗੇ। ਉਨ੍ਹਾਂ ਨੇ ਕਿਹਾ ਕਿ ਕਾਫੀ ਕੋਸ਼ਿਸ਼ਾਂ ਨਾਲ ਉਨ੍ਹਾਂ ਨੇ ਸੋਫੀ ਪਿੰਡ ਦੇ ਵਿਕਾਸ ਲਈ ਕੇਂਦਰੀ ਸਮਾਜਿਕ ਨਿਆਂ ਰਾਜ ਮੰਤਰੀ ਤੋਂ 42 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਵਾਈ ਸੀ। ਜਿਸ ਨਾਲ ਸੋਫੀ ਪਿੰਡ ਅਤੇ ਰਹਿਮਾਨਪੁਰ ਦੇ ਕਬਰਿਸਤਾਨ ਦੇ ਨਾਲ ਲੱਗਦਾ ਰਾਹ ਕੱਢਿਆ ਜਾਣਾ ਸੀ, ਉਸ ਦੇ ਲੈਪਸ ਹੋਣ ਦਾ ਖਤਰਾ ਬਣ ਗਿਆ ਹੈ। 
ਉਨ੍ਹਾਂ ਨੇ ਕਿਹਾ ਕਿ ਇਹ ਕਿੱਥੋਂ ਦਾ ਇਨਸਾਫ ਹੈ ਕਿ ਅੱਧੇ ਫੋਲੜੀਵਾਲ ਨੂੰ ਸ਼ਹਿਰ ਦੇ ਨਾਲ ਜੋੜਿਆ ਗਿਆ ਹੈ ਅਤੇ ਅੱਧੇ ਨੂੰ ਪਿੰਡ ਦਾ ਹੀ ਦਰਜਾ ਦਿੱਤਾ ਗਿਆ ਹੈ। ਇਸ ਮੌਕੇ ਰਾਮ ਲੁਭਾਇਆ, ਮਲਕੀਅਤ ਸਿੰਘ ਅਤੇ ਹੋਰ ਮੌਜੂਦ ਸਨ।


Related News