ਕੋਰੋਨਾ ਵਾਇਰਸ ਦਾ ਖੌਫ, ਕੌਂਸਲਰ ਹਾਊਸ ਦੀ ਅੱਜ ਹੋਣ ਵਾਲੀ ਮੀਟਿੰਗ ਮੁਲਤਵੀ

03/09/2020 10:07:45 AM

ਜਲੰਧਰ (ਖੁਰਾਣਾ)— ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦੀ ਦਹਿਸ਼ਤ ਲਗਾਤਾਰ ਵਧਦੀ ਜਾ ਰਹੀ ਹੈ। ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਸਾਵਧਾਨੀ ਦੇ ਤੌਰ 'ਤੇ ਉਠਾਏ ਜਾ ਰਹੇ ਕਦਮਾਂ ਦੇ ਕਾਰਨ ਵੀ ਇਸ ਰੋਗ ਨੂੰ ਲੈ ਕੇ ਲੋਕਾਂ ਦੇ ਮਨ 'ਚ ਕਈ ਤਰ੍ਹਾਂ ਦੇ ਵਹਿਮ ਹਨ। ਇਕ ਪਾਸੇ ਜਿੱਥੇ ਸਰਕਾਰੀ ਦਫਤਰਾਂ 'ਚ ਬਾਇਓਮੈਟ੍ਰਿਕ ਹਾਜ਼ਰੀ ਤੱਕ 'ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਸਰਕਾਰੀ ਤੌਰ 'ਤੇ ਹੋਣ ਵਾਲੇ ਸਮਾਗਮਾਂ ਨੂੰ ਮੁਲਤਵੀ ਕੀਤਾ ਜਾ ਰਿਹਾ ਹੈ, ਉਥੇ ਹੀ ਜਲੰਧਰ ਨਗਰ ਨਿਗਮ ਦੀ ਸੋਮਵਾਰ 9 ਮਾਰਚ ਨੂੰ ਹੋਣ ਜਾ ਰਹੀ ਕੌਂਸਲਰ ਹਾਊਸ ਦੀ ਮੀਟਿੰਗ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।

ਇਸ ਸਬੰਧ 'ਚ ਮੇਅਰ ਜਗਦੀਸ਼ ਰਾਜਾ ਨੇ ਨਿਗਮ ਅਧਿਕਾਰੀਆਂ ਨੂੰ ਜ਼ੁਬਾਨੀ ਹੁਕਮ ਜਾਰੀ ਕਰਕੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਅਗਲੇ ਹੁਕਮਾਂ ਤੱਕ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਜਾਵੇ। ਮੰਨਿਆ ਜਾ ਰਿਹਾ ਹੈ ਕਿ ਹੁਣ ਹਾਊਸ ਦੀ ਅਗਲੀ ਮੀਟਿੰਗ ਕੁਝ ਦਿਨਾਂ ਬਾਅਦ ਹੀ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਮੀਟਿੰਗ ਦੌਰਾਨ ਜਿੱਥੇ ਨਿਗਮ ਯੂਨੀਅਨ ਅਤੇ ਨਿਗਮ ਪ੍ਰਸ਼ਾਸਨ ਦੇ ਵਿਚ ਹੋਏ ਸਮਝੌਤੇ ਨੂੰ ਲੈ ਕੇ ਕੁਝ ਪ੍ਰਸਤਾਵਾਂ 'ਤੇ ਚਰਚਾ ਹੋਣੀ ਹੈ, ਉਥੇ ਹੀ ਸਮਾਰਟ ਸਿਟੀ ਅਤੇ ਸ਼ਹਿਰ ਦੇ ਵਿਕਾਸ ਨਾਲ ਸਬੰਧਿਤ ਕਈ ਹੋਰ ਪ੍ਰਸਤਾਵ ਵੀ ਏਜੰਡੇ 'ਚ ਸ਼ਾਮਲ ਹਨ।

PunjabKesari

ਵਰਿਆਣਾ ਡੰਪ ਦੀ ਸਮੱਸਿਆ ਕੁਝ ਹੱਦ ਤੱਕ ਦੂਰ ਹੋਈ
ਪਿਛਲੇ ਦਿਨੀਂ ਪਏ ਮੀਂਹ ਕਾਰਨ ਸ਼ਹਿਰ ਦੇ ਮੁੱਖ ਡੰਪ ਵਰਿਆਣਾ 'ਚ ਕੂੜੇ ਵਾਲੀਆਂ ਗੱਡੀਆਂ ਦੇ ਜਾਣ ਦਾ ਰਸਤਾ ਖ਼ਰਾਬ ਹੋ ਗਿਆ ਸੀ, ਜਿਸ ਕਾਰਨ ਸ਼ਹਿਰ 'ਚੋਂ ਕੂੜੇ ਦੀ ਲਿਫਟਿੰਗ ਰੁਕ ਗਈ ਸੀ। ਬੀਤੇ ਦਿਨ ਮੌਸਮ ਸਾਫ ਹੋਣ ਕਾਰਨ ਨਿਗਮ ਨੇ ਵਰਿਆਣਾ ਡੰਪ ਦੇ ਅੰਦਰ ਬਣੇ ਰਸਤਿਆਂ 'ਤੇ ਮਲਬਾ ਆਦਿ ਸੁੱਟਿਆ, ਜਿਸ ਤੋਂ ਬਾਅਦ ਕੂੜੇ ਵਾਲੀ ਗੱਡੀ ਦੇ ਜਾਣ ਦਾ ਰਸਤਾ ਬਣਿਆ। ਨਿਗਮ ਦੇ ਸੈਨੀਟੇਸ਼ਨ ਵਿਭਾਗ ਦੀਆਂ ਕੋਸ਼ਿਸ਼ਾਂ ਨਾਲ ਅੱਜ ਸ਼ਹਿਰ ਦੇ ਕਈ ਡੰਪ ਥਾਵਾਂ ਤੋਂ ਕੂੜਾ ਚੁੱਕ ਕੇ ਵਰਿਆਣਾ ਭੇਜਿਆ ਪਰ ਅਜੇ ਵੀ ਸ਼ਹਿਰ 'ਚ ਕਾਫੀ ਕੂੜਾ ਜਮ੍ਹਾ ਹੈ, ਜਿਸ ਨੂੰ ਪੂਰੀ ਤਰ੍ਹਾਂ ਨਾਰਮਲ ਹੋਣ 'ਚ ਇਕ ਹਫ਼ਤਾ ਲੱਗ ਸਕਦਾ ਹੈ।

ਸੀਨੀਅਰ ਡਿਪਟੀ ਮੇਅਰ ਨੇ ਜਨਮ ਦਿਨ 'ਤੇ ਵੰਡੀਆਂ ਪੈਨਸ਼ਨਾਂ
ਨਗਰ ਨਿਗਮ ਦੀ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਦਾ ਬੀਤੇ ਦਿਨ ਜਨਮ ਦਿਨ ਸੀ, ਜਿਨ੍ਹਾਂ ਨੇ ਇਸ ਮੌਕੇ ਆਪਣੇ ਵਾਰਡ ਦੇ ਕਈ ਬਜ਼ੁਰਗਾਂ ਅਤੇ ਵਿਧਵਾਵਾਂ ਨੂੰ ਪੈਨਸ਼ਨਾਂ ਦੇ ਕਾਗਜ਼ਾਤ ਸੌਂਪੇ। ਇਸ ਦੌਰਾਨ 100 ਦੇ ਕਰੀਬ ਲਾਭਪਾਤਰੀਆਂ ਨੂੰ ਪੈਨਸ਼ਨਾਂ ਵੰਡੀਆਂ ਗਈਆਂ। ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਨੇ ਦੱਸਿਆ ਕਿ ਪੈਨਸ਼ਨ ਪ੍ਰਾਪਤ ਕਰਨ ਵਾਲੇ ਵਾਰਡ ਵਾਸੀਆਂ ਦੇ ਚਿਹਰਿਆਂ 'ਤੇ ਖੁਸ਼ੀ ਦੇਖ ਕੇ ਜੋ ਮਨ ਨੂੰ ਖੁਸ਼ੀ ਮਿਲਦੀ ਹੈ ਉਸ ਤੋਂ ਵੱਡਾ ਗਿਫਟ ਕੋਈ ਹੋਰ ਨਹੀਂ ਹੋ ਸਕਦਾ।


shivani attri

Content Editor

Related News