ਦਾਤ ਵਿਖਾ ਕੇ ਹੌਲਦਾਰ ਤੋਂ ਮੋਬਾਇਲ ਤੇ ਨਕਦੀ ਖੋਹੀ, 24 ਘੰਟਿਆਂ ’ਚ ਇਕ ਮੁਲਜ਼ਮ ਕਾਬੂ
Thursday, Jan 09, 2025 - 12:00 PM (IST)
ਜਲੰਧਰ (ਮਹੇਸ਼)–ਦਾਤ ਵਿਖਾ ਕੇ ਆਰਮੀ ਦੇ ਹੌਲਦਾਰ ਤੋਂ ਮੋਬਾਇਲ ਅਤੇ 1500 ਰੁਪਏ ਦੀ ਨਕਦੀ ਖੋਹਣ ਵਾਲੇ ਬਿਨਾਂ ਨੰਬਰੀ ਈ-ਰਿਕਸ਼ਾ ਚਾਲਕ ਨੂੰ ਜ਼ਿਲ੍ਹਾ ਦਿਹਾਤੀ ਪੁਲਸ ਦੇ ਥਾਣਾ ਪਤਾਰਾ ਦੇ ਐੱਸ. ਐੱਚ. ਓ. ਇੰਸ. ਹਰਦੇਵਪ੍ਰੀਤ ਸਿੰਘ ਦੀ ਟੀਮ ਨੇ ਸਿਰਫ਼ 24 ਘੰਟਿਆਂ ਵਿਚ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ, ਜਦਕਿ ਉਸ ਦੇ ਇਕ ਹੋਰ ਸਾਥੀ ਦੀ ਗ੍ਰਿਫ਼ਤਾਰੀ ਲਈ ਪਤਾਰਾ ਪੁਲਸ ਵੱਲੋਂ ਰੇਡ ਕੀਤੀ ਜਾ ਰਹੀ ਹੈ। ਉੱਪ ਪੁਲਸ ਕਪਤਾਨ ਆਦਮਪੁਰ ਕੁਲਵੰਤ ਸਿੰਘ ਪੀ. ਪੀ. ਐੱਸ. ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਮੋਨੂੰ ਪੁੱਤਰ ਪ੍ਰਮੋਦ ਪਾਸਵਾਨ ਵਾਸੀ ਦਾਤਾਰ ਨਗਰ ਰਾਮਾ ਮੰਡੀ ਜਲੰਧਰ ਵਜੋਂ ਹੋਈ ਹੈ। ਉਸਦੇ ਕਬਜ਼ੇ ਵਿਚੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਬਿਨਾਂ ਨੰਬਰੀ ਈ-ਰਿਕਸ਼ਾ ਵੀ ਬਰਾਮਦ ਕਰ ਲਿਆ ਹੈ।
ਮੋਨੂੰ ਅਤੇ ਉਸ ਦੇ ਸਾਥੀ ਖ਼ਿਲਾਫ਼ ਥਾਣਾ ਪਤਾਰਾ ਵਿਚ ਅੰਡਰ ਸੈਕਸ਼ਨ 304 (2), 3 (5) ਬੀ. ਐੱਨ. ਐੱਸ. ਤਹਿਤ ਆਰਮੀ ਵਿਚ ਹਵਲਦਾਰ ਵਜੋਂ ਤਾਇਨਾਤ ਵਿਜੇ ਬਲਜੀਤ ਪੁੱਤਰ ਦੁਲੀ ਚੰਦ ਵਾਸੀ ਪਿੰਡ ਕੀਰਤਪੁਰ ਥਾਣਾ ਚੌਬੇਪੁਰ ਜ਼ਿਲ੍ਹਾ ਕਾਹਨਪੁਰ ਨਗਰ ਯੂ. ਪੀ. ਹਾਲ ਵਾਸੀ 9 ਬਟਾਲੀਅਨ ਗਾਰਡਜ਼ ਰੈਜੀਮੈਂਟ ਆਰਮੀ ਹੈੱਡਕੁਆਰਟਰ ਫਿਰੋਜ਼ਪੁਰ ਦੇ ਬਿਆਨਾਂ ’ਤੇ ਸਾਲ 2025 ਦੀ ਪਹਿਲੀ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਮੇਅਰ ਤੇ ਹੋਰ ਨਾਵਾਂ ਦੇ ਲਿਫ਼ਾਫ਼ੇ ਤਿਆਰ, ਇਸ ਦਿਨ ਖੁੱਲ੍ਹੇਗਾ ਪਿਟਾਰਾ ਤੇ ਹੋਵੇਗਾ ਸਹੁੰ ਚੁੱਕ ਸਮਾਰੋਹ
ਵਿਜੇ ਬਲਜੀਤ ਨੇ ਪਤਾਰਾ ਪੁਲਸ ਨੂੰ ਬਿਆਨ ਦਿੱਤੇ ਸਨ ਕਿ 2 ਜਨਵਰੀ ਨੂੰ ਉਹ ਆਰਜ਼ੀ ਡਿਊਟੀ ਸਬੰਧੀ ਆਰਮੀ ਹੈੱਡਕੁਆਰਟਰ ਫਿਰੋਜ਼ਪੁਰ ਤੋਂ ਟ੍ਰੇਨ ਵਿਚ ਆਰਮੀ ਹੈੱਡਕੁਆਰਟਰ ਜਲੰਧਰ ਕੈਂਟ ਆਇਆ ਸੀ। ਉਸਨੇ ਰੇਲਵੇ ਸਟੇਸ਼ਨ ਤੋਂ ਈ-ਰਿਕਸ਼ਾ ਕੀਤਾ ਅਤੇ ਉਸ ਵਿਚ ਆਰਮੀ ਕੈਂਪ ਜਲੰਧਰ ਕੈਂਟ ਵੱਲ ਆ ਰਿਹਾ ਸੀ। ਈ-ਰਿਕਸ਼ਾ ਵਿਚ ਚਾਲਕ ਨਾਲ ਇਕ ਮੋਨਾ ਵਿਅਕਤੀ ਪਹਿਲਾਂ ਹੀ ਬੈਠਾ ਹੋਇਆ ਸੀ। ਰਾਤ ਦਾ ਸਮਾਂ ਹੋਣ ਕਾਰਨ ਉਸ ਨੂੰ ਰਸਤੇ ਬਾਰੇ ਕੁਝ ਨਹੀਂ ਪਤਾ ਲੱਗਾ, ਜਿਸ ਦਾ ਫਾਇਦਾ ਉਠਾਉਂਦਿਆ ਈ-ਰਿਕਸ਼ਾ ਚਾਲਕ ਉਸ ਨੂੰ ਜਲੰਧਰ ਕੈਂਟ ਲਿਜਾਣ ਦੀ ਬਜਾਏ ਥਾਣਾ ਪਤਾਰਾ ਅਧੀਨ ਪੈਂਦੇ ਪਿੰਡ ਭੋਜੋਵਾਲ ਦੀਆਂ ਝਾੜੀਆਂ ਵਿਚ ਲੈ ਆਇਆ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਇਸ ਦਿਨ ਬੰਦ ਰਹਿਣਗੇ ਸਕੂਲ, ਕਾਲਜ ਤੇ ਵਪਾਰਕ ਅਦਾਰੇ
ਉਸ ਸਮੇਂ ਰਾਤ ਦੇ ਲੱਗਭਗ ਪੌਣੇ 10 ਵੱਜੇ ਸਨ। ਇਸ ਦੌਰਾਨ ਈ-ਰਿਕਸ਼ਾ ਵਿਚ ਪਹਿਲਾਂ ਤੋਂ ਹੀ ਬੈਠੇ ਹੋਏ ਵਿਅਕਤੀ ਅਤੇ ਈ-ਰਿਕਸ਼ਾ ਚਾਲਕ ਨੇ ਮਿਲ ਕੇ ਉਸ ਨੂੰ ਈ-ਰਿਕਸ਼ਾ ਤੋਂ ਹੇਠਾਂ ਉਤਾਰ ਲਿਆ ਅਤੇ ਦਾਤ ਦਿਖਾ ਕੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉਸ ਨਾਲ ਕੁੱਟਮਾਰ ਕੀਤੀ। ਬਾਅਦ ਵਿਚ ਦੋਵਾਂ ਨੇ ਉਸ ਦੀ ਜੇਬ ਵਿਚੋਂ ਜਬਰਨ ਪੈਸਿਆਂ ਵਾਲਾ ਪਰਸ ਅਤੇ ਉਸ ਦਾ ਮੋਬਾਇਲ ਫੋਨ ਕੱਢ ਲਿਆ। ਥਾਣਾ ਪਤਾਰਾ ਦੇ ਐੱਸ. ਐੱਚ. ਓ. ਹਰਦੇਵਪ੍ਰੀਤ ਸਿੰਘ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੇ ਹਨ। ਡੀ. ਐੱਸ. ਪੀ. ਆਦਮਪੁਰ ਕੁਲਵੰਤ ਸਿੰਘ ਨੇ ਕਿਹਾ ਕਿ ਮੁਲਜ਼ਮ ਨੂੰ ਕੱਲ ਸਵੇਰੇ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਸ ਦੇ ਫ਼ਰਾਰ ਸਾਥੀ ਨੂੰ ਵੀ ਕਾਬੂ ਕਰਕੇ ਉਸ ਤੋਂ ਮੋਬਾਇਲ ਫੋਨ, ਦਾਤ ਅਤੇ ਪੈਸਿਆਂ ਦੀ ਰਿਕਵਰੀ ਕੀਤੀ ਜਾ ਸਕੇ।
ਇਹ ਵੀ ਪੜ੍ਹੋ- ਜਥੇਦਾਰ ਨਾਲ ਮੁਲਾਕਾਤ ਮਗਰੋਂ ਦਲਜੀਤ ਚੀਮਾ ਦਾ ਵੱਡਾ ਬਿਆਨ, ਸੁਖਬੀਰ ਦੇ ਅਸਤੀਫ਼ੇ 'ਤੇ ਆਖੀ ਇਹ ਗੱਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e