ਨਕਾਬਪੋਸ਼ ਲੁਟੇਰਿਆਂ ਨੇ ਮੈਡੀਕਲ ਸਟੋਰ ਦੇ ਮਾਲਕ ਨੂੰ ਗੰਨ ਪੁਆਇੰਟ ’ਤੇ ਗੱਲੇ ’ਚੋਂ 45 ਹਜ਼ਾਰ ਲੁੱਟੇ

Wednesday, May 14, 2025 - 03:56 PM (IST)

ਨਕਾਬਪੋਸ਼ ਲੁਟੇਰਿਆਂ ਨੇ ਮੈਡੀਕਲ ਸਟੋਰ ਦੇ ਮਾਲਕ ਨੂੰ ਗੰਨ ਪੁਆਇੰਟ ’ਤੇ ਗੱਲੇ ’ਚੋਂ 45 ਹਜ਼ਾਰ ਲੁੱਟੇ

ਜਲੰਧਰ (ਵਰੁਣ)–ਲੰਮਾ ਪਿੰਡ ਤੋਂ ਸੰਤੋਖਪੁਰਾ ਨੂੰ ਜਾਂਦੀ ਰੋਡ ’ਤੇ ਸਥਿਤ ਇਕ ਮੈਡੀਕਲ ਸਟੋਰ ਵਿਚ ਦਾਖ਼ਲ ਹੋ ਕੇ ਲੁਟੇਰੇ ਬੀਤੀ ਰਾਤ ਦੁਕਾਨ ਦੇ ਮਾਲਕ ਨੂੰ ਗੰਨ ਪੁਆਇੰਟ ’ਤੇ ਲੈ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਲੁਟੇਰੇ ਗੱਡੀ ਵਿਚ ਸਵਾਰ ਹੋ ਕੇ ਆਏ ਸਨ। 3 ਲੁਟੇਰਿਆਂ ਵਿਚੋਂ 2 ਲੁਟੇਰੇ ਵਾਰਦਾਤ ਕਰਨ ਲਈ ਦੁਕਾਨ ਵਿਚ ਦਾਖ਼ਲ ਹੋਏ, ਜਦਕਿ ਇਕ ਲੁਟੇਰਾ ਗੱਡੀ ਵਿਚ ਹੀ ਬੈਠਾ ਰਿਹਾ। ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਪੁਲਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦੇ ਲਲਿਤ ਨਾਰੰਗ ਨੇ ਦੱਸਿਆ ਕਿ ਉਹ ਸੰਤੋਖਪੁਰਾ ਨੇੜੇ ਨੀਰਜ ਮੈਡੀਕਲ ਸਟੋਰ ਨਾਂ ਦੀ ਦੁਕਾਨ ਚਲਾਉਂਦੇ ਹਨ। ਰਾਤ ਲਗਭਗ 10 ਵਜੇ ਉਹ ਦੁਕਾਨ ਬੰਦ ਕਰਨ ਦੀ ਤਿਆਰੀ ਕਰ ਰਹੇ ਸਨ। ਇਸੇ ਵਿਚਕਾਰ 2 ਨਕਾਬਪੋਸ਼ ਨੌਜਵਾਨ ਦੁਕਾਨ ਵਿਚ ਦਾਖ਼ਲ ਹੋ ਗਏ। ਦੋਵੇਂ ਲੁਟੇਰੇ ਕਾਊਂਟਰ ਦੇ ਵਿਚਕਾਰ ਆ ਗਏ, ਜਿਨ੍ਹਾਂ ਵਿਚੋਂ ਇਕ ਨੇ ਉਸ ਨੂੰ ਗੰਨ ਪੁਆਇੰਟ ’ਤੇ ਲੈ ਕੇ ਹੇਠਾਂ ਬਿਠਾ ਦਿੱਤਾ, ਜਦਕਿ ਕਰਮਚਾਰੀ ਨੂੰ ਵੀ ਥੱਪੜ ਮਾਰ ਕੇ ਜ਼ਮੀਨ ’ਤੇ ਬੈਠਣ ਨੂੰ ਕਿਹਾ। ਲੁਟੇਰੇ ਦੇ ਹੱਥ ਵਿਚ ਪਿਸਤੌਲ ਵਰਗੀ ਕੋਈ ਚੀਜ਼ ਸੀ, ਜਿਸ ਨੇ ਹਿੱਲਣ ’ਤੇ ਗੋਲ਼ੀ ਮਾਰਨ ਦੀ ਧਮਕੀ ਦਿੱਤੀ। ਦੂਜੇ ਲੁਟੇਰਾ ਗੱਲੇ ਵੱਲ ਗਿਆ ਅਤੇ 45 ਹਜ਼ਾਰ ਰੁਪਏ ਦੀ ਨਕਦੀ ਕੱਢ ਲਈ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਠਾਹ-ਠਾਹ ਨਾਲ ਦਹਿਲਿਆ ਇਹ ਇਲਾਕਾ

ਇਸੇ ਦੌਰਾਨ ਜਿਸ ਲੁਟੇਰੇ ਨੇ ਉਸ ਨੂੰ ਗੰਨ ਪੁਆਇੰਟ ’ਤੇ ਲਿਆ ਸੀ, ਉਸ ਦੀ ਨਜ਼ਰ ਉਸ ਦੀ ਸੋਨੇ ਦੀ ਚੇਨ ’ਤੇ ਪੈ ਗਈ, ਜਿਸ ਨੇ ਚੇਨੀ ਉਤਾਰ ਲਈ। ਲੁਟੇਰੇ ਜਾਣ ਲੱਗੇ ਤਾਂ ਗੱਲੇ ਵਿਚੋਂ ਪੈਸੇ ਕੱਢਣ ਵਾਲੇ ਲੁਟੇਰੇ ਦੀ ਨਜ਼ਰ ਉਸ ਦੀਆਂ ਸੋਨੇ ਦੀਆਂ ਅੰਗੂਠੀਆਂ ’ਤੇ ਪੈ ਗਈ। ਲੁਟੇਰੇ ਨੇ ਚਾਰ ਸੋਨੇ ਦੀਆਂ ਅੰਗੂਠੀਆਂ ਵੀ ਉਤਰਵਾ ਲਈਆਂ ਅਤੇ ਬਾਹਰ ਵੱਲ ਭੱਜ ਗਏ। ਜਦੋਂ ਤਕ ਉਹ ਮਦਦ ਲਈ ਬਾਹਰ ਆ ਕੇ ਰੌਲਾ ਪਾਉਂਦੇ ਲੁਟੇਰੇ ਗੱਡੀ ਵਿਚ ਬੈਠ ਕੇ ਫ਼ਰਾਰ ਹੋ ਗਏ ਸਨ।

ਲੁੱਟ ਦੀ ਸੂਚਨਾ ਮਿਲਦੇ ਹੀ ਏ. ਸੀ. ਪੀ. ਨਾਰਥ ਆਤਿਸ਼ ਭਾਟੀਆ ਅਤੇ ਥਾਣਾ ਨੰਬਰ 8 ਦੇ ਇੰਚਾਰਜ ਕਮਲਜੀਤ ਸਿੰਘ ਮੌਕੇ ’ਤੇ ਪਹੁੰਚ ਗਏ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਕਬਜ਼ੇ ਵਿਚ ਲੈ ਲਈ ਹੈ। ਏ. ਸੀ. ਪੀ. ਭਾਟੀਆ ਨੇ ਕਿਹਾ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਜ਼ਰੀਏ ਲੁਟੇਰਿਆਂ ਦਾ ਰੂਟ ਬ੍ਰੇਕ ਕਰਨ ਵਿਚ ਲੱਗੀ ਹੈ। ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਥਾਣਾ ਨੰਬਰ 8 ਅਧੀਨ ਆਉਂਦੀ ਚੌਂਕੀ ਫੋਕਲ ਪੁਆਇੰਟ ਵਿਚ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ 15 ਮਈ ਨੂੰ ਲੈ ਕੇ ਹੋਇਆ ਵੱਡਾ ਐਲਾਨ, ਸ਼ਹਿਰ ਵਾਸੀ ਦੇਣ ਧਿਆਨ

ਪੁਲਸ ਨੇ ਕਾਰ ਦੇ ਨੰਬਰ ਤੋਂ ਟ੍ਰੇਸ ਕੀਤੇ ਮੁਲਜ਼ਮ!
ਸੂਤਰਾਂ ਦੀ ਮੰਨੀਏ ਤਾਂ ਦੁਕਾਨਦਾਰ ਨੇ ਜੋ ਲੁਟੇਰਿਆਂ ਦੀ ਗੱਡੀ ਦਾ ਨੰਬਰ ਪੁਲਸ ਨੂੰ ਦਿੱਤਾ ਸੀ, ਪੁਲਸ ਨੇ ਉਸ ਦੀ ਡਿਟੇਲ ਕਢਵਾ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਸ਼ੱਕੀਆਂ ਦੇ ਘਰਾਂ ’ਤੇ ਰੇਡ ਵੀ ਕੀਤੀ ਪਰ ਉਹ ਫ਼ਰਾਰ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਮਨੁੱਖੀ ਵਸੀਲੇ ਅਤੇ ਟੈਕਨੀਕਲ ਢੰਗ ਅਪਣਾਏ ਜਾ ਰਹੇ ਹਨ।

ਬੇਕਰੀ ਦੇ ਬਾਹਰ 3 ਮਿੰਟ ਖੜ੍ਹੇ ਰਹੇ, ਫਿਰ ਕੀਤੀ ਵਾਰਦਾਤ
ਜਾਂਚ ਵਿਚ ਪਤਾ ਲੱਗਾ ਕਿ ਨੀਰਜ ਮੈਡੀਕਲ ਸਟੋਰ ਦੇ ਨੇੜੇ ਹੀ ਇਕ ਬੇਕਰੀ ਹੈ, ਜਿਥੇ ਲੁਟੇਰਿਆਂ ਦੀ ਗੱਡੀ 3 ਮਿੰਟ ਖੜ੍ਹੀ ਰਹੀ। ਲੁਟੇਰੇ ਗੱਡੀ ਵਿਚ ਹੀ ਸਵਾਰ ਸਨ। 3 ਮਿੰਟ ਉਹ ਆਲੇ-ਦੁਆਲੇ ਵੇਖਦੇ ਰਹੇ ਅਤੇ ਜਦੋਂ ਦੁਕਾਨ ਵਿਚੋਂ ਗਾਹਕ ਬਾਹਰ ਨਿਕਲੇ ਤਾਂ ਉਸੇ ਸਮੇਂ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਅਤੇ ਹਾਈਵੇ ਵੱਲ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ: Punjab: ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਖੜ੍ਹੀ ਹੋਈ ਵੱਡੀ ਮੁਸੀਬਤ!

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News