ਦਾਜ ਦੀ ਬਲੀ ਚੜੀ ਇਕ ਹੋਰ ਧੀ, ਪਤੀ ਸਮੇਤ 5 ਖਿਲਾਫ ਮੁਕੱਦਮਾ ਦਰਜ

01/13/2020 10:19:47 PM

ਗੁਰਾਇਆ,(ਮੁਨੀਸ਼) : ਗੁਰਾਇਆ ਥਾਣੇ ਅਧੀਨ ਆਉਂਦੇ ਪਿੰਡ ਪੱਦੀ ਖਾਲਸਾ ਵਿਖੇ ਇਕ ਵਿਆਹੁਤਾ ਵੱਲੋਂ ਆਪਣੇ ਸਹੁਰੇ ਪਰਿਵਾਰ ਤੋਂ ਪਰੇਸ਼ਾਨ ਹੋ ਕੇ ਆਤਮ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮ੍ਰਿਤਕਾ ਦੇ ਪਤੀ ਸਮੇਤ ਕੁੱਲ 5 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿਸ 'ਚ ਮ੍ਰਿਤਕਾ ਦੇ ਪਤੀ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕਾ ਦੇ ਭਰਾ ਪ੍ਰਦੀਪ ਕੁਮਾਰ ਵਾਸੀ ਲੁਧਿਆਣਾ ਨੇ ਦੱਸਿਆ ਕਿ ਉਸ ਦੀ ਭੈਣ ਪੂਜਾ ਰਾਣੀ ਦਾ ਵਿਆਹ ਕਰੀਬ 8 ਸਾਲ ਪਹਿਲਾਂ ਪੱਦੀ ਖਾਲਸਾ ਦੇ ਹਰਜਿੰਦਰ ਸਿੰਘ ਦੇ ਨਾਲ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੀ ਸਮਰੱਥਾ ਮੁਤਾਬਕ ਦਾਜ ਦਹੇਜ ਵੀ ਦਿੱਤਾ ਸੀ ਪਰ ਵਿਆਹ ਤੋਂ ਕਰੀਬ 6 ਮਹੀਨਿਆਂ ਬਾਅਦ ਹੀ ਉਸ ਦੀ ਭੈਣ ਦੇ ਸਹੁਰੇ ਪਰਿਵਾਰ ਵੱਲੋਂ ਉਸਦੀ ਭੈਣ ਨੂੰ ਤੰਗ ਪਰੇਸ਼ਾਨ ਕੀਤਾ ਜਾਣ ਲੱਗਿਆ ਅਤੇ ਹੋਰ ਦਹੇਜ ਦੀ ਮੰਗ ਲਗਾਤਾਰ ਕੀਤੀ ਜਾਣ ਲੱਗੀ । ਉਨ੍ਹਾਂ ਦੱਸਿਆ ਕਿ ਇਸ ਬਾਬਤ ਕਈ ਵਾਰ ਗੱਲਬਾਤ ਰਾਹੀਂ ਮਸਲਾ ਵੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਬਾਵਜੂਦ ਇਸਦੇ ਉਸਦੀ ਭੈਣ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਸੀ।

ਉਨ੍ਹਾਂ ਦੱਸਿਆ ਕਿ 11 ਜਨਵਰੀ ਨੂੰ ਉਨ੍ਹਾਂ ਦੀ ਭੈਣ ਨੇ ਉਸ ਦੀ ਮਾਤਾ ਨੂੰ ਫੋਨ ਕਰਕੇ ਦੱਸਿਆ ਕਿ ਉਸਦਾ ਸਹੁਰਾ ਪਰਿਵਾਰ ਉਸ ਨੂੰ ਲਗਾਤਾਰ ਪਰੇਸ਼ਾਨ ਕਰ ਰਿਹਾ ਹੈ ਤੇ ਮਰਨ ਲਈ ਮਜ਼ਬੂਰ ਕਰ ਰਿਹਾ ਹੈ। ਜਿਸ 'ਤੇ ਉਸ ਨੇ ਕਿਹਾ ਕਿ ਉਹ ਉਸ ਨੂੰ ਸਵੇਰੇ ਆ ਕੇ ਲੈ ਜਾਣਗੇ। ਉਨ੍ਹਾਂ ਇਲਜ਼ਾਮ ਲਾਇਆ ਕਿ ਉਸ ਦੇ ਜੀਜੇ ਹਰਜਿੰਦਰ ਸਿੰਘ ਦਾ ਸਵੇਰੇ ਕਰੀਬ 9  ਵਜੇ ਹੀ ਉਨ੍ਹਾਂ ਨੂੰ ਫੋਨ ਆ ਗਿਆ ਕਿ ਉਸ ਦੀ ਭੈਣ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ ਤੇ ਉਹ ਉਸ ਨੂੰ ਡੀ. ਐਮ. ਸੀ ਲੁਧਿਆਣਾ ਵਿਖੇ ਲੈ ਕੇ ਆ ਰਹੇ ਹਨ। ਜਿਸ 'ਤੇ ਉਹ ਵੀ ਲੁਧਿਆਣਾ ਪਹੁੰਚੇ, ਜਿਥੇ ਜਾ ਕੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸ ਦੀ ਭੈਣ ਦੀ ਮੌਤ ਹੋ ਗਈ ਹੈ। ਉਨ੍ਹਾਂ ਆਪਣੀ ਭੈਣ ਦੀ ਮੌਤ ਲਈ ਉਸ ਦੇ ਪਤੀ ਹਰਜਿੰਦਰ ਸਿੰਘ, ਦਿਓਰ ਕਮਲਜੀਤ ਸਿੰਘ, ਜੇਠ ਦੀਪਾ, ਸੱਸ ਗੁਰੋ ਅਤੇ ਸਹੁਰਾ ਅਮਰੀਕ ਸਿੰਘ ਜਿੰਮੇਦਾਰ ਹਨ। ਪੁਲਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਸਾਰੇ ਮੁਲਜ਼ਮਾਂ ਖਿਲਾਫ ਥਾਣਾ ਗੁਰਾਇਆ 'ਚ ਐਫ. ਆਰ. ਆਈ ਨੰਬਰ 08 ਧਾਰਾ 306, 120 ਬੀ ਅਧੀਨ ਮਾਮਲਾ ਦਰਜ ਕਰ ਲਿਆ ਹੈ। ਥਾਣਾ ਗੁਰਾਇਆ ਦੇ ਸਬ ਇੰਸਪੈਕਟਰ ਅਤੇ ਜਾਂਚ ਅਧਿਕਾਰੀ ਕੁਲਵੰਤ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕਾ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਭਾਲ ਲਈ ਪੁਲਸ ਯਤਨਸ਼ੀਲ ਹੈ।


Related News