ਗਰਮਾਉਂਦਾ ਜਾ ਰਿਹੈ ਮਕਸੂਦਾਂ ਮੰਡੀ ਪਾਰਕਿੰਗ ਵਿਵਾਦ, ਹੁਣ ਆਟੋ ਵਾਲਿਆਂ ਨੇ ਪਰਚੀ ਨੂੰ ਲੈ ਕੇ ਖੋਲ੍ਹਿਆ ਮੋਰਚਾ

06/23/2022 4:47:15 PM

ਜਲੰਧਰ (ਜ. ਬ.)–ਮਕਸੂਦਾਂ ਮੰਡੀ ’ਚ ਪਾਰਕਿੰਗ ਦੀ ਪਰਚੀ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਰੇਹੜੀ ਵਾਲਿਆਂ ਤੋਂ ਬਾਅਦ ਹੁਣ ਆਟੋ ਵਾਲਿਆਂ ਨੇ ਪਾਰਕਿੰਗ ਦੀ ਪਰਚੀ ਖ਼ਿਲਾਫ਼ ਆਵਾਜ਼ ਉਠਾਉਂਦਿਆਂ ਮੰਗ ਪੂਰੀ ਨਾ ਹੋਣ ਦੀ ਸੂਰਤ ਵਿਚ ਮੰਡੀ ਦੇ ਗੇਟ ਬਲਾਕ ਕਰਨ ਦੀ ਚਿਤਾਵਨੀ ਦਿੱਤੀ ਹੈ। ਬੁੱਧਵਾਰ ਨੂੰ ਆਟੋ ਵਾਲਿਆਂ ਦੀ ਆੜ੍ਹਤੀਆਂ ਨਾਲ ਬੈਠਕ ਵੀ ਹੋਈ, ਜਿਸ ’ਚ ਪਾਰਕਿੰਗ ਠੇਕੇਦਾਰ ਨਹੀਂ ਪਹੁੰਚਿਆ, ਜਿਸ ਤੋਂ ਬਾਅਦ ਆੜ੍ਹਤੀ ਵੀ ਭੜਕ ਗਏ। ਦਰਅਸਲ, ਮੰਡੀ ਵਿਚ ਆਉਣ ਵਾਲੇ ਆਟੋ ਵਾਲਿਆਂ ਨੇ ਆਵਾਜ਼ ਉਠਾਈ ਸੀ ਕਿ ਉਨ੍ਹਾਂ ਤੋਂ ਪ੍ਰਤੀ ਚੱਕਰ 25 ਰੁਪਏ ਲੈ ਲਏ ਜਾਂਦੇ ਹਨ। ਹਰ ਦਿਨ ਉਨ੍ਹਾਂ ਦੇ 3 ਤੋਂ 4 ਚੱਕਰ ਲੱਗਦੇ ਹਨ ਅਤੇ ਪਾਰਕਿੰਗ ਵਾਲੇ ਹਰ ਵਾਰ 25 ਰੁਪਏ ਲੈ ਲੈਂਦੇ ਹਨ। ਉਨ੍ਹਾਂ ਨੇ ਆੜ੍ਹਤੀਆਂ ਸਾਹਮਣੇ ਆਵਾਜ਼ ਉਠਾਈ ਕਿ ਉਨ੍ਹਾਂ ਤੋਂ 12 ਘੰਟਿਆਂ ਦੀ ਪਰਚੀ ਲਈ ਜਾਵੇ, ਜਿਸ ਦੇ 40 ਰੁਪਏ ਲੱਗਦੇ ਹਨ। ਆਟੋ ਵਾਲਿਆਂ ਦੀ ਇਸ ਮੰਗ ਨੂੰ ਲੈ ਕੇ ਫਰੂਟ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਨਾਗਰਾ, ਚੇਅਰਮੈਨ ਰਸ਼ਪਾਲ ਬੱਬੂ, ਜਨਰਲ ਸੈਕਰੇਟਰੀ ਸਿਲਕੀ ਸਮੇਤ ਆੜ੍ਹਤੀ ਸੁਖਵਿੰਦਰ ਸਿੰਘ, ਪਵਨ ਕੁਮਾਰ ਅਤੇ ਹੋਰਨਾਂ ਨੇ ਆਟੋ ਵਾਲਿਆਂ ਦੀ ਮੀਟਿੰਗ ਬੁਲਾ ਲਈ।

ਆਟੋ ਵਾਲਿਆਂ ਤੋਂ ਇਲਾਵਾ ਪਾਰਕਿੰਗ ਦੇ ਠੇਕੇਦਾਰ ਨੂੰ ਵੀ ਬੁਲਾਇਆ ਗਿਆ ਪਰ ਮੀਟਿੰਗ ਖਤਮ ਹੋਣ ਤੋਂ ਬਾਅਦ ਵੀ ਉਹ ਨਹੀਂ ਪਹੁੰਚਿਆ। ਅਜਿਹੇ ਵਿਚ ਆੜ੍ਹਤੀਆਂ ਨੇ ਆਟੋ ਵਾਲਿਆਂ ਨੂੰ ਸਮਰਥਨ ਦਿੱਤਾ ਪਰ ਬਾਅਦ ਵਿਚ ਉਨ੍ਹਾਂ ਨੇ ਆਟੋ ਵਾਲਿਆਂ ਨੂੰ ਵੀ ਸਲਾਹ ਦਿੱਤੀ ਕਿ ਉਹ ਢੰਗ ਨਾਲ ਮੰਡੀ ਵਿਚ ਆਟੋ ਖੜ੍ਹੇ ਕਰਨ ਤਾਂ ਜੋ ਆੜ੍ਹਤੀਆਂ ਦੇ ਇਥੇ ਹੋਣ ਵਾਲੇ ਟਰੱਕ ਬਿਨਾਂ ਕਿਸੇ ਰੁਕਾਵਟ ਦੇ ਦੁਕਾਨਾਂ ਦੇ ਸਾਹਮਣੇ ਖੜ੍ਹੇ ਹੋ ਸਕਣ।

ਇਸ ਮੀਟਿੰਗ ਿਵਚ ਲੰਬੀ ਉਡੀਕ ਤੋਂ ਬਾਅਦ ਪਾਰਕਿੰਗ ਠੇਕੇਦਾਰ ਨਹੀਂ ਪਹੁੰਚਿਆ ਤਾਂ ਆਟੋ ਵਾਲਿਆਂ ਨੇ ਚਿਤਾਵਨੀ ਦਿੱਤੀ ਕਿ ਉਹ ਵੀਰਵਾਰ ਨੂੰ ਮੰਡੀ ਦੇ ਹਰ ਗੇਟ ’ਤੇ ਧਰਨਾ ਦੇਣਗੇ ਅਤੇ ਕੋਈ ਵੀ ਵਾਹਨ ਅੰਦਰ ਨਹੀਂ ਵੜਨ ਦੇਣਗੇ, ਹਾਲਾਂਕਿ ਇਸ ਚਿਤਾਵਨੀ ਦੇ ਬਾਅਦ ਆੜ੍ਹਤੀਆਂ ਦੀਆਂ ਮੁਸ਼ਕਲਾਂ ਵੀ ਵਧਣਗੀਆਂ ਕਿਉਂਕਿ ਜੇਕਰ ਗੇਟ ਬਲਾਕ ਹੋਏ ਤਾਂ ਆੜ੍ਹਤੀਆਂ ਦੀਆਂ ਗੱਡੀਆਂ ਅੰਦਰ ਨਹੀਂ ਵੜ ਸਕਣਗੀਆਂ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰੇਹੜੀ ਵਾਲਿਆਂ ਨੇ ਵੀ ਪਾਰਕਿੰਗ ਦੀ ਪਰਚੀ ਵਿਚ ਕੀਤੇ ਵਾਧੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਦਾ ਦੋਸ਼ ਸੀ ਕਿ ਪਾਰਕਿੰਗ ਠੇਕੇਦਾਰ ਨੇ 50 ਰੁਪਏ ਦੀ ਪਰਚੀ ਦਾ ਮੁੱਲ 100 ਰੁਪਏ ਕਰ ਿਦੱਤਾ ਹੈ। ਇਸ ਤੋਂ ਬਾਅਦ ਮੰਡੀ ਮਾਰਕੀਟ ਕਮੇਟੀ ਨੇ ਠੇਕੇਦਾਰ ਨੂੰ 20 ਹਜ਼ਾਰ ਦਾ ਜੁਰਮਨਾ ਠੋਕਿਆ ਸੀ, ਜਦਕਿ ਹੁਕਮ ਵੀ ਦਿੱਤੇ ਸਨ ਕਿ ਰੇਹੜੀ ਵਾਲਿਆਂ ਤੋਂ 50 ਰੁਪਏ ਪਰਚੀ ਦੇ ਹੀ ਲਏ ਜਾਣ। ਹਾਲਾਂਕਿ ਇਨ੍ਹਾਂ ਹਦਾਇਤਾਂ ਦੇ ਬਾਵਜੂਦ ਠੇਕੇਦਾਰ ਵੱਲੋਂ ਰੇਹੜੀ ਵਾਲਿਆਂ ਤੋਂ 70 ਰੁਪਏ ਵਸੂਲੇ ਜਾ ਰਹੇ ਹਨ।
 


Manoj

Content Editor

Related News