ਕਰੋੜਾਂ ਰੁਪਏ ਦੀਆਂ ਜ਼ਮੀਨਾਂ ’ਤੇ ਰਹਿ ਰਹੇ ਝੁੱਗੀ-ਝੌਂਪੜੀ ਵਾਲਿਆਂ ਦੇ ID ਪਰੂਫ਼ ਚੈੱਕ ਹੋਣ ਤਾਂ ਹੋ ਸਕਦੇ ਨੇ ਕਈ ਖ਼ੁਲਾਸੇ
Friday, Jun 16, 2023 - 05:49 PM (IST)

ਜਲੰਧਰ (ਮਾਹੀ)–ਪੰਜਾਬ ਵਿਚੋਂ ਨਸ਼ੇ ਖ਼ਤਮ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਡੇ ਪੱਧਰ ’ਤੇ ਮੁਹਿੰਮ ਛੇੜੀ ਹੋਈ ਹੈ ਪਰ ਇਸ ਵਿਚ ਅਜੇ ਤੱਕ ਕੋਈ ਵੱਡੀ ਕਾਮਯਾਬੀ ਨਹੀਂ ਮਿਲ ਸਕੀ ਕਿਉਂਕਿ ਨਸ਼ੇ ਸਪਲਾਈ ਕਰਨ ਵਾਲਿਆਂ ਦੀ ਚੇਨ ਨੂੰ ਤੋੜਨਾ ਬਹੁਤ ਹੀ ਜ਼ਰੂਰੀ ਹੈ। ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਵਿਚ ਵੀ ਨਸ਼ਿਆਂ ਦੀ ਸਪਲਾਈ ਹੋ ਰਹੀ ਹੈ, ਜਿਸ ਵਿਚ ਸਭ ਤੋਂ ਅਹਿਮ ਭੂਮਿਕਾ ਉਨ੍ਹਾਂ ਪ੍ਰਵਾਸੀਆਂ ਦੀ ਹੈ, ਜਿਹੜ਼ੇ ਇਸ ਸਮੇਂ ਕਰੋੜਾਂ ਰੁਪਏ ਦੀਆਂ ਜ਼ਮੀਨਾਂ ’ਤੇ ਬਿਨਾਂ ਕਿਸੇ ਮਨਜ਼ੂਰੀ ਦੇ ਅਤੇ ਕਬਜ਼ਾ ਕਰਕੇ ਰਹਿ ਰਹੇ ਹਨ। ਪੂਰੇ ਜਲੰਧਰ ਵਿਚ ਹੀ ਉਂਝ ਤਾਂ ਪ੍ਰਵਾਸੀਆਂ ਨੇ ਝੁੱਗੀਆਂ ਬਣਾਈਆਂ ਹੋਈਆਂ ਹਨ ਪਰ ਅੱਜ ਤਕ ਕਿਸੇ ਵੀ ਪੁਲਸ ਅਧਿਕਾਰੀ ਨੇ ਇਨ੍ਹਾਂ ਦੀ ਜਾਂਚ ਅਤੇ ਆਈ. ਡੀ. ਪਰੂਫ਼ ਚੈੱਕ ਕਰਨ ਦੇ ਹੁਕਮ ਨਹੀਂ ਦਿੱਤੇ। ਕਈ ਪ੍ਰਵਾਸੀ ਤਾਂ ਐੱਨ. ਆਰ. ਆਈਜ਼ ਦੀਆਂ ਜ਼ਮੀਨਾਂ ’ਤੇ ਕਬਜ਼ਾ ਕਰ ਕੇ ਰਹਿ ਰਹੇ ਹਨ।
ਸੂਤਰਾਂ ਦੇ ਅਨੁਸਾਰ ਝੁੱਗੀਆਂ ਵਿਚ ਰਹਿਣ ਵਾਲੇ ਛੋਟੀ ਉਮਰ ਵਿਚ ਹੀ ਨਸ਼ੇ ਸਪਲਾਈ ਕਰਨ ਲੱਗ ਜਾਂਦੇ ਹਨ ਅਤੇ ਇਹ ਪੁਲਸ ਤੋਂ ਬੇਖੌਫ ਹੋ ਕੇ ਕੰਮ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਨਾ ਤਾਂ ਘਰ ਆਪਣਾ ਹੈ ਤੇ ਨਾ ਹੀ ਕਾਰੋਬਾਰ ਪਰ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਪਹੁੰਚਾਉਣ ਵਿਚ ਇਹ ਕੋਈ ਕਸਰ ਨਹੀਂ ਛੱਡ ਰਹੇ। ਲੱਧੇਵਾਲੀ ਤੋਂ ਜੰਡੂਸਿੰਘਾ ਰੋਡ ਤੱਕ ਜਿੰਨੀਆਂ ਵੀ ਕਾਲੋਨੀਆਂ ਵਸੀਆਂ ਹੋਈਆਂ ਹਨ, ਉਨ੍ਹਾਂ ਦੇ ਆਲੇ-ਦੁਆਲੇ ਜਿੰਨੇ ਵੀ ਖਾਲੀ ਪਲਾਟ ਹਨ, ਉਥੇ ਇਨ੍ਹਾਂ ਪ੍ਰਵਾਸੀਆਂ ਨੇ ਕਬਜ਼ਾ ਕੀਤਾ ਹੋਇਆ ਹੈ। ਲੋਕਾਂ ਨੇ ਕਿਹਾ ਕਿ ਹਰ ਰੋਜ਼ ਇਹ ਪ੍ਰਵਾਸੀ ਇਲਾਕੇ ਵਿਚੋਂ ਲੰਘਦੇ ਹਨ ਅਤੇ ਜਿਸ ਜਗ੍ਹਾ ਕੋਈ ਪ੍ਰੋਗਰਾਮ ਚੱਲ ਰਿਹਾ ਹੁੰਦਾ ਹੈ, ਉਥੇ ਆਪਣੇ ਬਾਕੀ ਸਾਥੀਆਂ ਨੂੰ ਵੀ ਬੁਲਾ ਲੈਂਦੇ ਹਨ, ਜਿਸ ਤੋਂ ਬਾਅਦ ਆਸਾਨੀ ਨਾਲ ਇਹ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫ਼ਰਾਰ ਹੋ ਜਾਂਦੇ ਹਨ। ਇਸ ਗੱਲ ਨੂੰ ਲੈ ਕੇ ਆਲੇ-ਦੁਆਲੇ ਦੇ ਕਾਲੋਨੀਆਂ ਵਿਚ ਕਾਫ਼ੀ ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਦਿਨ ਦੇ ਸਮੇਂ ਇਹ ਲੋਕ 4 ਤੋਂ 5 ਦੇ ਲਗਭਗ ਹੁੰਦੇ ਹਨ। ਦੇਖਦੇ ਹੀ ਦੇਖਦੇ ਕਈ ਵਾਰ ਝੁੰਡ ਬਣ ਜਾਂਦਾ ਹੈ। ਡਰ ਦੇ ਮਾਰੇ ਲੋਕਾਂ ਵੱਲੋਂ ਕਈ ਵਾਰ ਦਰਵਾਜ਼ਾ ਹੀ ਨਹੀਂ ਖੋਲ੍ਹਿਆ ਜਾਂਦਾ।
ਇਹ ਵੀ ਪੜ੍ਹੋ- ਭਾਰਤ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਸੀ ਅੰਮ੍ਰਿਤਪਾਲ ਦਾ ਮੁੱਖ ਹੈਂਡਲਰ ਅਵਤਾਰ ਖੰਡਾ, ISI ਨਾਲ ਵੀ ਸਨ ਸੰਬੰਧ
ਦਿਨ ਦੇ ਸਮੇਂ ਕਰਦੇ ਹਨ ਰੇਕੀ
ਸੂਤਰਾਂ ਨੇ ਦੱਸਿਆ ਕਿ ਜਿੰਨੇ ਵੀ ਝੁੱਗੀਆਂ ਵਾਲੇ ਪ੍ਰਵਾਸੀ ਹਨ, ਦਿਨ ਦੇ ਸਮੇਂ ਇਲਾਕੇ ਵਿਚ ਰੇਕੀ ਕਰਨ ਨਿਕਲ ਜਾਂਦੇ ਹਨ। ਇਹ ਦੇਖਦੇ ਹਨ ਕਿ ਕੌਣ ਘਰ ਵਿਚ ਹੈ ਅਤੇ ਕਿਸਦੇ ਘਰ ਨੂੰ ਤਾਲਾ ਲੱਗਿਆ ਹੋਇਆ ਹੈ। ਇਕ ਆਦਮੀ ਆਰਾਮ ਨਾਲ ਬੈਠ ਕੇ ਸਾਰਾ ਦਿਨ ਉਸ ਘਰ ਦੀ ਰੇਕੀ ਕਰਦਾ ਹੈ।
ਰਾਤ ਦੇ ਸਮੇਂ ਪ੍ਰਵਾਸੀ ਘਰਾਂ ਵਿਚ ਹੱਥ ਸਾਫ਼ ਕਰਕੇ ਆਰਾਮ ਨਾਲ ਫ਼ਰਾਰ ਹੋ ਜਾਂਦੇ ਹਨ। ਜੇਕਰ ਪੁਲਸ ਇਨ੍ਹਾਂ ਦੀਆਂ ਝੁੱਗੀਆਂ ਵਿਚ ਛਾਪੇਮਾਰੀ ਕਰੇ ਤਾਂ ਜ਼ਰੂਰ ਸਫ਼ਲਤਾ ਹਾਸਲ ਹੋ ਸਕਦੀ ਹੈ ਕਿਉਂਕਿ ਜਿੰਨੇ ਵੀ ਪ੍ਰਵਾਸੀ ਰਹਿ ਰਹੇ ਹਨ, ਜ਼ਿਆਦਾਤਰ ਗਲਤ ਕੰਮ ਨੂੰ ਅੰਜਾਮ ਦੇਣ ਵਾਲੇ ਲੱਗਦੇ ਹਨ। ਪੁਲਸ ਨੂੰ ਇਨ੍ਹਾਂ ਦੀ ਬਾਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੈ ਅਤੇ ਹਰੇਕ ਦੀ ਆਈ. ਡੀ. ਚੈੱਕ ਕਰਨੀ ਚਾਹੀਦੀ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹ ਪ੍ਰਵਾਸੀ ਲੋਕ ਦਿਨੋ-ਦਿਨ ਖ਼ਤਰਾ ਬਣਦੇ ਜਾ ਰਹੇ ਹਨ, ਇਨ੍ਹਾਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਨ੍ਹਾਂ ਦਾ ਬਾਇਓਡਾਟਾ ਚੈੱਕ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ- ਲਿਫ਼ਟ ਦੇ ਬਹਾਨੇ ਔਰਤਾਂ ਵੱਲੋਂ ਕੀਤੇ ਕਾਰੇ ਨੇ ਭੰਬਲਭੂਸੇ 'ਚ ਪਾਇਆ ਡਰਾਈਵਰ, ਮਾਮਲਾ ਕਰੇਗਾ ਹੈਰਾਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani