ਵਿਆਹ ''ਚ ਹੋਈ ਲੁੱਟ ਦੇ ਮਾਮਲੇ ''ਚ ਪੁਲਸ ਦੀ ਗ੍ਰਿਫਤ ਤੋਂ ਮੁੱਖ ਮੁਲਜ਼ਮ ਅਜੇ ਵੀ ਦੂਰ

02/22/2020 6:53:46 PM

ਜਲੰਧਰ (ਮ੍ਰਿਦੁਲ)— ਬੀਤੇ ਦਿਨੀਂ ਇੰਪੀਰੀਅਲ ਮੈਨਾਰ ਰਿਜ਼ਾਰਟ 'ਚ ਬੇਟੀ ਦੇ ਵਿਆਹ ਦੌਰਾਨ ਬਜ਼ੁਰਗ ਔਰਤ ਤੋਂ ਸ਼ਗਨ 'ਚ ਦੇਣ ਵਾਲੇ ਕੈਸ਼ ਅਤੇ ਸੋਨੇ ਨਾਲ ਭਰਿਆ ਬੈਗ ਚੋਰੀ ਕਰਨ ਦੇ ਮਾਮਲੇ 'ਚ ਪੁਲਸ ਦੀ ਗ੍ਰਿਫਤ ਤੋਂ ਮੁੱਖ ਮੁਲਜ਼ਮ ਅਜੇ ਵੀ ਦੂਰ ਹੈ। ਪੀੜਤ ਪਰਮਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਦੀ ਬੇਟੀ ਦਾ ਵਿਆਹ ਇੰਪੀਰੀਅਲ ਮੈਨਾਰ ਰਿਜ਼ਾਰਟ 'ਚ ਸੀ। ਜਿਸ 'ਚ ਵਿਆਹ ਸਮਾਗਮ ਦੌਰਾਨ ਉਨ੍ਹਾਂ ਦੀ ਸੱਸ ਦੇ ਹੱਥ 'ਚ ਫੜਿਆ ਸ਼ਗਨ ਨਾਲ ਭਰਿਆ ਕੈਸ਼ ਅਤੇ ਸੋਨੇ ਦੇ ਗਹਿਣੀਆਂ ਨਾਲ ਭਰਿਆ ਬੈਗ ਰਿਜ਼ਾਰਟ ਦੇ ਵੇਟਰ ਦੀ ਡ੍ਰੈੱਸ 'ਚ ਮੁਲਜ਼ਮ ਨੇ ਚੋਰੀ ਕਰ ਲਿਆ ਅਤੇ ਉਸ ਨੇ ਰਿਜ਼ਾਰਟ ਤੋਂ ਅੱਗੇ ਆਪਣੇ 2 ਸਾਥੀਆਂ ਨੂੰ ਉਕਤ ਬੈਗ ਦੇ ਦਿੱਤਾ ਅਤੇ ਉਨ੍ਹਾਂ ਦੀ ਕਾਰ 'ਚ ਬੈਠ ਕੇ ਫਰਾਰ ਹੋ ਗਿਆ।

ਹਾਲਾਂਕਿ ਇਸ ਕੇਸ 'ਚ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਕੇਸ ਦਰਜ ਕਰ ਕੇ ਇਕ ਨਾਬਾਲਗ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਪੁੱਛਗਿੱਛ ਕਰਨ 'ਤੇ ਪੁਲਸ ਨੂੰ ਇਨਪੁਟ ਮਿਲੀ ਹੈ ਕਿ ਉਸ ਦੇ ਸਾਥੀ ਮੂਲ ਤੌਰ 'ਤੇ ਨੇਪਾਲ ਦੇ ਰਹਿਣ ਵਾਲੇ ਹਨ ਅਤੇ ਉਹ ਜਲੰਧਰ ਦੇ ਬਸਤੀਆਤ ਇਲਾਕੇ 'ਚ ਕਿਰਾਏ ਦੇ ਮਕਾਨ 'ਚ ਰਹਿੰਦੇ ਸਨ। ਹਾਲਾਂਕਿ ਪੁਲਸ ਨੇ ਨਾਬਾਲਗ ਮੁਲਜ਼ਮ ਨੂੰ ਜੁਵੇਨਾਈਲ ਕੋਰਟ 'ਚ ਪੇਸ਼ ਕਰ ਦਿੱਤਾ ਸੀ। ਉਥੇ ਪਤਾ ਲੱਗਾ ਕਿ ਨਾਬਾਲਗ ਮੁਲਜ਼ਮ ਦੇ ਪਰਿਵਾਰ ਨੇ ਕੋਰਟ 'ਚ ਬੇਲ ਐਪਲੀਕੇਸ਼ਨ ਦਰਜ ਕੀਤੀ ਹੈ। ਜ਼ਿਕਰਯੋਗ ਹੈ ਕਿ ਪੁਲਸ ਨੇ ਸਿਰਫ ਨਾਬਾਲਗ ਨੂੰ ਹੀ ਫੜਿਆ ਹੈ, ਨਾ ਕਿ ਕੋਈ ਕੈਸ਼ ਬਰਾਮਦ ਕੀਤਾ ਹੈ।

ਜਲਦੀ ਹੀ ਮੁਲਜ਼ਮਾਂ ਨੂੰ ਟ੍ਰੇਸ ਕਰਕੇ ਫੜਿਆ ਜਾਵੇਗਾ : ਏ. ਸੀ. ਪੀ. ਹਰਸਿਮਰਤ ਸਿੰਘ
ਉਥੇ ਹੀ ਇਸ ਕੇਸ 'ਚ ਏ. ਸੀ. ਪੀ. ਹਰਸਿਮਰਤ ਸਿੰਘ ਨੇ ਦੱਸਿਆ ਕਿ ਇਸ ਕੇਸ 'ਚ ਫੜੇ ਗਏ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਕਾਫੀ ਇਨਪੁਟ ਮਿਲੀਆਂ ਹਨ ਜਿਨ੍ਹਾਂ 'ਤੇ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧ 'ਚ ਪੁਲਸ ਜਲਦੀ ਹੀ ਮੁਲਜ਼ਮਾਂ ਨੂੰ ਟ੍ਰੇਸ ਕਰ ਕੇ ਛਾਪੇਮਾਰੀ ਕਰ ਕੇ ਫੜੇਗੀ।


shivani attri

Content Editor

Related News