ਲੇਡੀਜ਼ ਜਿਮਖਾਨਾ ਦੀ ਟੀਮ ਨੂੰ ਨਵੇਂ ਡਿਵੀਜ਼ਨਲ ਕਮਿਸ਼ਨਰ ਦੀ ਧਰਮਪਤਨੀ ਨੇ ਕੀਤਾ ਬਹਾਲ
Friday, Aug 23, 2024 - 12:47 PM (IST)
ਜਲੰਧਰ (ਖੁਰਾਣਾ)–ਪਿਛਲੇ ਲਗਭਗ 10 ਮਹੀਨਿਆਂ ਤੋਂ ਲੇਡੀਜ਼ ਜਿਮਖਾਨਾ ਕਲੱਬ ਦੀਆਂ ਮੈਂਬਰਾਨ ਦੇ ਚਿਹਰਿਆਂ ’ਤੇ ਮਾਯੂਸੀ ਛਾਈ ਹੋਈ ਸੀ ਕਿਉਂਕਿ ਕਲੱਬ ਦੀ ਸਾਬਕਾ ਪ੍ਰਧਾਨ ਅਤੇ ਅਹੁਦਾ ਛੱਡ ਰਹੀ ਡਿਵੀਜ਼ਨਲ ਕਮਿਸ਼ਨਰ ਮੈਡਮ ਗੁਰਪ੍ਰੀਤ ਕੌਰ ਸਪਰਾ ਨੇ ਪਿਛਲੇ ਸਾਲ ਨਵੰਬਰ ਵਿਚ ਕਲੱਬ ਦੀ ਨਵੀਂ ਚੁਣੀ ਟੀਮ ਨੂੰ ਭੰਗ ਕਰਕੇ ਉਸ ਦੀਆਂ ਸਾਰੀਆਂ ਸਰਗਰਮੀਆਂ ’ਤੇ ਰੋਕ ਲਾ ਦਿੱਤੀ ਸੀ। ਇਸ ਦੌਰਾਨ ਕਲੱਬ ਦੀ ਨਵੀਂ ਟੀਮ ਨੂੰ ਚੁਣਨ ਦੀ ਵੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਪਿਛਲੇ ਲਗਭਗ 10 ਮਹੀਨਿਆਂ ਦੌਰਾਨ ਲੇਡੀਜ਼ ਜਿਮਖਾਨਾ ਕਲੱਬ ਵਿਚ ਦਰਜਨਾਂ ਵਿਵਾਦ ਹੋਏ, ਜਿਹੜੇ ਅਦਾਲਤਾਂ ਦੇ ਗਲਿਆਰਿਆਂ ਤਕ ਪੁੱਜੇ ਅਤੇ ਇਕ ਮਾਮਲੇ ਵਿਚ ਤਾਂ ਜਲੰਧਰ ਪੁਲਸ ਨੇ ਐੱਫ਼. ਆਈ. ਆਰ. ਤਕ ਦਰਜ ਕੀਤੀ। ਇਹ ਵੱਖ ਗੱਲ ਰਹੀ ਕਿ ਨਾ ਤਾਂ ਕਿਸੇ ਅਦਾਲਤੀ ਫ਼ੈਸਲੇ ਦਾ ਕਲੱਬ ’ਤੇ ਕੋਈ ਖਾਸ ਅਸਰ ਹੋਇਆ ਅਤੇ ਨਾ ਹੀ ਪੁਲਸ ਦੀ ਜਾਂਚ ਵਿਚੋਂ ਕੁਝ ਨਿਕਲਿਆ।
ਇਸੇ ਵਿਚਕਾਰ ਕਲੱਬ ਦੀਆਂ ਸਰਗਰਮੀਆਂ ਨੂੰ ਠੱਪ ਰੱਖਣ ਦਾ ਹੁਕਮ ਦੇਣ ਵਾਲੀ ਡਵੀਜ਼ਨਲ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਦਾ ਪਿਛਲੇ ਦਿਨੀਂ ਤਬਾਦਲਾ ਹੋ ਗਿਆ ਅਤੇ ਉਨ੍ਹਾਂ ਦੀ ਥਾਂ ’ਤੇ ਆਏ ਨਵੇਂ ਡਿਵੀਜ਼ਨਲ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਦੀ ਧਰਮਪਤਨੀ ਬੇਬੀ ਸੱਭਰਵਾਲ ਨੇ ਅੱਜ ਕਲੱਬ ਅਹੁਦੇਦਾਰਾਂ ਨਾਲ ਇਕ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਉਨ੍ਹਾਂ ਚੁਣੀ ਟੀਮ ਨੂੰ ਦੋਬਾਰਾ ਬਹਾਲ ਕਰਨ ਦੇ ਹੁਕਮ ਜਾਰੀ ਕੀਤੇ ਅਤੇ ਸੀਨੀਅਰ ਮੈਂਬਰ ਮੈਡਮ ਮਨੋਰਮਾ ਮਾਇਰ ਨੂੰ ਜੁਆਇੰਟ ਕੈਸ਼ੀਅਰ, ਸੰਗੀਤਾ ਮਹਿੰਦਰੂ ਦੇ ਨਾਲ ਫਾਈਨਾਂਸ ਸਬੰਧੀ ਕੰਮਕਾਜ ਦੇਖਣ ਦਾ ਕਾਰਜਭਾਰ ਸੌਂਪਿਆ।
ਇਹ ਵੀ ਪੜ੍ਹੋ- ਪੰਜਾਬ ਯੂਨੀਵਰਸਿਟੀ ਚੋਣਾਂ ਦਾ ਐਲਾਨ, ਇਸ ਦਿਨ ਹੋਵੇਗੀ ਵੋਟਿੰਗ
ਫ਼ੈਸਲੇ ਦੇ ਅਨੁਸਾਰ ਪ੍ਰੀਤੀ ਬਾਜਵਾ ਜੁਆਇੰਟ ਵਾਈਸ ਪ੍ਰੈਜ਼ੀਡੈਂਟ ਦੀ ਆਪਣੀ ਪੋਸਟ ’ਤੇ ਆਪਣਾ ਕੰਮ ਜਾਰੀ ਰੱਖਣਗੇ। ਕਲੱਬ ਪ੍ਰਧਾਨ ਸ਼੍ਰੀਮਤੀ ਬੇਬੀ ਸੱਭਰਵਾਲ ਦੇ ਇਸ ਫ਼ੈਸਲੇ ਨਾਲ ਸਾਰੀਆਂ ਕਲੱਬ ਮੈਂਬਰਾਨ ਦੇ ਚਿਹਰਿਆਂ ’ਤੇ ਰੌਣਕ ਮੁੜ ਆਈ। ਕਲੱਬ ਸੈਕਟਰੀ ਦੀ ਪੋਸਟ ’ਤੇ ਦੁਬਾਰਾ ਬਿਰਾਜੀ ਸ਼੍ਰੀਮਤੀ ਸਰੁਚੀ ਕੱਕੜ ਨੇ ਵੀ ਕਲੱਬ ਪ੍ਰਧਾਨ ਸ਼੍ਰੀਮਤੀ ਬੇਬੀ ਸੱਭਰਵਾਲ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਅਤੇ ਭਰੋਸਾ ਦਿੱਤਾ ਕਿ ਕਲੱਬ ਦੀ ਪੂਰੀ ਟੀਮ ਪੂਰੀ ਲਗਨ ਅਤੇ ਮਿਹਨਤ ਨਾਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਏਗੀ। ਇਸ ਦੌਰਾਨ ਕਲੱਬ ਪ੍ਰਧਾਨ ਵੱਲੋਂ ਨਵੀਂ ਟੀਮ ਨੂੰ ਕਿਹਾ ਗਿਆ ਕਿ 26 ਅਗਸਤ ਨੂੰ ਹੋਣ ਵਾਲਾ ਸ਼੍ਰੀ ਜਨਮ ਅਸ਼ਟਮੀ ਸਮਾਰੋਹ ਵਧੀਆ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ।
ਇਸ ਸਿਲਸਿਲੇ ਵਿਚ ਕਲੱਬ ਕੰਪਲੈਕਸ ਵਿਚ ਹੋਈ ਮੀਟਿੰਗ ਦੌਰਾਨ ਸ਼੍ਰੀਮਤੀ ਪ੍ਰੀਤੀ ਬਾਜਵਾ, ਸੈਕਟਰੀ ਸਰੁਚੀ ਕੱਕੜ, ਜੁਆਇੰਟ ਸੈਕਟਰੀ ਮਿੰਨੀ ਧੀਮਾਨ, ਸ਼੍ਰੀਮਤੀ ਮਨੋਰਮਾ ਮਾਇਰ, ਸੰਗੀਤਾ ਮਹਿੰਦਰੂ, ਨੀਲਮ ਠਾਕੁਰ, ਲਲਿਤ ਗੁਪਤਾ, ਨੀਨਾ ਚੌਹਾਨ, ਵੰਦਨਾ ਕਾਲੀਆ, ਸ਼੍ਰੀਮਤੀ ਪਰਮਿੰਦਰ ਬੇਰੀ ਅਤੇ ਸ਼੍ਰੀਮਤੀ ਰਮਿੰਦਰਜੀਤ ਕੌਰ ਵਿਸ਼ੇਸ਼ ਰੂਪ ਨਾਲ ਮੌਜੂਦ ਸਨ। ਕਲੱਬ ਪ੍ਰਧਾਨ ਬੇਬੀ ਸੱਭਰਵਾਲ ਵੱਲੋਂ ਮੀਟਿੰਗ ਦੌਰਾਨ ਸੈਕਟਰੀ ਸਰੁਚੀ ਕੱਕੜ ਨੂੰ ਇਹ ਨਿਰਦੇਸ਼ ਵੀ ਦਿੱਤੇ ਗਏ ਕਿ ਉਹ ਲੇਡੀਜ਼ ਜਿਮਖਾਨਾ ਦੇ ਮਾਮਲੇ ਵਿਚ ਕਿਸੇ ਵੀ ਅਦਾਲਤ ਵਿਚ ਦਾਇਰ ਹਰ ਤਰ੍ਹਾਂ ਦਾ ਕੇਸ ਵਾਪਸ ਲੈਣਗੇ। ਕੱਕੜ ਨੇ ਇਸ ਮਾਮਲੇ ਵਿਚ ਸਾਰੇ ਕੇਸ ਵਾਪਸ ਲੈ ਲੈਣ ਦਾ ਭਰੋਸਾ ਵੀ ਦਿੱਤਾ।
ਇਹ ਵੀ ਪੜ੍ਹੋ- ਜਲੰਧਰ ਦੀ ਮਸ਼ਹੂਰ ਪਾਰਕ 'ਚੋਂ ਮਿਲੇ 8 ਸੱਪ, ਵੇਖ ਹੈਰਾਨ ਰਹਿ ਗਏ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ