ਸਮਾਰਟ ਸਿਟੀ ਦੇ ਟੀਮ ਲੀਡਰ ਕੁਲਵਿੰਦਰ ਸਿੰਘ ਨੂੰ ਨੌਕਰੀ ਤੋਂ ਜਬਰੀ ਹਟਾ ਦਿੱਤਾ ਗਿਆ

08/19/2022 1:59:50 PM

ਜਲੰਧਰ (ਖੁਰਾਣਾ)–ਸਮਾਰਟ ਸਿਟੀ ਜਲੰਧਰ ਦੇ ਸਭ ਤੋਂ ਚਰਚਿਤ ਅਧਿਕਾਰੀ ਅਤੇ ਟੀਮ ਲੀਡਰ ਹੋਣ ਦੇ ਨਾਲ-ਨਾਲ ਪ੍ਰਾਜੈਕਟ ਮੈਨੇਜਮੈਂਟ ਸਪੈਸ਼ਲਿਸਟ ਦੇ ਅਹੁਦੇ ’ਤੇ ਪਿਛਲੇ ਦੋ-ਢਾਈ ਸਾਲਾਂ ਤੋਂ ਕੰਮ ਕਰ ਰਹੇ ਨਗਰ ਨਿਗਮ ਦੇ ਸਾਬਕਾ ਐੱਸ. ਈ. ਕੁਲਵਿੰਦਰ ਸਿੰਘ ਨੂੰ ਸਮਾਰਟ ਸਿਟੀ ਦੀ ਨੌਕਰੀ ਤੋਂ ਜਬਰੀ ਹਟਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜਲੰਧਰ ਸਮਾਰਟ ਸਿਟੀ ਦੀ ਘਟੀਆ ਕਾਰਜਸ਼ੈਲੀ ਨੂੰ ਲੈ ਕੇ ਬੀਤੇ ਦਿਨੀਂ ਚੰਡੀਗੜ੍ਹ ਵਿਚ ਪੀ. ਐੱਮ. ਆਈ. ਡੀ. ਸੀ. ਨਾਲ ਜੁੜੇ ਅਧਿਕਾਰੀਆਂ ਦੀ ਇਕ ਉੱਚ ਪੱਧਰੀ ਮੀਟਿੰਗ ਹੋਈ, ਜਿਸ ਵਿਚ ਕੁਲਵਿੰਦਰ ਸਿੰਘ ਨੂੰ ਸੁਨੇਹਾ ਭਿਜਵਾਇਆ ਗਿਆ ਕਿ ਜੇਕਰ ਉਹ ਕੰਮ ਕਰਨ ਦੇ ਇੱਛੁਕ ਨਹੀਂ ਹਨ ਤਾਂ ਤੁਰੰਤ ਆਪਣੇ ਅਹੁਦੇ ਨੂੰ ਛੱਡ ਦੇਣ ਤਾਂ ਕਿ ਉਨ੍ਹਾਂ ਦੀ ਥਾਂ ’ਤੇ ਕਿਸੇ ਹੋਰ ਨੂੰ ਲਾਇਆ ਜਾ ਸਕੇ।
ਚੰਡੀਗੜ੍ਹ ਤੋਂ ਹੁਕਮ ਆਉਣ ਦੇ ਕੁਝ ਹੀ ਘੰਟਿਆਂ ਬਾਅਦ ਕੁਲਵਿੰਦਰ ਸਿੰਘ ਨੇ ਸਮਾਰਟ ਸਿਟੀ ਆਫ਼ਿਸ ਵਿਚ ਜਾ ਕੇ ਆਪਣਾ ਅਸਤੀਫ਼ਾ ਸੌਂਪ ਦਿੱਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੁਲਵਿੰਦਰ ਸਿੰਘ ਕਈ ਵਾਰ ਸਮਾਰਟ ਸਿਟੀ ਵਿਚ ਕੰਮ ਨਾ ਕਰਨ ਦੀ ਇੱਛਾ ਪ੍ਰਗਟ ਕਰ ਚੁੱਕੇ ਹਨ ਪਰ ਫਿਰ ਵੀ ਮੋਟੀ ਤਨਖ਼ਾਹ ਦੇ ਲਾਲਚ ਵਿਚ ਉਹ ਇਹ ਨੌਕਰੀ ਛੱਡ ਨਹੀਂ ਪਾ ਰਹੇ ਸਨ।

ਇਨ੍ਹਾਂ ਦੇ ਸਿਰ ’ਤੇ ਭੱਜ ਰਿਹਾ ਸੀ ਸਮਾਰਟ ਸਿਟੀ ਦੀ ਹਰ ਨਾਲਾਇਕੀ ਦਾ ਠੀਕਰਾ

ਜਲੰਧਰ ਸਮਾਰਟ ਸਿਟੀ ਵਿਚ ਕੁਲਵਿੰਦਰ ਸਿੰਘ ਇਕ ਅਜਿਹੇ ਅਧਿਕਾਰੀ ਸਨ, ਜਿਹੜੇ ਤਜਰਬੇਕਾਰ ਇੰਜੀਨੀਅਰ ਹੋਣ ਦੇ ਨਾਲ-ਨਾਲ ਸਭ ਤੋਂ ਮਹੱਤਵਪੂਰਨ ਅਤੇ ਉੱਚ ਅਹੁਦੇ ’ਤੇ ਬੈਠੇ ਸਨ, ਜਿਨ੍ਹਾਂ ਦੀ ਦੇਖ-ਰੇਖ ਵਿਚ ਸਮਾਰਟ ਸਿਟੀ ਜਲੰਧਰ ਦੇ ਸਾਰੇ ਪ੍ਰਾਜੈਕਟ ਚੱਲੇ ਅਤੇ ਕਈ ਪੂਰੇ ਵੀ ਹੋਏ। ਕੁਲਵਿੰਦਰ ਸਿੰਘ ਨੇ ਹੀ ਚੌਕਾਂ ਦੇ ਸੁੰਦਰੀਕਰਨ, ਪਾਰਕਾਂ ਦੇ ਸੁਧਾਰ, ਸਟਾਰਮ ਵਾਟਰ ਸੀਵਰ, ਸਮਾਰਟ ਰੋਡਜ਼, ਸਪੋਰਟਸ ਹੱਬ, ਐੱਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ ਅਤੇ ਬਿਸਤ ਦੋਆਬ ਨਹਿਰ ਦੇ ਸੁੰਦਰੀਕਰਨ ਨਾਲ ਸਬੰਧਤ ਪ੍ਰਾਜੈਕਟ ਦੀ ਦੇਖ-ਰੇਖ ਕੀਤੀ। ਉਨ੍ਹਾਂ ’ਤੇ ਹਮੇਸ਼ਾ ਇਹ ਦੋਸ਼ ਲੱਗਦੇ ਰਹੇ ਹਨ ਕਿ ਉਨ੍ਹਾਂ ਆਪਣੇ ਚਹੇਤੇ ਠੇਕੇਦਾਰਾਂ ਨੂੰ ਖੁੱਲ੍ਹੀ ਛੋਟ ਦਿੱਤੀ ਅਤੇ ਕਦੀ ਸਾਈਟ ਵਿਜ਼ਿਟ ਹੀ ਨਹੀਂ ਕੀਤੀ, ਜਿਸ ਕਾਰਨ ਚੌਕਾਂ ਦੇ ਸੁੰਦਰੀਕਰਨ ਨਾਲ ਸਬੰਧਤ ਪ੍ਰਾਜੈਕਟ ਦੇ ਨਾਲ-ਨਾਲ ਪਾਰਕਾਂ ਦੇ ਸੁਧਾਰ ਸਬੰਧੀ ਕੰਮ ਵਿਚ ਵੀ ਭਾਰੀ ਗੜਬੜੀਆਂ ਵੇਖਣ ਨੂੰ ਮਿਲੀਆਂ। ਨਹਿਰ ਦੇ ਨਾਲ-ਨਾਲ ਸੈਰਗਾਹ ਬਣਾਉਣ ਦੇ ਕੰਮ ਵਿਚ ਵੀ ਠੇਕੇਦਾਰ ਨੇ ਲਾਪ੍ਰਵਾਹੀ ਨਾਲ ਕੰਮ ਕੀਤਾ। ਸਮਾਰਟ ਰੋਡ ਪ੍ਰਾਜੈਕਟ ਵਿਚ ਵੀ ਠੇਕੇਦਾਰ ਦੀ ਲਾਪ੍ਰਵਾਹੀ ਸਾਹਮਣੇ ਆਈ। ਐੱਲ. ਈ. ਡੀ. ਪ੍ਰਾਜੈਕਟ ਵਿਚ ਕਰੋੜਾਂ ਦੀ ਗੜਬੜੀ ਦੇਖਣ ਨੂੰ ਮਿਲੀ, ਜਿਸ ਦੀ ਹੁਣ ਵਿਜੀਲੈਂਸ ਜਾਂਚ ਵੀ ਸ਼ੁਰੂ ਹੋ ਗਈ ਹੈ।

PunjabKesari

ਇਹ ਵੀ ਪੜ੍ਹੋ: ਮੰਤਰੀ ਅਮਨ ਅਰੋੜਾ ਬੋਲੇ, ਪੰਜਾਬ ਸਰਕਾਰ ਸ਼ਹਿਰੀਕਰਨ ਲਈ ਲਿਆ ਰਹੀ ਹੈ ਨਵੀਂ ਪਾਲਿਸੀ

ਸਮਾਰਟ ਸਿਟੀ ’ਚ ਨਿਯੁਕਤੀ ਨੂੰ ਲੈ ਕੇ ਵੀ ਉੱਠ ਚੁੱਕੇ ਹਨ ਸਵਾਲ

ਕੁਲਵਿੰਦਰ ਸਿੰਘ ਜਦੋਂ ਜਲੰਧਰ ਨਿਗਮ ਵਿਚ ਐੱਸ. ਈ. ਵਰਗੇ ਸਭ ਤੋਂ ਮਹੱਤਵਪੂਰਨ ਅਹੁਦੇ ’ਤੇ ਹੁੰਦੇ ਸਨ, ਉਦੋਂ ਤਤਕਾਲੀ ਆਗੂ ਵਿਰੋਧੀ ਧਿਰ ਜਗਦੀਸ਼ ਰਾਜਾ ਨੇ ਉਨ੍ਹਾਂ ’ਤੇ 14 ਕਰੋੜ ਦੇ ਪੈਚਵਰਕ ਘਪਲੇ ਦਾ ਗੰਭੀਰ ਦੋਸ਼ ਲਾਇਆ ਸੀ ਅਤੇ ਉਸ ਤੋਂ ਬਾਅਦ ਤਤਕਾਲੀ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਨੇ ਵੀ ਉਨ੍ਹਾਂ ਨੂੰ ਸਿੰਗਲ ਟੈਂਡਰ ਘਪਲੇ ਨਾਲ ਸਬੰਧਤ 500 ਕਰੋੜ ਦੇ ਸਕੈਮ ਵਿਚ ਸਹਿ-ਮੁਲਜ਼ਮ ਬਣਾ ਕੇ ਉਨ੍ਹਾਂ ਨੂੰ ਸਸਪੈਂਡ ਤੱਕ ਕਰ ਦਿੱਤਾ ਸੀ। ਇਸ ਦੇ ਬਾਵਜੂਦ ਜਦੋਂ ਕੁਲਵਿੰਦਰ ਸਿੰਘ ਨੂੰ ਜਲੰਧਰ ਸਮਾਰਟ ਸਿਟੀ ਦਾ ਸਰਵਉੱਚ ਅਧਿਕਾਰੀ ਬਣਾਇਆ ਗਿਆ, ਉਦੋਂ ਕਾਂਗਰਸ ਦੇ ਨਾਲ-ਨਾਲ ਅਕਾਲੀ-ਭਾਜਪਾ ਆਗੂਆਂ ਨੇ ਵੀ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਸੀ, ਉਦੋਂ ਚੰਡੀਗੜ੍ਹ ਬੈਠੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਕੁਲਵਿੰਦਰ ਸਿੰਘ ਨੇ ਪਹਿਲਾਂ ਆਈ. ਸੀ. ਟੀ. ਪ੍ਰਾਈਵੇਟ ਕੰਪਨੀ ਜ਼ਰੀਏ ਸਮਾਰਟ ਸਿਟੀ ਵਿਚ ਐਂਟਰੀ ਕੀਤੀ ਅਤੇ ਉਸ ਤੋਂ ਬਾਅਦ ਐੱਸ. ਐੱਸ. ਸਰਵਿਸ ਪ੍ਰੋਵਾਈਡਰ ਕੰਪਨੀ ਜ਼ਰੀਏ ਉਹ ਸਮਾਰਟ ਸਿਟੀ ਵਿਚ ਕਾਂਟਰੈਕਟ ਦੇ ਤੌਰ ’ਤੇ ਆ ਗਏ। ਸਥਾਨਕ ਪੱਧਰ ’ਤੇ ਸੀ. ਈ. ਓਜ਼ ਦੇ ਨਾਲ-ਨਾਲ ਉਨ੍ਹਾਂ ਦੀ ਚੰਡੀਗੜ੍ਹ ਬੈਠੇ ਅਧਿਕਾਰੀਆਂ ਨਾਲ ਵੀ ਕਾਫ਼ੀ ਵਧੀਆ ਸੈਟਿੰਗ ਰਹੀ।

ਇਹ ਵੀ ਪੜ੍ਹੋ: ਫਗਵਾੜਾ ਵਿਖੇ ਕੁੜੀ ਨੂੰ ਪ੍ਰੇਮ ਜਾਲ 'ਚ ਫਸਾ ਕੀਤਾ ਜਬਰ-ਜ਼ਿਨਾਹ, ਫਿਰ ਅਸ਼ਲੀਲ ਤਸਵੀਰਾਂ ਖ਼ਿੱਚ ਭਰਾ ਨੂੰ ਭੇਜੀਆਂ

ਕੌਣ ਬਣੇਗਾ ਸਮਾਰਟ ਸਿਟੀ ਦੇ ਘਪਲਿਆਂ ਦਾ ਜਵਾਬਦੇਹ

ਕੁਲਵਿੰਦਰ ਸਿੰਘ ਤੋਂ ਪਹਿਲਾਂ ਉਨ੍ਹਾਂ ਦੇ ਨੇੜਲੇ ਸਾਥੀ ਲਖਵਿੰਦਰ ਸਿੰਘ (ਸਾਬਕਾ ਐੱਸ. ਈ. ਨਗਰ ਨਿਗਮ) ਨੂੰ ਵੀ ਇਸੇ ਤਰ੍ਹਾਂ ਜਬਰੀ ਅਸਤੀਫਾ ਲੈ ਕੇ ਨੌਕਰੀ ਤੋਂ ਹਟਾਇਆ ਜਾ ਚੁੱਕਾ ਹੈ। ਉਨ੍ਹਾਂ ’ਤੇ ਵੀ ਐੱਲ. ਈ. ਡੀ. ਸਟਰੀਟ ਲਾਈਟ ਵਰਗੇ ਘਪਲਿਆਂ ਵਿਚ ਲਾਪ੍ਰਵਾਹੀ ਵਰਤਣ ਦਾ ਦੋਸ਼ ਲੱਗਾ ਹੋਇਆ ਹੈ। ਕੁਲਵਿੰਦਰ ਸਿੰਘ ਵੀ ਸਮਾਰਟ ਸਿਟੀ ਨਾਲ ਸਬੰਧਤ ਕਈ ਸਕੈਂਡਲਾਂ ਕਾਰਨ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਆਗੂਆਂ ਦੇ ਨਿਸ਼ਾਨੇ ’ਤੇ ਹਨ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਜਦੋਂ ਐੱਲ. ਈ. ਡੀ. ਸਟਰੀਟ ਲਾਈਟ ਦੇ ਨਾਲ-ਨਾਲ ਸਮਾਰਟ ਰੋਡ, 120 ਫੁੱਟੀ ਸਟਾਰਮ ਵਾਟਰ, ਪਾਰਕ ਸੁਧਾਰ ਅਤੇ ਚੌਕਾਂ ਨਾਲ ਸਬੰਧਤ ਸਕੈਂਡਲ ਨਿਕਲਣਗੇ ਤਾਂ ਸਮਾਰਟ ਸਿਟੀ ਦੇ ਕਿਸ ਅਧਿਕਾਰੀ ਨੂੰ ਜਵਾਬਦੇਹ ਬਣਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਥਰਡ ਪਾਰਟੀ ਏਜੰਸੀ ਵੱਲੋਂ ਵੀ ਇਨ੍ਹਾਂ ਕੰਮਾਂ ਵਿਚ ਕਈ ਗੜਬੜੀਆਂ ਕੱਢੀਆਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ: ਲਿਵ-ਇਨ-ਰਿਲੇਸ਼ਨ ’ਚ ਰਹਿ ਰਹੇ ਪ੍ਰੇਮੀ ਜੋੜੇ ਦਾ ਕਾਰਨਾਮਾ ਕਰੇਗਾ ਹੈਰਾਨ, ਪੁਲਸ ਅੜਿੱਕੇ ਚੜ੍ਹਨ ਮਗਰੋਂ ਖੁੱਲ੍ਹੀ ਪੋਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News