ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਦਸੂਹਾ ਗੰਨਾ ਮਿੱਲ ਅੱਗੇ 5 ਦਿਨਾ ਰੋਸ ਧਰਨਾ ਸ਼ੁਰੂ
Thursday, Jul 21, 2022 - 05:44 PM (IST)

ਟਾਂਡਾ ਉੜਮੁੜ/ਦਸੂਹਾ (ਪਰਮਜੀਤ ਸਿੰਘ ਮੋਮੀ,ਵਿਜੈ ਨਾਗਲਾ,ਵਰਿੰਦਰ ਪੰਡਿਤ) : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਾਣੀ ਅਤੇ ਵਾਤਾਵਰਣ ਨੂੰ ਬਚਾਉਣ ਲਈ ਅੱਜ ਪੰਜਾਬ ਦੀਆਂ ਵੱਖ-ਵੱਖ ਥਾਵਾਂ ’ਤੇ ਪੰਜ 5 ਦਿਨਾ ਰੋਸ ਧਰਨੇ ਲਾ ਦਿੱਤੇ ਗਏ ਹਨ। ਇਸੇ ਹੀ ਕਡ਼ੀ ਤਹਿਤ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਰੰਧਾਵਾ ਗੰਨਾ ਮਿੱਲ (ਦਸੂਹਾ) ਅੱਗੇ ਰੋਸ ਧਰਨਾ ਦਿੱਤਾ ਗਿਆ। ਜ਼ੋਨ ਪ੍ਰਧਾਨ ਟਾਂਡਾ ਪਰਮਜੀਤ ਸਿੰਘ ਭੁੱਲਾ ਅਤੇ ਕਸ਼ਮੀਰ ਸਿੰਘ ਫੱਤਾ ਕੁੱਲਾ ਦੀ ਅਗਵਾਈ ਵਿਚ ਲਗਾਏ ਗਏ ਇਸ ਰੋਸ ਧਰਨੇ ’ਚ ਵੱਖ-ਵੱਖ ਜ਼ੋਨਾਂ ਤੋਂ ਵੱਡੀ ਗਿਣਤੀ ’ਚ ਕਿਸਾਨਾਂ ਨੇ ਹਿੱਸਾ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾਈ ਆਗੂ ਸਵਿੰਦਰ ਸਿੰਘ ਚੁਤਾਲਾ, ਅਵਤਾਰ ਸਿੰਘ ਸੇਖੋਂ, ਜਗਦੀਪ ਸਿੰਘ ਜੱਸੀ ਗਿੱਲ ਨੇ ਕਿਹਾ ਕਿ ਪਾਣੀ ਦਾ ਪੱਧਰ ਪੰਜਾਬ ’ਚ ਲਗਾਤਾਰ ਹੇਠਾਂ ਜਾ ਰਿਹਾ ਹੈ ਅਤੇ ਵਾਤਾਵਰਣ ਵੀ ਲਗਾਤਾਰ ਗੰਧਲਾ ਹੋ ਰਿਹਾ ਹੈ ਪਰ ਪੰਜਾਬ ਬਾਰੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਨੂੰ ਇਸ ਦੀ ਕੋਈ ਚਿੰਤਾ ਨਹੀਂ ਹੈ। ਮਿੱਲਾਂ ਅਤੇ ਇੰਡਸਟਰੀਆਂ ਗੰਦਾ ਪਾਣੀ ਲਗਾਤਾਰ ਦਰਿਆਵਾਂ ’ਚ ਪਾ ਰਹੀਆਂ ਹਨ ਅਤੇ ਦਿਨੋ-ਦਿਨ ਵਾਤਾਵਰਣ ਖ਼ਰਾਬ ਹੋ ਰਿਹਾ ਹੈ।
ਇਸੇ ਤਰ੍ਹਾਂ ਦਸੂਹਾ ਮਿੱਲ ਵੱਲੋਂ ਗੰਦਾ ਪਾਣੀ ਬੋਰਾਂ ਰਾਹੀਂ ਧਰਤੀ ’ਚ ਧੱਕਿਆ ਜਾ ਰਿਹਾ ਹੈ, ਜਿਸ ਨਾਲ ਇਲਾਕੇ ਦਾ ਪਾਣੀ ਲਗਾਤਾਰ ਪ੍ਰਦੂਸ਼ਿਤ ਹੋ ਰਿਹਾ ਹੈ। ਕਿਸਾਨ ਆਗੂਆਂ ਅਤੇ ਧਰਨਾਕਾਰੀਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਦੀ ਵੀ ਵਧੇਰੇ ਸਿੰਚਾਈ ਨਹਿਰੀ ਪਾਣੀ ਰਾਹੀਂ ਕੀਤੀ ਜਾਵੇ, ਇੰਡਸਟਰੀਆਂ, ਫੈਕਟਰੀਆਂ ਅਤੇ ਗੰਨਾ ਮਿੱਲਾਂ ਦਾ ਗੰਦਾ ਪਾਣੀ ਦਰਿਆਵਾਂ ’ਚ ਨਾ ਪਾਇਆ ਜਾਵੇ, ਭਾਖੜਾ ਬਿਆਸ ਮੈਨੇਜਮੈਂਟ ’ਚ ਪੰਜਾਬ ਦੀ ਮੈਂਬਰੀ ਬਹਾਲ ਕੀਤੀ ਜਾਵੇ। ਇਸ ਰੋਸ ਧਰਨੇ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਚੌਹਾਨ, ਦਵਿੰਦਰ ਸਿੰਘ ਕਾਹਲੋਂ, ਭੁਪਿੰਦਰ ਸਿੰਘ, ਸਰਪੰਚ ਜਸਵੀਰ ਸਿੰਘ, ਹਰਵਿੰਦਰ ਸਿੰਘ ਸੋਨੂੰ, ਐਮੀ ਬਾਜਵਾ, ਅਰਵਿੰਦਰ ਸਿੰਘ ਰਾਣਾ ਆਗੂਆਂ ਨੇ ਵੀ ਸੰਬੋਧਨ ਕੀਤਾ।