ਕੈਂਟ ਬੋਰਡ ਦੇ ਮੁਲਾਜ਼ਮਾਂ ਨੂੰ 2 ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ, ਵਿਦਾਇਗੀ ਪਾਰਟੀ ’ਚ ਉੱਡੀ ਲੱਖਾਂ ਦੀ ਸ਼ਰਾਬ

05/08/2022 2:09:44 PM

ਜਲੰਧਰ ਛਾਉਣੀ (ਦੁੱਗਲ)–ਇਕ ਪਾਸੇ ਜਿਥੇ ਕੈਂਟ ਬੋਰਡ ਪ੍ਰਸ਼ਾਸਨ ਕੋਲ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਫੰਡ ਨਹੀਂ ਹੈ। ਖਾਸ ਕਰ ਕੇ ਦਰਜਾ ਚਾਰ ਕਰਮਚਾਰੀਆਂ ਨੂੰ ਤਨਖਾਹ ਨਾ ਮਿਲਣ ਕਾਰਨ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਬੁਝਣ ਕੰਢੇ ਹਨ, ਉਥੇ ਹੀ ਕੈਂਟ ਬੋਰਡ ਦੇ ਅਧਿਕਾਰੀਆਂ ਦੀ ਇਕ ਲਾਬੀ ਵੱਲੋਂ ਦਿੱਤੀ ਗਈ ਵਿਦਾਇਗੀ ਪਾਰਟੀ ’ਚ ਲੱਖਾਂ ਰੁਪਏ ਦੀ ਸ਼ਰਾਬ ਉਡਾ ਦਿੱਤੀ ਗਈ। ਦੱਸਿਆ ਜਾ ਿਰਹਾ ਹੈ ਕਿ ਸਾਰੇ ਮੁਲਾਜ਼ਮਾਂ ਨੂੰ ਮਾਰਚ ਅਤੇ ਅਪ੍ਰੈਲ ਮਹੀਨੇ ਦੀ ਤਨਖਾਹ ਨਹੀਂ ਮਿਲੀ। ਤੀਜਾ ਮਹੀਨਾ ਸ਼ੁਰੂ ਹੋ ਗਿਆ ਹੈ ਪਰ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦਿੱਤੀ ਗਈ। ਦੂਜੇ ਪਾਸੇ ਡਿਪਟੀ ਸੀ. ਈ. ਓ. ਸੁਧੀਰ ਕੁਮਾਰ ਦੀ ਵਿਦਾਇਗੀ ਅਤੇ ਨਵੇਂ ਸੀ. ਈ. ਓ. ਰਾਮ ਸਵਰੂਪ ਦੇ ਆਗਮਨ ’ਤੇ ਮਲਾਈਦਾਰ ਸੀਟਾਂ ’ਤੇ ਬੈਠੇ ਅਧਿਕਾਰੀਆਂ ਨੇ ਜਲੰਧਰ ਸਥਿਤ ਇਕ ਹੋਟਲ ਵਿਚ ਉਨ੍ਹਾਂ ਨੂੰ ਪਾਰਟੀ ਦਿੱਤੀ ਅਤੇ ਇਸ ਦੌਰਾਨ ਕੁਝ ਅਧਿਕਾਰੀਆਂ ਨੂੰ ਛੱਡ ਕੇ ਸਾਰਿਆਂ ਨੇ ਜਾਮ ਨਾਲ ਜਾਮ ਟਕਰਾਇਆ ਅਤੇ ਲੱਖਾਂ ਰੁਪਏ ਦੀ ਸ਼ਰਾਬ ਉਡਾ ਦਿੱਤੀ ਗਈ।

ਦੱਸਣਯੋਗ ਹੈ ਕਿ ਪਾਰਟੀ ਦੇਣ ਵਾਲੇ ਅਧਿਕਾਰੀਆਂ ਨੂੰ ਵੀ ਪਿਛਲੇ 2 ਮਹੀਨਿਆਂ ਦੀ ਤਨਖਾਹ ਨਹੀਂ ਮਿਲੀ ਅਤੇ ਅਧਿਕਾਰੀਆਂ ਦੀ ਇਕ ਲਾਬੀ ਵੱਲੋਂ ਕਾਕਟੇਲ ਪਾਰਟੀ ’ਤੇ ਲੱਖਾਂ ਰੁਪਏ ਉਡਾ ਦਿੱਤੇ ਗਏ। ਵਰਣਨਯੋਗ ਹੈ ਕਿ ਪਿਛਲੇ ਮਹੀਨੇ ਵੀ ਸੀ. ਈ. ਓ. ਜੋਤੀ ਕੁਮਾਰ ਨੂੰ ਇਸੇ ਹੋਟਲ ’ਚ ਦਿੱਤੀ ਗਈ ਵਿਦਾਇਗੀ ਪਾਰਟੀ ਵਿਚ ਪਾਣੀ ਵਾਂਗ ਸ਼ਰਾਬ ਉਡਾਈ ਗਈ। ਸੂਤਰ ਦੱਸਦੇ ਹਨ ਕਿ ਉਨ੍ਹਾਂ ਨੂੰ ਮਹਿੰਗੇ ਗਿਫ਼ਟ ਵੀ ਦਿੱਤੇ ਗਏ। ਜ਼ਿਕਰਯੋਗ ਹੈ ਕਿ ਇਕ ਪਾਸੇ ਕਰਮਚਾਰੀਆਂ ਨੂੰ ਤਨਖਾਹ ਨਾ ਮਿਲਣ ਨਾਲ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਬੁਝਣ ਕੰਢੇ ਹਨ, ਉਥੇ ਹੀ ਦੂਜੇ ਅਧਿਕਾਰੀਆਂ ਦੀ ਇਕ ਲਾਬੀ ਵੱਲੋਂ ਦਿੱਤੀ ਗਈ ਕਾਕਟੇਲ ਪਾਰਟੀ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
 


Manoj

Content Editor

Related News