ਖਡੂਰ ਸਾਹਿਬ ਅੰਦਰ ਆਉਂਦੇ ਕਪੂਰਥਲਾ ਵਿਧਾਨ ਸਭਾ ਹਲਕੇ ਦੀ ਚੋਣਾਂ 'ਚ ਵੇਖੋ ਕੀ ਰਹੀ ਸਥਿਤੀ

Wednesday, Jun 05, 2024 - 05:03 PM (IST)

ਖਡੂਰ ਸਾਹਿਬ ਅੰਦਰ ਆਉਂਦੇ ਕਪੂਰਥਲਾ ਵਿਧਾਨ ਸਭਾ ਹਲਕੇ ਦੀ ਚੋਣਾਂ 'ਚ ਵੇਖੋ ਕੀ ਰਹੀ ਸਥਿਤੀ

ਕਪੂਰਥਲਾ (ਮਹਾਜਨ)-ਲੋਕ ਸਭਾ ਹਲਕਾ ਖਡੂਰ ਸਾਹਿਬ ਨਾਲ ਸਬੰਧਤ ਵਿਧਾਨ ਸਭਾ ਹਲਕਾ ਕਪੂਰਥਲਾ ’ਚ 1 ਜੂਨ ਨੂੰ ਹੋਈਆਂ ਚੋਣਾਂ ਦੀ ਗਿਣਤੀ ਮੰਗਲਵਾਰ ਨੂੰ ਸ਼ਾਂਤੀਪੂਰਵਕ ਢੰਗ ਨਾਲ ਮੁਕੰਮਲ ਹੋਈਆਂ। ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਨਾਲ ਸਬੰਧਤ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਦੀ ਗਿਣਤੀ ਵਿਰਸਾ ਵਿਹਾਰ ਕਪੂਰਥਲਾ ਵਿਖੇ ਕੀਤੀ ਗਈ, ਜਦਕਿ ਲੋਕ ਸਭਾ ਹਲਕਾ ਹੁਸ਼ਿਆਰਪੁਰ ’ਚ ਪੈਂਦੇ ਵਿਧਾਨ ਸਭਾ ਹਲਕਿਆਂ ਭੁਲੱਥ ਅਤੇ ਫਗਵਾੜਾ ਦੀ ਗਿਣਤੀ ਹੁਸ਼ਿਆਰਪੁਰ ’ਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਨਿਯੁਕਤ ਆਬਜ਼ਰਵਰਾਂ ਦੀ ਨਿਗਰਾਨੀ ਹੇਠ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਸੀ। 

ਇਹ ਵੀ ਪੜ੍ਹੋ- ਜਲੰਧਰ 'ਚ 9,87,602 ਵੋਟਰਾਂ ਨੇ 20 ਉਮੀਦਵਾਰਾਂ ਨੂੰ ਪਾਈ ਵੋਟ, 4 ਹਜ਼ਾਰ ਤੋਂ ਵਧੇਰੇ ਵੋਟਰਾਂ ਨੇ ਦਬਾਇਆ ਨੋਟਾ

ਉਨ੍ਹਾਂ ਦੱਸਿਆ ਕਿ ਕਪੂਰਥਲਾ ਹਲਕੇ ਦੀ ਗਿਣਤੀ ਸਹਾਇਕ ਰਿਟਰਨਿੰਗ ਅਫ਼ਸਰ ਡਾ. ਇਰਵਿਨ ਕੌਰ, ਸੁਲਤਾਨਪੁਰ ਲੋਧੀ ਹਲਕੇ ਦੇ ਗਿਣਤੀ ਸਹਾਇਕ ਰਿਟਰਨਿੰਗ ਅਫ਼ਸਰ ਐੱਸ. ਡੀ. ਐੱਮ. ਜਸਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਪੂਰੀ ਕੀਤੀ ਗਈ। ਜ਼ਿਲ੍ਹਾ ਚੋਣ ਅਫ਼ਸਰ ਨੇ ਜਿੱਥੇ ਗਿਣਤੀ ਪ੍ਰਕਿਰਿਆ ਨੂੰ ਨਿਰਵਿਘਨ ਅਤੇ ਨਿਰਧਾਰਿਤ ਸਮੇਂ ’ਚ ਨੇਪਰੇ ਚਾੜ੍ਹਨ ਲਈ ਡਿਊਟੀ ’ਤੇ ਤਾਇਨਾਤ ਸਮੂਹ ਕਾਊਂਟਿੰਗ ਸਟਾਫ਼ ਅਤੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ, ਉੱਥੇ ਹੀ ਉਨ੍ਹਾਂ ਨੇ ਸੁਰੱਖਿਆ ਕਰਮਚਾਰੀਆਂ ਅਤੇ ਹੋਰ ਸਭਨਾਂ ਵੱਲੋਂ ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਦਿੱਤੇ ਯੋਗਦਾਨ ਅਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ।

ਇਹ ਵੀ ਪੜ੍ਹੋ- ਜਲੰਧਰ 'ਚ 'ਆਪ'-ਭਾਜਪਾ ਉਮੀਦਵਾਰ ਆਪਣੇ ਗ੍ਰਹਿ ਹਲਕੇ 'ਚ ਹਾਰੇ, ਕਾਂਗਰਸ ਦੀ ਰਿਕਾਰਡ ਜਿੱਤ

ਡੀ. ਸੀ. ਅਮਿਤ ਕੁਮਾਰ ਪੰਚਾਲ ਨੇ ਹਲਕੇ ’ਚ ਵੱਖ-ਵੱਖ ਉਮੀਦਵਾਰਾਂ ਨੂੰ ਪਈਆਂ ਵੋਟਾਂ ਨੂੰ ਜਾਰੀ ਕਰਦਿਆਂ ਦੱਸਿਆ ਕਿ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੂੰ 28,603, ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਨੂੰ 21,548, ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਨੂੰ 15,142, ‘ਆਪ’ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੂੰ 11,835, ਅਕਾਲੀ ਦਲ ਦੇ ਉਮੀਦਵਾਰ ਨੂੰ 4969, ਬਸਪਾ ਉਮੀਦਵਾਰ ਸਤਨਾਮ ਸਿੰਘ 724 ਸਮੇਤ ਉਮੀਦਵਾਰ ਗੁਰਦਿਆਲ ਸਿੰਘ ਨੂੰ 208, ਚੈਨ ਸਿੰਘ ਬੈਂਕਾ ਨੂੰ 318, ਦਿਲਬਾਗ ਸਿੰਘ ਨੂੰ 63, ਨਵੀਨ ਕੁਮਾਰ ਸ਼ਰਮਾ ਨੂੰ 29, ਅਜੀਤ ਸਿੰਘ ਨੂੰ 100, ਅਨੋਖ ਸਿੰਘ ਕਤਵਾਲ ਨੂੰ 112, ਅਰੁਣ ਕੁਮਾਰ ਨੂੰ 121, ਸਰਬਜੀਤ ਸਿੰਘ ਨੂੰ 239, ਸਿਮਰਨਜੀਤ ਸਿੰਘ ਨੂੰ 81, ਸੁਰਜੀਤ ਸਿੰਘ ਭਿੱਖੀਵਿੰਡ ਨੂੰ 153, ਹਰਜਿੰਦਰ ਸਿੰਘ ਨੂੰ 198, ਕਵਲਜੀਤ ਸਿੰਘ ਨੂੰ 250, ਕੰਵਲਜੀਤ ਸਿੰਘ ਨੂੰ 177, ਗੁਰਪ੍ਰੀਤ ਸਿੰਘ ਨੂੰ 158, ਜਸਵੰਤ ਸਿੰਘ ਸੋਹਲ ਨੂੰ 110, ਪਰਮਜੀਤ ਸਿੰਘ ਨੂੰ 836, ਪਰਮਿੰਦਰ ਸਿੰਘ ਨੂੰ 136, ਮਹਿੰਦਰ ਸਿੰਘ ਹਮੀਰਾ ਨੂੰ 202, ਲਖਬੀਰ ਸਿੰਘ ਨੂੰ 92, ਵਿਕਰਮਜੀਤ ਸਿੰਘ ਨੂੰ 99, ਵਿਜੈ ਕੁਮਾਰ ਨੂੰ 89 ਤੇ ਨੋਟਾ ਨੂੰ 390 ਵੋਟਾਂ ਪਈਆਂ। ਇਸ ਤਰ੍ਹਾਂ ਵਿਧਾਨ ਸਭਾ ਹਲਕਾ ਕਪੂਰਥਲਾ ’ਚ 87032 ਵੋਟਾਂ ਪਈਆਂ।

ਖ਼ਡੂਰ ਸਾਹਿਬ 'ਚ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੀ ਜਿੱਤ ਨਾਲ ਬਦਲਣ ਲੱਗੇ ਸਿਆਸੀ ਸਮੀਕਰਨ
ਜ਼ਿਕਰਯੋਗ ਹੈ ਕਿ 1 ਜੂਨ ਨੂੰ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ’ਚ 13 ਲੋਕ ਸਭਾ ਸੀਟਾਂ ’ਤੇ ਪੰਜਾਬ ਦੀਆਂ ਸਾਰੀਆਂ ਵੱਡੀਆਂ ਪਾਰਟੀਆਂ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਬਸਪਾ ਵੱਲੋਂ ਆਪਣੇ ਦਿੱਗਜ਼ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹੋਏ ਸਨ। ਇਸ ਤੋਂ ਇਲਾਵਾ ਕਈ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿਚ ਸਨ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਖਡੂਰ ਸਾਹਿਬ ਲੋਕ ਸਭਾ ਸੀਟ ਕਾਫ਼ੀ ਚਰਚਾ ਵਿਚ ਆ ਗਈ ਹੈ। ਖਡੂਰ ਸਾਹਿਬ ਸੀਟ ਤੋਂ ਚੋਣ ਲੜ ਰਹੇ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ 197120 ਵੋਟਾਂ ਦੇ ਫਰਕ ਨਾਲ ਜਿੱਤ ਗਏ ਹਨ। ਅੰਮ੍ਰਿਤਪਾਲ ਸਿੰਘ ਦੀ ਇਹ ਜਿੱਤ ਪੰਜਾਬ ਭਰ ਵਿਚ ਸਭ ਤੋਂ ਵੱਡਾ ਮਾਰਜਨ ਹੈ। ਅੰਮ੍ਰਿਤਪਾਲ ਸਿੰਘ ਦੀ ਜਿੱਤ ਨਾਲ ਸਿਆਸੀ ਸਮੀਕਰਨ ਬਦਲਣ ਲੱਗੇ ਹਨ। ਕਾਂਗਰਸ ਵੱਲੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ‘ਆਪ’ਵੱਲੋਂ ਮੌਜੂਦਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਭਾਜਪਾ ਵੱਲੋਂ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਮੀਆਵਿੰਡ ਤੇ ਖੱਬੇ ਪੱਖੀ ਧਿਰਾ ਸੀ. ਪੀ. ਆਈ. ਵੱਲੋਂ ਗੁਰਦਿਆਲ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ। ਲੋਕ ਸਭਾ ਹਲਕਾ ਖਡੂਰ ਸਾਹਿਬ ਨੂੰ ਪਹਿਲਾਂ ਤਰਨਤਾਰਨ ਲੋਕ ਸਭਾ ਹਲਕੇ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਪਿਛੋਕੜ ਤੋਂ ਜੇਕਰ ਝਾਤ ਮਾਰੀ ਜਾਵੇ ਤਾਂ ਸਾਲ 2008 ਤੋਂ ਪਹਿਲਾਂ ਇਹ ਹਲਕਾ ਤਰਨਤਾਰਨ ਲੋਕ ਸਭਾ ਸੀ ਪਰ 2009 ’ਚ ਇਸ ਨੂੰ ਖਡੂਰ ਸਾਹਿਬ ਹਲਕੇ ਦੇ ਰੂਪ ’ਚ ਬਦਲ ਦਿੱਤਾ ਗਿਆ। ਇਸ ’ਚ ਕਈ ਨਵੇਂ ਵਿਧਾਨ ਸਭਾ ਹਲਕੇ ਸ਼ਾਮਲ ਕੀਤੇ ਗਏ।

ਇਹ ਵੀ ਪੜ੍ਹੋ-ਜਲੰਧਰ ਲੋਕ ਸਭਾ ਸੀਟ ਦੇ 9 ਵਿਧਾਨ ਸਭਾ ਹਲਕਿਆਂ 'ਚੋਂ ਹਾਰੀ 'ਆਪ'
ਕੀ ਹੈ ਖ਼ਾਸ ਗੱਲ
ਇਸ ਲੋਕ ਸਭਾ ਹਲਕੇ ਹੇਠ ਆਉਂਦੇ 9 ਵਿਧਾਨ ਸਭਾ ਹਲਕੇ ਵੱਖ-ਵੱਖ ਚਾਰ ਜ਼ਿਲਿਆਂ ਤੋਂ ਹਨ, ਜਿਨ੍ਹਾਂ ’ਚ ਅੰਮ੍ਰਿਤਸਰ ਜ਼ਿਲੇ ਦੇ 2 ਵਿਧਾਨ ਸਭਾ ਹਲਕੇ ਜੰਡਿਆਲਾ ਤੇ ਬਾਬਾ ਬਕਾਲਾ, ਤਰਨਤਾਰਨ ਜ਼ਿਲੇ ਦੇ 4 ਵਿਧਾਨ ਸਭਾ ਹਲਕੇ ਤਰਨਤਾਰਨ, ਖਡੂਰ ਸਾਹਿਬ, ਪੱਟੀ ਤੇ ਖੇਮਕਰਨ, ਕਪੂਰਥਲਾ ਜ਼ਿਲੇ ਦੇ 2 ਹਲਕੇ ਕਪੂਰਥਲਾ ਤੇ ਸੁਲਤਾਨਪੁਰ ਲੋਧੀ, ਫਿਰੋਜ਼ਪੁਰ ਜ਼ਿਲਾ ਦਾ 1 ਹਲਕਾ ਜ਼ੀਰਾ ਸ਼ਾਮਲ ਹਨ।

ਇਸ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ’ਚੋਂ 7 ’ਚ ‘ਆਪ’ਵਿਧਾਇਕ ਕਾਬਜ ਹਨ, ਜਦਕਿ 1 ਵਿਧਾਨ ਸਭਾ ਹਲਕੇ ’ਚ ਕਾਂਗਰਸ ਤੇ 1 ਵਿਧਾਨ ਸਭਾ ਹਲਕੇ ’ਚ ਆਜ਼ਾਦ ਵਿਧਾਇਕ ਕਾਬਜ ਹੈ। ਇਸ ਕਾਰਨ ਕਿਹਾ ਜਾ ਸਕਦਾ ਹੈ ਕਿ ਇਸ ਵੇਲੇ ਲੋਕ ਸਭਾ ਹਲਕੇ ’ਤੇ ‘ਆਪ’ ਦਾ ਦਬਦਬਾ ਹੈ। ਹਲਕਾ ਖਡੂਰ ਸਾਹਿਬ ’ਚ 75.15 ਫੀਸਦੀ ਸਿੱਖਾਂ ਦੀ ਵੋਟ ਹੈ। ਇਸ ਲੋਕ ਸਭਾ ਹਲਕੇ ’ਚ ਜੰਡਿਆਲਾ, ਖੇਮਕਰਨ, ਤਰਨਤਾਰਨ, ਪੱਟੀ, ਖਡੂਰ ਸਾਹਿਬ, ਬਾਬਾ ਬਕਾਲਾ, ਕਪੂਰਥਲਾ, ਸੁਲਤਾਨਪੁਰ ਲੋਧੀ ਤੇ ਜ਼ੀਰਾ ਸ਼ਾਮਲ ਹਨ।

ਚੋਣ ਕਮਿਸ਼ਨ ਮੁਤਾਬਕ ਇਸ ਵਾਰ 15, 63, 409 ਵੋਟਰਾਂ ਨੇ ਸੁਣਾਇਆ ਆਪਣਾ ਫ਼ੈਸਲਾ
ਚੋਣ ਕਮਿਸ਼ਨ ਮੁਤਾਬਕ ਇਸ ਵਾਰ 15, 63, 409 ਵੋਟਰਾਂ ਨੇ ਆਪਣਾ ਫੈਸਲਾ ਸੁਣਾਇਆ। 2009, 2014 ਤੇ 2019 ’ਚ ਇਸ ਸੀਟ ’ਤੇ ਹੋਈਆਂ ਆਮ ਚੋਣਾਂ ’ਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦਾ ਦਬਦਬਾ ਰਿਹਾ। 2009 ਤੇ 2014 ’ਚ ਇਹ ਸੀਟ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ। 2009 ’ਚ ਇਸ ਸੀਟ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਡਾ. ਰਤਨ ਸਿੰਘ ਅਜਨਾਲਾ ਚੁਣੇ ਗਏ, ਜਦਕਿ 5 ਸਾਲ ਬਾਅਦ 2014 ’ਚ ਹੋਈਆਂ ਆਮ ਚੋਣਾਂ ’ਚ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਰਣਜੀਤ ਸਿੰਘ ਬ੍ਰਹਮਪੁਰਾ ਦੇ ਖਾਤੇ ’ਚ ਗਈ ਸੀ। ਬ੍ਰਹਮਪੁਰਾ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਸਬੀਰ ਸਿੰਘ ਗਿੱਲ 2019 ’ਚ ਇਸ ਸੀਟ ’ਤੇ ਲੋਕ ਸਭਾ ਮੈਂਬਰ ਚੁਣੇ ਗਏ। ਜੇਕਰ 2019 ਦੀਆਂ ਆਮ ਚੋਣਾਂ ’ਤੇ ਨਜ਼ਰ ਮਾਰੀਏ ਤਾਂ ਇਸ ਸੀਟ ’ਤੇ ਮੁੱਖ ਮੁਕਾਬਲਾ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਏਕਤਾ ਪਾਰਟੀ ਵਿਚਾਲੇ ਸੀ। ਇੰਡੀਅਨ ਨੈਸ਼ਨਲ ਕਾਂਗਰਸ ਦੇ ਜਸਬੀਰ ਸਿੰਘ ਗਿੱਲ 4, 59, 710 ਵੋਟਾਂ ਨਾਲ ਜੇਤੂ ਰਹੇ ਸੀ, ਜਦਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੀਬੀ ਜਗੀਰ ਕੌਰ ਦੂਜੇ ਸਥਾਨ ’ਤੇ ਰਹੇ ਅਤੇ ਤੀਜੇ ਨੰਬਰ ’ਤੇ ਪੰਜਾਬ ਏਕਤਾ ਪਾਰਟੀ ਦੀ ਬੀਬੀ ਪਰਮਜੀਤ ਕੌਰ ਖਾਲੜਾ, ਜਿਨ੍ਹਾਂ ਨੂੰ ਕੁੱਲ ਵੋਟਾਂ ਦੀ 21ਫ਼ੀਸਦੀ ਵੋਟਾਂ ਮਿਲੀਆਂ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਜਲੰਧਰ ਸਣੇ ਇਨ੍ਹਾਂ 5 ਸੀਟਾਂ 'ਤੇ ਹੋਣਗੀਆਂ ਜ਼ਿਮਨੀ ਚੋਣਾਂ, ਪੜ੍ਹੋ ਪੂਰਾ ਵੇਰਵਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News