ਹਾਲ-ਏ-ਨਗਰ ਨਿਗਮ : ਠੇਕੇਦਾਰੀ ’ਚ ਉਤਰੇ ਸ਼ਹਿਰ ਦੇ ਕਈ ਪ੍ਰਭਾਵਸ਼ਾਲੀ ਆਗੂ!

01/24/2021 1:01:31 PM

ਜਲੰਧਰ (ਸੋਮਨਾਥ)– ਨਗਰ ਨਿਗਮ ਅਤੇ ਸ਼ਹਿਰ ਵਿਚ ਅੱਜਕਲ੍ਹ ਕੁਝ ਆਗੂ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਨਿਗਮ ਵਿਚ ਕਾਫ਼ੀ ਪ੍ਰਭਾਵਸ਼ਾਲੀ ਮੰਨੇ ਜਾਂਦੇ ਹਨ। ਚਰਚਾ ਦਾ ਕਾਰਨ ਇਹ ਹੈ ਕਿ ਇਨ੍ਹਾਂ ਆਗੂਆਂ ਨੇ ਹੁਣ ਠੇਕੇਦਾਰੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਆਗੂਆਂ ਦੇ ਠੇਕੇਦਾਰੀ ਵਿਚ ਉਤਰਨ ਨਾਲ ਨਿਗਮ ਦੇ ਠੇਕੇਦਾਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦੇ ਖੁਦ ਠੇਕੇਦਾਰ ਬਣਨ ਨਾਲ ਉਨ੍ਹਾਂ ਨੂੰ ਆਪਣੀ ਰੋਜ਼ੀ-ਰੋਟੀ ਦੀ ਫਿਕਰ ਪੈ ਗਈ ਹੈ ਅਤੇ ਇਹ ਆਗੂ ਹੀ ਵੱਡੇ-ਵੱਡੇ ਠੇਕੇ ਲੈਣ ਲੱਗਣਗੇ ਤਾ ਉਹ ਲੋਕ ਕੀ ਕਰਨਗੇ?
ਠੇਕੇਦਾਰਾਂ ਨੇ ਕਿਹਾ ਕਿ ਪਿਛਲੇ ਦਿਨੀਂ ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਮੀਟਿੰਗ ਵਿਚ ਕਰੋੜਾਂ ਰੁਪਏਦੇ ਵਿਕਾਸ ਕਾਰਜਾਂ ਦੇ ਪ੍ਰਸਤਾਵ ਪਾਸ ਹੋਏ ਹਨ ਅਤੇ ਉਨ੍ਹਾਂ ਨੂੰ ਖਦਸ਼ਾ ਹੈ ਕਿ ਇਹ ਆਗੂ ਕਮ-ਠੇਕੇਦਾਰ ਕਈ ਵਿਕਾਸ ਕਾਰਜ ਆਪਣੇ ਹੱਥਾਂ ਵਿਚ ਲੈ ਲੈਣਗੇ।

ਇਹ ਵੀ ਪੜ੍ਹੋ: ਜਲੰਧਰ ’ਚ ਸ਼ਰਮਨਾਕ ਘਟਨਾ: 24 ਸਾਲਾ ਨੌਜਵਾਨ ਵੱਲੋਂ 5 ਸਾਲਾ ਬੱਚੀ ਨਾਲ ਜਬਰ-ਜ਼ਿਨਾਹ

ਪਹਿਲਾਂ ਸ਼ਿਕਾਇਤ, ਫਿਰ ਸਿਫਾਰਸ਼ ਕਰਦੇ ਹਨ ਆਗੂ
ਠੇਕੇਦਾਰਾਂ ਨੇ ਕਿਹਾ ਕਿ ਸ਼ਹਿਰ ਦੇ ਕੁਝ ਜਨ-ਪ੍ਰਤੀਨਿਧੀ ਤਾਂ ਅਜਿਹੇ ਹਨ, ਜਿਹੜੇ ਪਹਿਲਾਂ ਬਿਲਡਿੰਗ ਬ੍ਰਾਂਚ ਵਿਚ ਸ਼ਹਿਰ ਵਿਚ ਬਣ ਰਹੀਆਂ ਬਿਲਡਿੰਗਾਂ ਦੀ ਸ਼ਿਕਾਇਤ ਕਰਦੇ ਹਨ ਪਰ ਜਦੋਂ ਅਧਿਕਾਰੀ ਜਾਂਚ ਕਰਨ ਜਾਂਦਾ ਹੈ ਤਾਂ ਫਿਰ ਖੁਦ ਹੀ ਸਿਫਾਰਸ਼ਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਅਧਿਕਾਰੀਆਂ ਦੇ ਹੱਥ ਬੱਝ ਜਾਂਦੇ ਹਨ। ਇਹੀ ਕਾਰਨ ਹੈ ਕਿ ਅਧਿਕਾਰੀ ਬਿਲਡਿੰਗ ਬਾਈਲਾਜ਼ ਖ਼ਿਲਾਫ਼ ਬਣ ਰਹੀਆਂ ਇਮਾਰਤਾਂ ’ਤੇ ਇਹ ਕਾਰਵਾਈ ਨਹੀਂ ਕਰ ਪਾਉਂਦੇ।

ਅਧਿਕਾਰੀਆਂ ਨੂੰ 18 ਕਾਲੋਨੀਆਂ ’ਤੇ ਕਾਰਵਾਈ ਤੋਂ ਕਿਸ ਨੇ ਰੋਕਿਆ
ਬਿਲਡਿੰਗ ਐਡਹਾਕ ਕਮੇਟੀ ਦੇ ਚੇਅਰਮੈਨ ਨਿਰਮਲ ਸਿੰਘ ਨਿੰਮਾ ਅਤੇ ਕਮੇਟੀ ਮੈਂਬਰ ਸੁਸ਼ੀਲ ਕਾਲੀਆ ਕਰੀਬ ਇਕ ਸਾਲ ਤੋਂ ਸ਼ਹਿਰ ਵਿਚ ਹੋਂਦ ਵਿਚ ਆਈਆਂ ਨਾਜਾਇਜ਼ ਕਾਲੋਨੀਆਂ ਅਤੇ ਬਿਲਡਿੰਗ ਬਾਈਲਾਜ਼ ਖ਼ਿਲਾਫ਼ ਬਣੀਆਂ ਇਮਾਰਤਾਂ ਦਾ ਮਾਮਲਾ ਉਠਾ ਰਹੇ ਹਨ। ਪਿਛਲੇ ਮਹੀਨੇ ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਦੇ ਜੇ. ਡੀ. ਏ. ਦੇ ਮੁੱਖ ਪ੍ਰਸ਼ਾਸਕ ਦਾ ਅਹੁਦਾ ਸੰਭਾਲਣ ਤੋਂ ਬਾਅਦ ਕੁਝ ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਐੱਫ. ਆਈ. ਆਰਜ਼ ਹੋਈਆਂ ਪਰ ਅਕਤੂਬਰ ਮਹੀਨੇ ਐਡਹਾਕ ਕਮੇਟੀ ਵੱਲੋਂ ਕੈਂਟ ਹਲਕੇ ਵਿਚ ਜਿਹੜੀਆਂ 18 ਕਾਲੋਨੀਆਂ ਦਾ ਮਾਮਲਾ ਉਠਾਇਆ ਗਿਆ ਸੀ, ਉਨ੍ਹਾਂ ’ਤੇ ਕਾਰਵਾਈ ਤਾਂ ਕੀ ਹੋਣੀ ਸੀ, ਉਲਟਾ 18 ਹੋਰ ਕਾਲੋਨੀਆਂ ਹੋਂਦ ਵਿਚ ਆ ਗਈਆਂ।

ਇਹ ਵੀ ਪੜ੍ਹੋ:  ਜਲੰਧਰ ’ਚ ਦੋਆਬਾ ਚੌਂਕ ਨੇੜੇ ਫਿਲਮੀ ਸਟਾਈਲ ’ਚ ਪੁਲਸ ਨੇ ਫੜਿਆ ਸ਼ੱਕੀ, ਗੋਲੀ ਚੱਲਣ ਦੀ ਚਰਚਾ

ਐਡਹਾਕ ਕਮੇਟੀ ਵੱਲੋਂ ਰਾਮਾ ਮੰਡੀ ਏਰੀਏ ਵਿਚ ਨਵੀਆਂ ਕੱਟੀਆਂ ਗਈਆਂ 18 ਕਾਲੋਨੀਆਂ ਵਿਚ ਨਿਗਮ ਵੱਲੋਂ ਸਾਈਨ ਬੋਰਡ ਲਾਉਣ ਦੀ ਸਿਫਾਰਸ਼ ਕੀਤੀ ਗਈ ਸੀ ਪਰ ਉਹ ਸਿਫਾਰਸ਼ ਵੀ ਫਾਈਲ ਬਣ ਕੇ ਰਹਿ ਗਈ ਹੈ। ਹਾਲਾਤ ਇਹ ਹਨ ਕਿ ਬੀਤੇ ਦਿਨੀਂ ਜਦੋਂ ਐਡਹਾਕ ਕਮੇਟੀ ਦੀ ਅਧਿਕਾਰੀਆਂ ਨਾਲ ਮੀਟਿੰਗ ਹੋਈ ਤਾਂ ਉਨ੍ਹਾਂ ਨੂੰ ਅਧਿਕਾਰੀਆਂ ਕੋਲੋਂ ਕੋਈ ਜਵਾਬ ਨਹੀਂ ਮਿਲਿਆ।
ਇਸ ’ਤੇ ਕਮੇਟੀ ਵੱਲੋਂ ਮੇਅਰ ਜਗਦੀਸ਼ ਰਾਜ ਰਾਜਾ ਨੂੰ ਸ਼ਿਕਾਇਤ ਕੀਤੀ ਗਈ। ਖੁਦ ਮੇਅਰ ਸ਼ਾਮੀਂ ਕਰੀਬ 4.30 ਵਜੇ ਨਿਗਮ ਆਫਿਸ ਆਏ ਅਤੇ ਅਧਿਕਾਰੀਆਂ ਦੀ ਕਲਾਸ ਲਾਈ। ਫਿਲਹਾਲ ਮੇਅਰ ਨੇ ਅਧਿਕਾਰੀਆਂ ਨੂੰ 2 ਦਿਨ ਦਾ ਸਮਾਂ ਦੇ ਕੇ ਸੋਮਵਾਰ ਤੱਕ ਜਵਾਬ ਦੇਣ ਨੂੰ ਕਿਹਾ ਹੈ ਪਰ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਕੈਂਟ ਵਿਧਾਨ ਸਭਾ ਹਲਕੇ ਅਤੇ ਰਾਮਾ ਮੰਡੀ ਵਿਚ ਜਿਹੜੀਆਂ 18-18 ਕਾਲੋਨੀਆਂ ਹੋਂਦ ਵਿਚ ਆਈਆਂ ਹਨ, ਇਨ੍ਹਾਂ ਕਾਲੋਨੀਆਂ ਖ਼ਿਲਾਫ਼ ਅਧਿਕਾਰੀਆਂ ਨੂੰ ਕਾਰਵਾਈ ਕਰਨ ਤੋਂ ਕੌਣ ਰੋਕ ਰਿਹਾ ਹੈ?

ਇਹ ਵੀ ਪੜ੍ਹੋ:  26 ਜਨਵਰੀ ਨੂੰ ਜਲੰਧਰ ਦੇ ਇਹ ਰਸਤੇ ਰਹਿਣਗੇ ਬੰਦ, ਟ੍ਰੈਫਿਕ ਪੁਲਸ ਨੇ ਰੂਟ ਕੀਤੇ ਡਾਇਵਰਟ

ਨਾਜਾਇਜ਼ ਕਾਲੋਨੀਆਂ ’ਚ ਪਾਣੀ ਦੇ ਕੁਨੈਕਸ਼ਨਾਂ ਦਾ ਨਹੀਂ ਮਿਲ ਰਿਹਾ ਹਿਸਾਬ
ਬੀਤੇ ਸਾਲ ਓ. ਐਂਡ ਐੱਮ. ਦੇ ਚੇਅਰਮੈਨ ਪਵਨ ਕੁਮਾਰ ਵੱਲੋਂ ਅਧਿਕਾਰੀਆਂ ਨੂੰ ਨਾਜਾਇਜ਼ ਕਾਲੋਨੀਆਂ ਵਿਚ ਨਿਗਮ ਵੱਲੋਂ ਦਿੱਤੇ ਗਏ ਪਾਣੀ ਅਤੇ ਸੀਵਰੇਜ ਦੇ ਕੁਨੈਕਸ਼ਨਾਂ ਦੀਆਂ ਲਿਸਟਾਂ ਤਿਆਰ ਕਰ ਕੇ ਸੌਂਪਣ ਨੂੰ ਕਿਹਾ ਗਿਆ ਸੀ ਪਰ ਅਜੇ ਤੱਕ ਇਹ ਲਿਸਟਾਂ ਤਾਂ ਤਿਆਰ ਨਹੀਂ ਹੋ ਸਕੀਆਂ ਪਰ ਜਿਹੜੀਆਂ ਦਿਨੋ-ਦਿਨ ਨਾਜਾਇਜ਼ ਕਾਲੋਨੀਆਂ ਕੱਟੀਆਂ ਜਾ ਰਹੀਆਂ ਹਨ, ਉਨ੍ਹਾਂ ਵਿਚ ਪਾਣੀ ਦੇ ਕੁਨੈਕਸ਼ਨ ਜ਼ਰੂਰ ਦਿੱਤੇ ਜਾ ਰਹੇ ਹਨ। ਇਸਦਾ ਕਾਰਣ ਆਗੂ ਆਪਣੀਆਂ ਵੋਟਾਂ ਦੱਸ ਰਹੇ ਹਨ। ਕੌਂਸਲਰ ਅਤੇ ਵਿਧਾਇਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਉਹ ਜਨ-ਪ੍ਰਤੀਨਿਧੀ ਹਨ ਅਤੇ ਉਨ੍ਹਾਂ ਦਾ ਕੰਮ ਜਨਤਾ ਨੂੰ ਸਹੂਲਤ ਦੇਣਾ ਹੈ। ਜਨਤਾ ਦੀ ਸਹੂਲਤ ਲਈ ਪਾਣੀ, ਸੀਵਰੇਜ ਅਤੇ ਬਿਜਲੀ ਦੇ ਕੁਨੈਕਸ਼ਨ ਦਿੱਤੇ ਜਾਣੇ ਜ਼ਰੂਰੀ ਹਨ। ਸਾਡਾ ਪਹਿਲਾ ਕੰਮ ਸਹੂਲਤ ਦੇਣਾ ਹੈ। ਹਾਂ, ਜਿਹੜੇ ਲੋਕ ਨਿਯਮਾਂ ਦੇ ਖ਼ਿਲਾਫ਼ ਨਿਰਮਾਣ ਕਰਦੇ ਹਨ, ਉਨ੍ਹਾਂ ’ਤੇ ਕਾਰਵਾਈ ਕਰਨਾ ਅਧਿਕਾਰੀਆਂ ਦਾ ਕੰਮ ਹੈ।

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News