ਜਲੰਧਰ ਜ਼ਿਲ੍ਹਾ ਹਸਪਤਾਲ ਦੀ ਸਫ਼ਾਈ ਵਿਵਸਥਾ ਲੜਖੜਾਈ, ਮਰੀਜ਼ ਗੰਦਗੀ ਤੋਂ ਪ੍ਰੇਸ਼ਾਨ

Saturday, Mar 09, 2024 - 11:55 AM (IST)

ਜਲੰਧਰ ਜ਼ਿਲ੍ਹਾ ਹਸਪਤਾਲ ਦੀ ਸਫ਼ਾਈ ਵਿਵਸਥਾ ਲੜਖੜਾਈ, ਮਰੀਜ਼ ਗੰਦਗੀ ਤੋਂ ਪ੍ਰੇਸ਼ਾਨ

ਜਲੰਧਰ (ਸ਼ੋਰੀ)–ਸਿਹਤ ਮੰਤਰੀ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਜ਼ਿਲ੍ਹਾ ਹਸਪਤਾਲ (ਸਿਵਲ ਹਸਪਤਾਲ) ਨੂੰ ਉੱਚ ਪੱਧਰੀ ਸਿਹਤ ਸੰਸਥਾ ਬਣਾਇਆ ਜਾਵੇਗਾ ਪਰ ਜ਼ਿਲ੍ਹਾ ਹਸਪਤਾਲ ਵਿਚ ਤਾਇਨਾਤ ਅਧਿਕਾਰੀਆਂ ਨੂੰ ਸ਼ਾਇਦ ਇਹ ਮਨਜ਼ੂਰ ਨਹੀਂ ਹੈ ਅਤੇ ਉਹ ਨਹੀਂ ਚਾਹੁੰਦੇ ਕਿ ਮੰਤਰੀ ਦਾ ਸੁਫ਼ਨਾ ਪੂਰਾ ਹੋ ਸਕੇ। ਬੀਤੇ ਦਿਨ ‘ਜਗ ਬਾਣੀ’ ਦੀ ਟੀਮ ਵੱਲੋਂ ਦੁਪਹਿਰ ਬਾਅਦ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਤਾਂ ਵੇਖਿਆ ਕਿ ਜਗ੍ਹਾ-ਜਗ੍ਹਾ ਗੰਦਗੀ ਦੇ ਢੇਰ ਲੱਗੇ ਹੋਏ ਹਨ। ਇਸ ਵਿਚ ਵਿਸ਼ੇਸ਼ ਗੱਲ ਤਾਂ ਇਹ ਵੇਖਣ ਨੂੰ ਮਿਲੀ ਕਿ ਗੰਦਗੀ ਦੇ ਢੇਰ ਵਿਚ ਖ਼ੂਨ ਨਾਲ ਲਥਪਥ ਪੱਟੀਆਂ, ਰੂੰ, ਗਲੂਕੋਜ਼ ਦੀਆਂ ਖਾਲੀ ਬੋਤਲਾਂ ਆਦਿ ਬਾਇਓ-ਮੈਡੀਕਲ ਵੇਸਟ ਦਾ ਸਾਮਾਨ ਪਿਆ ਸੀ। ਵੇਸਟ ਸਾਮਾਨ ਹਸਪਤਾਲ ਦੀ ਐਮਰਜੈਂਸੀ ਦੇ ਬਾਹਰ ਹੀ ਪਿਆ ਸੀ, ਜਦੋਂ ਕਿ ਐਮਰਜੈਂਸੀ ਵਾਰਡ ਵਿਚ 24 ਘੰਟੇ ਸਟਾਫ ਹੁੰਦਾ ਹੈ।

ਜ਼ਿਕਰਯੋਗ ਹੈ ਕਿ ਬਾਇਓ-ਮੈਡੀਕਲ ਵੇਸਟ ਸਾਮਾਨ ਨੂੰ ਵਿਸ਼ੇਸ਼ ਢੰਗ ਨਾਲ ਨਿਯਮਾਂ ਦੇ ਮੁਤਾਬਕ ਇਕ ਵਿਸ਼ੇਸ਼ ਸਥਾਨ ’ਤੇ ਰੱਖਿਆ ਜਾਂਦਾ ਹੈ ਕਿਉਂਕਿ ਬਾਇਓ-ਮੈਡੀਕਲ ਵੇਸਟ ਸਾਮਾਨ ਨਾਲ ਲੋਕਾਂ ਦੀ ਸਿਹਤ ਨੂੰ ਹਾਨੀ ਪਹੁੰਚ ਸਕਦੀ ਹੈ। ਤੈਅ ਨਿਯਮਾਂ ਮੁਤਾਬਕ ਇਕ ਕੰਪਨੀ ਸਿਵਲ ਹਸਪਤਾਲ ਆ ਕੇ ਬਾਇਓ-ਮੈਡੀਕਲ ਵੇਸਟ ਦਾ ਸਾਮਾਨ ਲੈ ਕੇ ਜਾਂਦੀ ਹੈ। ਹੁਣ ਸੋਚਣ ਵਾਲੀ ਗੱਲ ਹੈ ਕਿ ਹਸਪਤਾਲ ਪ੍ਰਸ਼ਾਸਨ ਕਿੰਨਾ ਚੌਕਸ ਹੋ ਕੇ ਕੰਮ ਕਰ ਰਿਹਾ ਹੈ ਕਿ ਉਹ ਬਾਇਓ-ਮੈਡੀਕਲ ਵੇਸਟ ਸਾਮਾਨ ਦੀ ਡਿਸਪੋਜ਼ਲ ਨੂੰ ਵੀ ਰੈਗੂਲਰ ਨਹੀਂ ਕਰ ਪਾ ਰਿਹਾ।
ਦੂਜੇ ਪਾਸੇ ਮੈਡੀਕਲ ਸੁਪਰਿੰਟੈਂਡੈਂਟ ਦਫ਼ਤਰ ਨੇੜੇ ਵੀ ਗੰਦਗੀ ਦਿਸ ਰਹੀ ਸੀ। ਸੀਵਰੇਜ ਦਾ ਗੰਦਾ ਪਾਣੀ ਫਰਸ਼ ’ਤੇ ਜਮ੍ਹਾ ਸੀ ਅਤੇ ਉਸ ਤੋਂ ਬਦਬੂ ਵੀ ਫੈਲ ਰਹੀ ਸੀ। ਮੈਡੀਕਲ ਸੁਪਰਿੰਟੈਂਡੈਂਟ ਅਤੇ ਹੋਰਨਾਂ ਅਧਿਕਾਰੀਆਂ ਨੂੰ ਸਿਵਲ ਹਸਪਤਾਲ ਦਾ ਸਮੇਂ-ਸਮੇਂ ’ਤੇ ਰਾਊਂਡ ਲਾਉਣ ਦੀ ਲੋਡ਼ ਹੈ ਤਾਂ ਕਿ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਹਸਪਤਾਲ ਦੇ ਹਾਲਾਤ ਕਿੰਨੇ ਖਰਾਬ ਹਨ ਅਤੇ ਮਰੀਜ਼ਾਂ ਦੀ ਸਹੂਲਤ ਵੱਲ ਧਿਆਨ ਦੇਣ ਦੀ ਲੋੜ ਹੈ।

ਇਹ ਵੀ ਪੜ੍ਹੋ: ਮਾਣ ਦੀ ਗੱਲ: ਦੇਸ਼ ਦੀ ਧੀ ਹੋਣ ਦੀ ਜ਼ਿੰਮੇਵਾਰੀ ਬਾਖ਼ੂਬੀ ਨਾਲ ਨਿਭਾਅ ਰਹੀ CRPF ਕਮਾਂਡੈਂਟ ਕਮਲ ਸਿਸੋਦੀਆ

PunjabKesari

ਦੂਜੇ ਸੂਬਿਆਂ ਤੋਂ ਆ ਕੇ ਹਸਪਤਾਲ ਵਿਚ ਰਹਿ ਰਹੇ ਡੀ. ਐੱਨ. ਬੀ. ਡਾਕਟਰ ਵੀ ਗੰਦਗੀ ਤੋਂ ਪ੍ਰੇਸ਼ਾਨ
ਪੰਜਾਬ ਦੇ ਲੋਕ ਮਹਿਮਾਨਾਂ ਦੀ ਖਾਤਿਰਦਾਰੀ ਲਈ ਪੂਰੀ ਦੁਨੀਆ ਵਿਚ ਜਾਣੇ ਜਾਂਦੇ ਹਨ ਪਰ ਸਿਵਲ ਹਸਪਤਾਲ ਵਿਚ ਦੂਜੇ ਸੂਬਿਆਂ ਤੋਂ ਆ ਕੇ ਇਥੇ ਰਹਿਣ ਵਾਲੇ ਡੀ. ਐੱਨ. ਬੀ. ਦਾ ਕੋਰਸ ਕਰ ਰਹੇ ਡਾਕਟਰ, ਜਿਹੜੇ ਕਿ ਸਪੈਸ਼ਲਿਸਟ ਡਾਕਟਰ ਬਣਨ ਲਈ ਇਥੇ ਪੜ੍ਹਾਈ ਕਰ ਰਹੇ ਹਨ, ਉਨ੍ਹਾਂ ਨੂੰ ਇਥੇ ਰਹਿਣ ਲਈ ਹਸਪਤਾਲ ਵਿਚ ਹੀ ਨਸ਼ਾ-ਛੁਡਾਊ ਕੇਂਦਰ ਅਤੇ ਪੁਰਾਣੀ ਹੱਡੀਆਂ ਵਾਲੇ ਵਾਰਡ ਵਿਚ ਕਮਰੇ ਮਿਲੇ ਹਨ ਪਰ ਉਨ੍ਹਾਂ ਦੇ ਕਮਰਿਆਂ ਦੇ ਬਾਹਰ ਅਤੇ ਪਿੱਛੇ ਗੰਦਗੀ ਦਾ ਦ੍ਰਿਸ਼ ਆਮ ਦਿਖਾਈ ਦਿੰਦਾ ਹੈ।
ਸਵੇਰੇ ਉੱਠਦੇ ਹੀ ਉਹ ਗੰਦਗੀ ਦਾ ਦ੍ਰਿਸ਼ ਵੇਖਣ ਦੇ ਨਾਲ-ਨਾਲ ਇਸ ਤੋਂ ਪੈਦਾ ਹੋਣ ਵਾਲੀ ਬਦਬੂ ਕਾਰਨ ਪ੍ਰੇਸ਼ਾਨ ਹੁੰਦੇ ਹਨ। ਇਕ ਡੀ. ਐੱਨ. ਬੀ. ਡਾਕਟਰ ਨੇ ‘ਜਗ ਬਾਣੀ’ ਦੀ ਟੀਮ ਵੱਲੋਂ ਗੰਦਗੀ ਦੀ ਫੋਟੋ ਖਿੱਚਣ ਦੌਰਾਨ ਕਿਹਾ ਕਿ ਸਾਡੇ ਕਮਰੇ ਦੇ ਬਾਹਰ ਲੱਗੇ ਕੂੜੇ ਦੇ ਢੇਰ ਦੀ ਫੋਟੋ ਵੀ ਪਲੀਜ਼ ਖਿੱਚੋ ਅਤੇ ‘ਜਗ ਬਾਣੀ’ ਵਿਚ ਲਾਓ। ਡਾਕਟਰਾਂ ਨੇ ਕਿਹਾ ਕਿ ਕਈ ਵਾਰ ਗੰਦਗੀ ਚੁੱਕਣ ਲਈ ਡੀ. ਐੱਨ. ਬੀ. ਦੇ ਕੋਆਰਡੀਨੇਟਰ ਨੂੰ ਵੀ ਕਹਿ ਚੁੱਕੇ ਹਾਂ ਪਰ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ।

ਕ੍ਰਿਟੀਕਲ ਕੇਅਰ ਯੂਨਿਟ ਦਾ ਪ੍ਰਾਜੈਕਟ ਵੀ ਅਧਿਕਾਰੀਆਂ ਵਿਚ ਤਾਲਮੇਲ ਦੀ ਘਾਟ ਕਾਰਨ ਰੁਕਿਆ
ਸਰਕਾਰ ਵੱਲੋਂ ਸਿਵਲ ਸਰਜਨ ਦਫ਼ਤਰ ਵਿਚ ਕ੍ਰਿਟੀਕਲ ਕੇਅਰ ਯੂਨਿਟ ਬਣਾਉਣ ਦਾ ਪ੍ਰਾਜੈਕਟ ਜੇਕਰ ਸਮਾਂ ਰਹਿੰਦੇ ਬਣ ਜਾਂਦਾ ਤਾਂ ਗੰਭੀਰ ਲੋਕਾਂ ਨੂੰ ਫ੍ਰੀ ਵਿਚ ਇਲਾਜ ਦੀ ਸਹੂਲਤ ਮਿਲ ਜਾਂਦੀ ਕਿਉਂਕਿ ਕ੍ਰਿਟੀਕਲ ਹਾਲਤ ਵਿਚ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਮਹਿੰਗਾ ਇਲਾਜ ਕਰਵਾਉਣਾ ਪੈਂਦਾ ਹੈ। ਸਿਵਲ ਸਰਜਨ ਦਫਤਰ ਨੂੰ ਸ਼ਿਫਟ ਕਰਨ ਲਈ ਸਿਵਲ ਸਰਜਨ ਵੱਲੋਂ ਕਈ ਚਿੱਠੀਆਂ ਲਿਖਣ ਤੋਂ ਬਾਅਦ ਵੀ ਉਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਜਗ੍ਹਾ ਨਹੀਂ ਮਿਲੀ, ਜਿਸ ਕਾਰਨ ਕ੍ਰਿਟੀਕਲ ਕੇਅਰ ਯੂਨਿਟ ਸੁਫਨਾ ਬਣ ਕੇ ਰਹਿ ਗਿਆ ਹੈ। ਦੇਖਿਆ ਜਾਵੇ ਤਾਂ ਮੈਡੀਕਲ ਸੁਪਰਿੰਟੈਂਡੈਂਟ ਅਤੇ ਸਿਵਲ ਸਰਜਨ ਵਿਚਕਾਰ ਤਾਲਮੇਲ ਦੀ ਘਾਟ ਕਾਰਨ ਇਹ ਡ੍ਰੀਮ ਪ੍ਰਾਜੈਕਟ ਅਜੇ ਤਕ ਪੂਰਾ ਨਹੀਂ ਹੋ ਸਕਿਆ। ਕੁਝ ਮਹੀਨੇ ਪਹਿਲਾਂ ਮੌਜੂਦਾ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸਿਵਲ ਹਸਪਤਾਲ ਦਾ ਦੌਰਾ ਕਰ ਕੇ ਉਨ੍ਹਾਂ ਸੰਭਾਵਿਤ ਸਥਾਨਾਂ ਦੀ ਚੋਣ ਕੀਤੀ ਸੀ, ਜਿਥੇ ਸਿਵਲ ਸਰਜਨ ਦਫ਼ਤਰ ਨੂੰ ਸ਼ਿਫਟ ਕੀਤਾ ਜਾ ਸਕਦਾ ਹੈ ਪਰ ਇਸ ਸੰਦਰਭ ਵਿਚ ਦੋਬਾਰਾ ਕਾਰਵਾਈ ਨਹੀਂ ਹੋਈ। ਹੁਣ ਵੇਖਣਾ ਹੈ ਕਿ ਸਰਕਾਰ ਇਸ ਵਿਸ਼ੇ ਵਿਚ ਕੀ ਫ਼ੈਸਲਾ ਲੈਂਦੀ ਹੈ?

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ : ਮਾਲਵਾ, ਦੋਆਬਾ 'ਚ 2-2 ਤਾਂ ਮਾਝਾ ਜ਼ੋਨ ’ਚ ਨਹੀਂ ਹੈ ਇਕ ਵੀ ਰਾਖਵੀਂ ਸੀਟ!
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News