ਸੂਰਜ ਦੀ ਤਪਸ਼ ਨੇ ਮੌਸਮ ਦਾ ਮਿਜ਼ਾਜ ਸੁਧਾਰਿਆ
Saturday, Jan 25, 2020 - 03:51 PM (IST)

ਜਲੰਧਰ (ਰਾਹੁਲ) : ਸੂਰਜ ਦੀ ਤਪਸ਼ ਨਾਲ ਮੌਸਮ ਦੇ ਮਿਜ਼ਾਜ 'ਚ ਸੁਧਾਰ ਦਰਜ ਹੋਇਆ ਹੈ ਅਤੇ ਜਲੰਧਰ ਵਾਸੀਆਂ ਨੇ ਠੰਡ ਤੋਂ ਕੁਝ ਰਾਹਤ ਮਹਿਸੂਸ ਕੀਤੀ ਹੈ। ਤਾਪਮਾਨ 'ਚ ਵੀ ਵਾਧੇ ਦਾ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਸ਼ਨੀਵਾਰ ਨੂੰ ਬੱਦਲਵਾਈ ਦੌਰਾਨ ਸੂਰਜ ਦੀ ਲੁਕਣਮੀਟੀ ਜਾਰੀ ਰਹਿਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਜਲੰਧਰ ਦਾ ਹੇਠਲਾ ਤਾਪਮਾਨ ਸ਼ੁੱਕਰਵਾਰ ਨੂੰ 2.8 ਤੋਂ ਵਧ ਕੇ 4.0 ਡਿਗਰੀ ਸੈਲਸੀਅਸ ਤੱਕ ਜਦੋਂਕਿ ਉਪਰਲਾ ਤਾਪਮਾਨ 19.8 ਤੋਂ ਘੱਟ 18.6 ਡਿਗਰੀ ਸੈਲਸੀਅਸ ਤੱਕ ਜਾ ਪਹੁੰਚਿਆ। ਠੰਡੀਆਂ ਹਵਾਵਾਂ ਦੀ ਰਫਤਾਰ ਪੱਛਮ-ਉੱਤਰ ਵਲੋਂ ਸਵੇਰ ਦੇ ਸਮੇਂ 9 ਤੋਂ 20 ਅਤੇ ਰਾਤ ਦੇ ਸਮੇਂ ਵੀ ਇਸ ਦਿਸ਼ਾ ਵਲੋਂ 7 ਤੋਂ 13 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ।
ਮੌਸਮ ਮਾਹਿਰਾਂ ਅਨੁਸਾਰ 26 ਜਨਵਰੀ ਨੂੰ ਵੀ ਮੁੱਖ ਤੌਰ 'ਤੇ ਆਸਮਾਨ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਬੱਦਲਾਂ ਦਰਮਿਆਨ ਸੂਰਜ ਦੀ ਲੁਕਣਮੀਟੀ ਜਾਰੀ ਰਹਿਣ ਦੀ ਉਮੀਦ ਪ੍ਰਗਟ ਕੀਤੀ ਗਈ ਹੈ। 27 ਅਤੇ 28 ਜਨਵਰੀ ਨੂੰ ਬੱਦਲਵਾਈ ਦੌਰਾਨ ਦਿਨ ਵਿਚ 2 ਵਾਰ ਹਲਕੇ ਮੀਂਹ ਦੀ ਸੰਭਾਵਨਾ ਵੀ ਜਤਾਈ ਗਈ ਹੈ। 29 ਜਨਵਰੀ ਨੂੰ ਵੀ ਆਸਮਾਨ ਵਿਚ ਬੱਦਲ ਛਾਏ ਰਹਿਣਗੇ ਤੇ ਨਾਲ ਹੀ ਹਲਕੇ ਮੀਂਹ ਦੀ ਸੰਭਾਵਨਾ ਮੌਸਮ ਵਿਭਾਗ ਵਲੋਂ ਪ੍ਰਗਟ ਕੀਤੀ ਗਈ ਹੈ। 30 ਜਨਵਰੀ ਨੂੰ ਮੁੱਖ ਤੌਰ 'ਤੇ ਧੁੰਦ ਪੈਣ ਦੀ ਭਵਿੱਖਬਾਣੀ ਮੌਸਮ ਮਾਹਿਰਾਂ ਵਲੋਂ ਕੀਤੀ ਗਈ ਹੈ। ਅਗਲੇ ਦਿਨਾਂ ਦੌਰਾਨ ਉਪਰਲਾ ਤਾਪਮਾਨ 16 ਤੋਂ 20 ਡਿਗਰੀ ਸੈਲਸੀਅਸ ਦਰਮਿਆਨ ਰਹਿਣ ਅਤੇ ਹੇਠਲਾ ਤਾਪਮਾਨ 4 ਤੋਂ 7 ਡਿਗਰੀ ਸੈਲਸੀਅਸ ਤੱਕ ਰਹਿਣ ਦੀ ਉਮੀਦ ਜਤਾਈ ਗਈ ਹੈ।