ਅਧੂਰੇ ਦਸਤਾਵੇਜ਼ਾਂ ਨਾਲ ਗਲਤ ਢੰਗ ਨਾਲ ਇੰਤਕਾਲ ਕੀਤੇ ਜਾ ਰਹੇ ਦਰਜ : ਕੀਮਤੀ ਲਾਲ

Thursday, Dec 27, 2018 - 06:44 AM (IST)

ਅਧੂਰੇ ਦਸਤਾਵੇਜ਼ਾਂ ਨਾਲ ਗਲਤ ਢੰਗ ਨਾਲ ਇੰਤਕਾਲ ਕੀਤੇ ਜਾ ਰਹੇ ਦਰਜ : ਕੀਮਤੀ ਲਾਲ

ਜਲੰਧਰ,    (ਅਮਿਤ)— ਸਬ-ਰਜਿਸਟਰਾਰ ਬਿਲਡਿੰਗ ਅੰਦਰ ਤਹਿਸੀਲਦਾਰ-1 ਦੇ ਦਫਤਰ ’ਚ ਕੁੱਝ  ਸਮਾਂ ਪਹਿਲਾਂ ਗੜ੍ਹਾ ਵਹਿੰਦਾ ਇਲਾਕੇ ਦੇ ਅਧੀਨ ਆਉਣ ਵਾਲੇ ਜਸਵੰਤ ਨਗਰ ਦੀ ਇਕ ਤਬਦੀਲ  ਮਲਕੀਅਤ ’ਚ ਇਲਾਕੇ ਦੇ ਨੰਬਰਦਾਰ ਵਲੋਂ ਗਵਾਹੀ ਪਾਏ ਜਾਣ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ  ਰੁਕਣ ਦੀ ਥਾਂ ਲਗਾਤਾਰ ਵਧਦਾ ਜਾ ਰਿਹਾ ਹੈ। 
 ਇਸ ਵਿਚ ਹਰ ਰੋਜ਼ ਕੋਈ ਨਾ ਕੋਈ ਨਵੀਂ ਗੱਲ  ਸਾਹਮਣੇ ਆ ਰਹੀ ਹੈ, ਜਿਸ ਨਾਲ ਉਕਤ ਮਾਮਲਾ ਸੁਲਝਣ ਦੀ ਥਾਂ ਲਗਾਤਾਰ ਉਲਝਦਾ ਜਾ ਰਿਹਾ ਹੈ।  ਗੜ੍ਹਾ ਵਹਿੰਦਾ ਇਲਾਕੇ ਦੇ ਨੰਬਰਦਾਰ ਕੀਮਤੀ ਲਾਲ ਨੇ ਬੁੱਧਵਾਰ ਨੂੰ ਕੁੱਝ ਰੈਵੇਨਿਊ  ਅਧਿਕਾਰੀਆਂ ਅਤੇ ਕਰਮਚਾਰੀਆਂ ’ਤੇ ਬੇਹੱਦ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਮੌਜੂਦਾ  ਸਮੇਂ ’ਚ ਵੱਡੀ ਗਿਣਤੀ ’ਚ ਇੰਤਕਾਲ ਗਲਤ ਢੰਗ ਨਾਲ  ਅਧੂਰੇ ਦਸਤਾਵੇਜ਼ਾਂ ਦੇ ਆਧਾਰ ’ਤੇ ਹੀ  ਕੀਤੇ ਜਾ ਰਹੇ ਹਨ ਪਰ ਸਭ ਕੁੱਝ ਜਾਣਦੇ ਹੋਏ ਵੀ ਅਧਿਕਾਰੀ ਅੱਖਾਂ ਮੀਟੀ ਬੈਠੇ ਹਨ। ਜਿਸ  ਕਾਰਨ ਕੁੱਝ ਲਾਲਚੀ ਕਿਸਮ ਦੇ ਕਰਮਚਾਰੀ ਰੈਵੇਨਿਊ ਰਿਕਾਰਡ ’ਚ ਫਰਜ਼ੀਵਾੜਿਆਂ ਨੂੰ ਅੰਜਾਮ  ਦੇਣ ’ਚ ਲੱਗੇ ਹਨ। 

ਮਿਲੀਭੁਗਤ ਨਾਲ ਹੋਈਆਂ ਗਲਤ ਰਜਿਸਟਰੀਆਂ, ਰੈਵੇਨਿਊ ਰਿਕਾਰਡ ’ਚ ਆਈਆਂ ਖਰਾਬੀਆਂ 
ਕੀਮਤੀ ਲਾਲ ਨੇ ਦੱਸਿਆ ਗੜ੍ਹਾ ਵਹਿੰਦਾ ਇਲਾਕੇ ’ਚ ਮਾਲੀਆ ਰਿਕਾਰਡ ’ਚ  ਫਰਜ਼ੀਵਾੜਿਆਂ ਦੀ ਕਾਫੀ ਭਰਮਾਰ ਹੈ ਅਤੇ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸੂਬਾ ਸਰਕਾਰ  ਵਲੋਂ 8 ਸਾਲ ਤੱਕ  ਲੈਂਡ ਐਕਵੀਜ਼ੀਸ਼ਨ ਐਕਟ 1894 ਦੀ ਧਾਰਾ 6 ਦੇ ਅਧੀਨ ਨੋਟੀਫਿਕੇਸ਼ਨ  ਜਾਰੀ ਕੀਤੇ ਜਾਣ ਦੇ ਬਾਵਜੂਦ ਇਸ ਇਲਾਕੇ ’ਚ ਮਾਲੀਆ ਅਧਿਕਾਰੀਆਂ ਅਤੇ ਹੋਰ ਸਬੰਧਿਤ  ਕਰਮਚਾਰੀਆਂ ਦੀ ਲਾਪ੍ਰਵਾਹੀ ਅਤੇ ਮਿਲੀਭੁਗਤ ਕਾਰਨ ਧੜਾਧੜ ਜ਼ਮੀਨ ਦੀਆਂ ਗਲਤ  ਰਜਿਸਟਰੀਆਂ  ਕੀਤੀਆਂ ਜਾਂਦੀਆਂ ਰਹੀਆਂ। ਜਿਸ ਕਾਰਨ ਮੌਜੂਦਾ ਸਮੇਂ ’ਚ ਮਾਲੀਆ ਰਿਕਾਰਡ  ਅੰਦਰ  ਇੰਨੀਆਂ ਖਰਾਬੀਆਂ ਅਤੇ ਤਰੁਟੀਆਂ ਆ ਚੁੱਕੀਆਂ ਹਨ, ਜਿਸ ਨੂੰ ਠੀਕ ਕਰਨਾ ਲਗਭਗ ਅਸੰਭਵ ਹੋ  ਚੁੱਕਾ ਹੈ। ਕੀਮਤੀ ਲਾਲ ਨੇ ਕਿਹਾ ਕਿ ਇਸ ਨੋਟੀਫਿਕੇਸ਼ਨ ਦੀ ਆੜ ’ਚ ਗੜ੍ਹਾ ਪੰਚਾਇਤ ਦੀ  170 ਕਨਾਲ ਜ਼ਮੀਨ ਜਿਸ ’ਚ ਸਰਕਾਰੀ ਸਕੂਲ ਦੀ ਪਲੇਅ ਗਰਾਊਂਡ ਦਾ ਰਕਬਾ ਵੀ ਸ਼ਾਮਲ ਸੀ, ਉਸ ਨੂੰ   ਗਲਤ ਢੰਗ ਨਾਲ ਭੂ-ਮਾਫੀਆ ਵਲੋਂ ਵੇਚ ਦਿੱਤਾ ਗਿਆ ਹੈ।


Related News