ਹਨੇਰੀ-ਤੂਫਾਨ ਨੇ ਵਿਗਾੜਿਆ ਪਾਵਰਕਾਮ ਦਾ ਸਿਸਟਮ: ਖ਼ਰਾਬੀ ਦੀਆਂ ਸ਼ਿਕਾਇਤਾਂ 5000 ਤੱਕ ਪੁੱਜੀਆਂ
Thursday, May 25, 2023 - 04:44 PM (IST)
ਜਲੰਧਰ (ਪੁਨੀਤ)– ਵਧ ਰਹੀ ਗਰਮੀ ਨੇ ਬਿਜਲੀ ਦੀ ਮੰਗ ਵਿਚ ਭਾਰੀ ਇਜ਼ਾਫਾ ਕੀਤਾ ਹੈ। ਇਸ ਨਾਲ ਵੱਡੀ ਗਿਣਤੀ ਵਿਚ ਟਰਾਂਸਫਾਰਮਰ ਓਵਰਲੋਡ ਹੋ ਰਹੇ ਹਨ, ਜੋ ਕਿ ਬਿਜਲੀ ਖਰਾਬੀ ਦਾ ਕਾਰਨ ਬਣ ਰਹੇ ਹਨ। ਸਿਸਟਮ ਓਵਰਲੋਡ ਨਾਲ ਸਿਰਫ਼ ਬਿਜਲੀ ਖ਼ਪਤਕਾਰਾਂ ਨੂੰ ਨਹੀਂ, ਸਗੋਂ ਫੀਲਡ ਸਟਾਫ਼ ਅਤੇ ਅਧਿਕਾਰੀਆਂ ਨੂੰ ਵੀ ਜੂਝਣਾ ਪੈ ਰਿਹਾ ਹੈ। ਮੰਗਲਵਾਰ ਦੇਰ ਰਾਤ ਚੱਲੇ ਹਨੇਰੀ-ਤੂਫਾਨ ਨੇ ਪ੍ਰੇਸ਼ਾਨੀਆਂ ਵਿਚ ਵਾਧਾ ਕਰਦਿਆਂ ਪਾਵਰਕਾਮ ਦੇ ਸਿਸਟਮ ਨੂੰ ਅਸਤ-ਵਿਅਸਤ ਕਰ ਦਿੱਤਾ ਜੋਕਿ ਬੁੱਧਵਾਰ ਸ਼ਾਮ ਤੱਕ ਸਹੀ ਢੰਗ ਨਾਲ ਸੁਚਾਰੂ ਨਹੀਂ ਹੋ ਸਕਿਆ ਅਤੇ ਬਿਜਲੀ ਖਰਾਬੀ ਸਬੰਧੀ 5000 ਤੋਂ ਜ਼ਿਆਦਾ ਸ਼ਿਕਾਇਤਾਂ ਸਾਹਮਣੇ ਆਈਆਂ। ਵੱਖ-ਵੱਖ ਇਲਾਕਿਆਂ ਵਿਚ ਲੱਗੇ ਕੱਟਾਂ ਕਾਰਨ ਬਿਜਲੀ-ਪਾਣੀ ਨੂੰ ਲੈ ਕੇ ਹਾਹਾਕਾਰ ਮਚ ਗਈ, ਜਿਸ ਨਾਲ ਲੋਕਾਂ ਦੇ ਰੁਟੀਨ ਕੰਮ ਪ੍ਰਭਾਵਿਤ ਹੋਏ। ਅਸਤ-ਵਿਅਸਤ ਸਿਸਟਮ ਨਾਲ ਘਰੇਲੂ ਬਿਜਲੀ ਖਪਤਕਾਰਾਂ, ਇੰਡਸਟਰੀ, ਦੁਕਾਨਦਾਰਾਂ ਅਤੇ ਕਮਰਸ਼ੀਅਲ ਖ਼ਪਤਕਾਰਾਂ ਨੂੰ ਕਾਫ਼ੀ ਮੁਸ਼ਕਲਾਂ ਉਠਾਉਣੀਆਂ ਪਈਆਂ। ਆਲਮ ਇਹ ਬਣਿਆ ਹੋਇਆ ਹੈ ਕਿ ਗਰਮੀ ਕਾਰਨ ਏ. ਸੀ. ਦੀ ਵਰਤੋਂ ਜ਼ੋਰਾਂ ’ਤੇ ਹੈ, ਜੋ ਕਿ ਪਾਵਰਕਾਮ ਦੇ ਸਿਸਟਮ ’ਤੇ ਸਭ ਤੋਂ ਜ਼ਿਆਦਾ ਪ੍ਰਭਾਵ ਪਾ ਰਿਹਾ ਹੈ।
ਦੇਰ ਰਾਤ ਆਏ ਹਨੇਰੀ-ਤੂਫਾਨ ਕਾਰਨ ਸਾਵਧਾਨੀ ਵਜੋਂ ਪਾਵਰਕਾਮ ਵੱਲੋਂ ਬਿਜਲੀ ਬੰਦ ਕੀਤੀ ਗਈ ਅਤੇ ਹਾਲਾਤ ਆਮ ਹੋਣ ਤੋਂ ਬਾਅਦ ਜਦੋਂ ਬਿਜਲੀ ਚਾਲੂ ਹੋਈ ਤਾਂ ਸੈਂਕੜੇ ਇਲਾਕਿਆਂ ਵਿਚ ਫਾਲਟ ਪੈ ਚੁੱਕੇ ਸਨ। ਨਾਰਥ ਜ਼ੋਨ ਦੇ ਅਧੀਨ ਆਉਂਦੇ ਸਰਕਲਾਂ ਵਿਚ ਵੱਡੀ ਗਿਣਤੀ ਵਿਚ ਪਏ ਫਾਲਟ ਕਾਰਨ 5000 ਤੋਂ ਜ਼ਿਆਦਾ ਸ਼ਿਕਾਇਤਾਂ ਸੁਣਨ ਨੂੰ ਮਿਲੀਆਂ। ਵੱਖ-ਵੱਖ ਡਿਵੀਜ਼ਨਾਂ ਅਧੀਨ ਆਉਂਦੇ ਇਲਾਕਿਆਂ ਵਿਚ ਖਪਤਕਾਰਾਂ ਨੇ ਕਿਹਾ ਕਿ ਦੇਰ ਰਾਤ 1 ਵਜੇ ਦੇ ਲਗਭਗ ਸ਼ਿਕਾਇਤਾਂ ਦਰਜ ਕਰਵਾਉਣ ਦੇ ਬਾਵਜੂਦ ਬਿਜਲੀ ਮੁਲਾਜ਼ਮ ਸਵੇਰ ਤੱਕ ਮੌਕੇ ’ਤੇ ਨਹੀਂ ਪਹੁੰਚੇ, ਜਿਸ ਕਾਰਨ ਉਨ੍ਹਾਂ ਨੂੰ ਪੂਰੀ ਰਾਤ ਬਿਨਾਂ ਬਿਜਲੀ ਦੇ ਗੁਜ਼ਾਰਨੀ ਪਈ ਬੁੱਧਵਾਰ ਪਏ ਫਾਲਟ ਕਾਰਨ ਵੱਖ-ਵੱਖ ਇਲਾਕਿਆਂ ਵਿਚ 6-7 ਘੰਟੇ ਤੱਕ ਬਿਜਲੀ ਦੀ ਕਟੌਤੀ ਰਹੀ।
ਇਹ ਵੀ ਪੜ੍ਹੋ - ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲਾ ਦਾ ਵੱਡਾ ਫ਼ੈਸਲਾ
ਮਕਸੂਦਾਂ, ਮਾਡਲ ਟਾਊਨ, ਕੈਂਟ, ਈਸਟ ਡਿਵੀਜ਼ਨ ਸਮੇਤ ਫਗਵਾੜਾ, ਹੁਸ਼ਿਆਰਪੁਰ ਸਰਕਲ ਦੇ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ ਵਿਚ ਦੇਰ ਰਾਤ ਬੰਦ ਹੋਈ ਬਿਜਲੀ ਬੁੱਧਵਾਰ ਦੁਪਹਿਰ ਤੱਕ ਠੀਕ ਨਹੀਂ ਹੋ ਸਕੀ। ਖਪਤਕਾਰਾਂ ਨੇ ਦੱਸਿਆ ਕਿ ਹਨੇਰੀ-ਤੂਫਾਨ ਤੋਂ ਬਾਅਦ ਵਿਭਾਗ ਵੱਲੋਂ ਬਿਜਲੀ ਤਾਂ ਚਾਲੂ ਕਰ ਦਿੱਤੀ ਗਈ ਪਰ ਕੁਝ ਸਮੇਂ ਬਾਅਦ ਦੁਬਾਰਾ ਫਾਲਟ ਪੈਣ ਨਾਲ ਦਿਨ ਭਰ ਬਿਜਲੀ ਦਾ ਅੱਖ-ਮਟੱਕਾ ਚੱਲਦਾ ਰਿਹਾ। ਹਨੇਰੀ ਨਾਲ ਹਲਕੀ ਬਾਰਿਸ਼ ਦੌਰਾਨ ਬਸਤੀਆਂ, ਮਕਸੂਦਾਂ ਸਮੇਤ ਕਈ ਇਲਾਕਿਆਂ ਵਿਚ ਸਪਾਰਕਿੰਗ ਦੀਆਂ ਸ਼ਿਕਾਇਤਾਂ ਸੁਣਨ ਨੂੰ ਮਿਲੀਆਂ।
ਖ਼ਰਾਬੀ ਠੀਕ ਕਰਨ ਵਿਚ ਜੂਝਦੇ ਰਹੇ ਪਾਵਰਕਾਮ ਕਰਮਚਾਰੀ
ਆਮ ਤੌਰ ’ਤੇ ਫਾਲਟ ਵਾਲੇ ਇਲਾਕੇ ਵਿਚ ਲੋਕ ਬਿਜਲੀ ਕਰਮਚਾਰੀਆਂ ਨੂੰ ਪੌੜੀ ਆਦਿ ਮੁਹੱਈਆ ਕਰਵਾ ਦਿੰਦੇ ਹਨ ਪਰ ਮੰਗਲਵਾਰ ਰਾਤ ਨੂੰ ਕਈ ਇਲਾਕਿਆਂ ਵਿਚ ਫਾਲਟ ਠੀਕ ਕਰਨ ਪਹੁੰਚੇ ਕਰਮਚਾਰੀਆਂ ਨੂੰ ਮੁੱਢਲੇ ਸਾਮਾਨ ਦੀ ਘਾਟ ਨਾਲ ਜੂਝਣਾ ਪਿਆ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਫੀਲਡ ਸਟਾਫ਼ ਕੋਲ ਫਲੈਕਸੀਬਲ ਪੌੜੀ ਉਪਲੱਬਧ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਕਰਮਚਾਰੀ ਆਪਣੇ ਕੋਲ ਪੂਰਾ ਸਾਮਾਨ ਰੱਖਣ।
ਇਹ ਵੀ ਪੜ੍ਹੋ - ਚਾਵਾਂ ਨਾਲ ਕੈਨੇਡਾ ਭੇਜਿਆ ਸੀ ਇਕਲੌਤਾ ਪੁੱਤ, ਘਰ ਪਰਤੀ ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ
ਫੋਕਲ ਪੁਆਇੰਟ ਇਲਾਕੇ ਵਿਚ ਬਿਜਲੀ ਖਰਾਬੀ ਤੋਂ ਉੱਦਮੀ ਪ੍ਰੇਸ਼ਾਨ
ਦੇਰ ਰਾਤ ਪਏ ਫਾਲਟ ਕਾਰਨ ਫੋਕਲ ਪੁਆਇੰਟ ਦੇ ਕਈ ਉਦਯੋਗਿਕ ਯੂਨਿਟਾਂ ਵਿਚ ਬਿਜਲੀ ਸਵੇਰ ਤੱਕ ਚਾਲੂ ਨਹੀਂ ਹੋ ਸਕੀ, ਜਿਸ ਕਾਰਨ ਉੱਦਮੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਈਸਟ ਡਵੀਜ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਖਰਾਬੀ ਦੀ ਸੂਚਨਾ ਮਿਲਣ ’ਤੇ ਫਾਲਟ ਠੀਕ ਕਰਵਾ ਦਿੱਤਾ ਗਿਆ ਸੀ। ਕੁਝ ਯੂਨਿਟਾਂ ਕੋਲ ਤਾਰ ਵਿਚ ਆਈ ਖ਼ਰਾਬੀ ਬਾਰੇ ਪਹਿਲਾਂ ਸੂਚਨਾ ਨਹੀਂ ਮਿਲ ਸਕੀ ਸੀ। ਜਿਵੇਂ ਹੀ ਇਸ ਬਾਰੇ ਪਤਾ ਲੱਗਾ, ਫਾਲਟ ਠੀਕ ਕਰਵਾ ਦਿੱਤਾ ਗਿਆ।
ਘਰਾਂ ਦਾ ਲੋਡ ਵਧਾਉਣ ਖ਼ਪਤਕਾਰ, ਫਾਲਟ ਘੱਟ ਹੋਣਗੇ: ਚੀਫ ਇੰਜੀ. ਸਾਰੰਗਲ
ਨਾਰਥ ਜ਼ੋਨ ਦੇ ਚੀਫ਼ ਇੰਜੀ. ਆਰ. ਐੱਲ. ਸਾਰੰਗਲ ਨੇ ਕਿਹਾ ਕਿ ਮਨਜ਼ੂਰੀ ਤੋਂ ਜ਼ਿਆਦਾ ਲੋਡ ਵਰਤਣ ਵਾਲੇ ਖਪਤਕਾਰਾਂ ਨੂੰ ਆਪਣੇ ਘਰਾਂ ਦਾ ਲੋਡ ਵਧਾਉਣਾ ਚਾਹੀਦਾ ਹੈ ਤਾਂ ਜੋ ਵਿਭਾਗ ਨੂੰ ਇਲਾਕੇ ਵਿਚ ਵਰਤੇ ਜਾਣ ਵਾਲੇ ਲੋਡ ਦੀ ਸਹੀ ਜਾਣਕਾਰੀ ਮਿਲ ਸਕੇ। ਇਸ ਨਾਲ ਵਿਭਾਗ ਲੋੜ ਮੁਤਾਬਕ ਵੱਡੇ ਟਰਾਂਸਫਾਰਮਰ ਲਗਾ ਕੇ ਲੋਡ ਦਾ ਸੰਤੁਲਨ ਬਣਾ ਸਕੇਗਾ ਅਤੇ ਫਾਲਟ ਘੱਟ ਹੋਣਗੇ।
ਇਹ ਵੀ ਪੜ੍ਹੋ - ਪੰਜਾਬ ਦੇ ਮੌਸਮ 'ਚ ਆਵੇਗੀ ਵੱਡੀ ਤਬਦੀਲੀ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani