ਸਿਹਤ ਵਿਭਾਗ ਨੇ ਸੀਲ ਕੀਤਾ 12 ਕੁਇੰਟਲ ਸ਼ੱਕੀ ਖੋਆ

Wednesday, Oct 31, 2018 - 02:09 AM (IST)

ਸਿਹਤ ਵਿਭਾਗ ਨੇ ਸੀਲ ਕੀਤਾ 12  ਕੁਇੰਟਲ ਸ਼ੱਕੀ ਖੋਆ

ਹੁਸ਼ਿਆਰਪੁਰ,   (ਘੁੰਮਣ)- ਤਿਉਹਾਰੀ ਸੀਜ਼ਨ ’ਚ ਨਕਲੀ ਦੁੱਧ ਪਦਾਰਥਾਂ ਦੀ  ਵਿਕਰੀ ਮਾਰਕੀਟ ’ਚ ਬਹੁਤ ਵਧ ਜਾਂਦੀ ਹੈ। ਇਸੇ ਦੇ ਮੱਦੇਨਜ਼ਰ ਸੂਬੇ ਦੇ ਫੂਡ ਕਮਿਸ਼ਨਰ ਕਾਹਨ ਸਿੰਘ ਪਨੂੰ ਅਤੇ ਸਿਵਲ ਸਰਜਨ ਡਾ. ਰੇਣੂ ਸੂਦ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਿਹਤ ਵਿਭਾਗ ਵੱਲੋਂ ਜ਼ਿਲੇ ਭਰ ’ਚ ਕਾਫੀ ਚੌਕਸੀ ਵਰਤੀ ਜਾ ਰਹੀ ਹੈ। ਜ਼ਿਲਾ ਸਿਹਤ ਅਧਿਕਾਰੀ ਡਾ. ਸੇਵਾ ਸਿੰਘ ਦੀ ਅਗਵਾਈ ’ਚ ਇਕ ਟੀਮ, ਜਿਸ ਵਿਚ ਫੂਡ ਅਫ਼ਸਰ ਰਮਨ ਵਿਰਦੀ, ਮਾਸ ਮੀਡੀਆ ਵਿੰਗ ਦੇ ਗੁਰਵਿੰਦਰ ਸ਼ਾਨੇ, ਨਰੇਸ਼ ਕੁਮਾਰ, ਰਾਮ ਲੁਭਾਇਆ ਆਦਿ ਸ਼ਾਮਲ ਸਨ,  ਨੇ ਅੱਜ ਪਠਾਨਕੋਟ ਰੋਡ ਭੰਗਾਲਾ ਨੇੜੇ ਸਵੇਰੇ ਕਰੀਬ 5.30 ਵਜੇ ਨਾਕਾਬੰਦੀ ਦੌਰਾਨ ਇਕ ਕੋਲਡ ਸਟੋਰ ਅਤੇ ਇਕ ਪ੍ਰਸਿੱਧ ਮਠਿਆਈ ਦੀ ਦੁਕਾਨ ’ਤੇ ਜਦੋਂ ਛਾਪੇਮਾਰੀ ਕੀਤੀ ਤਾਂ ਉਕਤ ਦੁਕਾਨ ਨਾਲ ਸਬੰਧਤ 12 ਕੁਇੰਟਲ ਸ਼ੱਕੀ ਖੋਆ ਕੋਲਡ ਸਟੋਰ ’ਚ ਰੱਖਿਆ ਪਾਇਆ ਗਿਆ। 
ਡੀ. ਐੱਚ. ਓ. ਡਾ. ਸੇਵਾ ਸਿੰਘ ਨੇ ਖੋਏ ਦੀ ਇਸ ਖੇਪ ਨੂੰ ਕੋਲਡ ਸਟੋਰ ’ਚ ਹੀ ਸੀਲ ਕਰ ਦਿੱਤਾ। ਇਸ ਮੌਕੇ ਡੇਅਰੀ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਦਵਿੰਦਰ ਸਿੰਘ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਆਲੂਆਂ ਦੇ ਕੋਲਡ ਸਟੋਰ ਵਿਚ ਰੱਖਿਆ ਜਾਣ ਵਾਲਾ ਖੋਆ ਸ਼ੱਕ ਦੇ ਘੇਰੇ ਵਿਚ ਹੈ। ਇਸ ਖੋਏ ਦੇ 10 ਸੈਂਪਲ ਲੈ ਕੇ ਟੈਸਟਿੰਗ ਲਈ ਸਰਕਾਰੀ ਲੈਬਾਰਟਰੀ ਨੂੰ ਭੇਜ ਦਿੱਤੇ ਗਏ ਹਨ।
ਇਸ ਦੌਰਾਨ ਸਿਵਲ ਸਰਜਨ ਡਾ. ਰੇਣੂ ਸੂਦ ਤੇ ਡੀ. ਐੱਚ. ਓ. ਸੇਵਾ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਠਿਆਈਆਂ ਤੇ ਹੋਰ ਖਾਣ ਵਾਲੇ ਪਦਾਰਥਾਂ ਦੀ ਖਰੀਦਦਾਰੀ ਕਰਦੇ ਸਮੇਂ ਪੂਰੀ ਚੌਕਸੀ ਵਰਤੀ ਜਾਵੇ।


Related News