ਹਰਦੀਪ ਦਾ ਬਚਪਨ ਤੋਂ ਮਰਚੈਂਟ ਨੇਵੀ ’ਚ ਜਾਣ ਦਾ ਸੀ ਸੁਪਨਾ
Friday, Aug 17, 2018 - 01:05 AM (IST)

ਹੁਸ਼ਿਆਰਪੁਰ (ਅਮਰਿੰਦਰ)— ਗੜ੍ਹਦੀਵਾਲਾ ਦੇ ਨਾਲ ਲੱਗਦੇ ਪਿੰਡ ਖੁਰਦਾਂ ਦੇ ਰਹਿਣ ਵਾਲੇ 24 ਸਾਲਾ ਹਰਦੀਪ ਸਿੰਘ ਦੀ ਮੌਤ ਦੀ ਖਬਰ ਸੁਣਨ ਦੇ ਬਾਅਦ ਪਰਿਵਾਰ ’ਤੇ ਦੁਖਾਂ ਦਾ ਪਹਾੜ ਟੁੱਟ ਪਿਆ। ਵੀਰਵਾਰ ਦੇਰ ਸ਼ਾਮ ਪਿੰਡ ’ਚ ਗੁਜਰਾਤ ਤੋਂ ਮਸਕਟ ਜਾਣ ਵਾਲੇ ਰਸਤੇ ’ਚ ਬੋਟ ’ਤੇ ਹੋਏ ਧਮਾਕੇ ਨਾਲ ਮੌਤ ਦਾ ਸ਼ਿਕਾਰ ਬਣੇ ਮਰਚੈਂਟ ਨੇਵੀ ਦੇ ਜਵਾਨ ਹਰਦੀਪ ਸਿੰਘ ਦੀ ਮੌਤ ਦੀ ਖਬਰ ਸੁਣਨ ਦੇ ਬਾਅਦ ਫੌਜ ’ਚੋਂ ਰਿਟਾਇਰਡ ਪਿਤਾ ਰਾਜਵੀਰ ਸਿੰਘ, ਮਾਂ ਮਨਿੰਦਰ ਕੌਰ ਅਤੇ ਛੋਟੇ ਭਰਾ ਅਮਨਦੀਪ ਸਿੰਘ ਗਮ 'ਚ ਡੁੱਬੇ ਹੋਏ ਹਨ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਹਰਦੀਪ ਦਾ ਮ੍ਰਿਤਕ ਸਰੀਰ ਖੁਰਦਾਂ ਪਿੰਡ ਲਿਆਉਣ ਦੀ ਗੱਲ ਕੰਪਨੀ ਨਾਲ ਚੱਲ ਰਹੀ ਹੈ। ਕੰਪਨੀ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਸ਼ਨੀਵਾਰ ਜਾਂ ਐਤਵਾਰ ਨੂੰ ਮ੍ਰਿਤਕ ਦੇਹ ਪਿੰਡ ਲਿਆਂਦੀ ਜਾਵੇਗੀ।
ਮ੍ਰਿਤਕ ਹਰਦੀਪ ਸਿੰਘ ਦੇ ਪਰਿਵਾਰ ਵਾਲਿਆਂ ਨੇ ਰੋਂਦਿਆਂ ਹੋਇਆ ਦੱਸਿਆ ਕਿ ਉਹ ਪੜ੍ਹਾਈ ਦੇ ਮਾਮਲੇ ’ਚ ਬਚਪਨ ਤੋਂ ਹੀ ਕਾਫੀ ਹੁਸ਼ਿਆਰ ਸੀ। ਬਚਪਨ ਤੋਂ ਹੀ ਉਸ ਦਾ ਮਰਚੈਂਟ ਨੇਵੀ ’ਚ ਜਾਣ ਦਾ ਸੁਪਨਾ ਸੀ। ਆਪਣੇ ਇਸ ਸੁਪਨੇ ਨੂੰ ਸਾਕਾਰ ਕਰਦੇ ਹੋਏ ਹਰਦੀਪ ਨੇ ਭੂੰਗਾ ਦੇ ਮਾਊਂਟ ਕਾਰਮਲ ਸਕੂਲ ਤੋਂ ਮੈਟ੍ਰਿਕ ਅਤੇ ਡੀ. ਏ. ਵੀ. ਸਕੂਲ ਦਸੂਹਾ ਤੋਂ 12ਵੀਂ ਕਰਨ ਦੇ ਬਾਅਦ ਚੇਨਈ ਤੋਂ ਮਰਚੈਂਟ ਨੇਵੀ ਦਾ ਕੋਰਸ ਕਰਦੇ ਹੀ 3 ਸਾਲ ਪਹਿਲਾਂ ਉਸ ਨੇ ਮਰਚੈਂਟ ਨੇਵੀ ਜੁਆਇਨ ਕਰ ਲਈ ਸੀ। ਕਰੀਬ 2 ਸਾਲ ਨੌਕਰੀ ਕਰਨ ਦੇ ਬਾਅਦ ਉਸ ਨੇ 9 ਮਹੀਨੇ ਪਹਿਲਾਂ ਕੋਲਕਾਤਾ ਦੀ ਇਸ ਕੰਪਨੀ ’ਚ ਜੁਆਇਨ ਕੀਤਾ ਸੀ। ਸਾਨੂੰ ਕੀ ਪਤਾ ਸੀ ਕਿ ਹੁਣ ਸਾਨੂੰ ਇਸ ਤਰ੍ਹਾਂ ਦੀ ਮਨਹੂਸ ਖਬਰ ਸੁਣਨੀ ਪਵੇਗੀ।