ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਨੂੰ ਵੇਖਦੇ ਹੋਏ ਹੈਂਡ ਟੂਲਜ਼ ਦਾ ਪ੍ਰਮੁੱਖ ਕੋਲੋਨ ਮੇਲਾ ਰੱਦ

02/26/2020 4:51:48 PM

ਜਲੰਧਰ (ਧਵਨ)— ਚੀਨ ਵਿਚ ਫੈਲੇ ਕੋਰੋਨਾ ਵਾਇਰਸ ਕਾਰਣ ਵਿਸ਼ਵ ਭਰ ਵਿਚ ਮਚੀ ਹਫੜਾ-ਦਫੜੀ ਨੂੰ ਦੇਖਦੇ ਹੋਏ ਹੈਂਡ ਟੂਲਜ਼ ਦੇ ਪ੍ਰਮੁੱਖ ਕੋਲੋਨ ਮੇਲੇ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਮੇਲਾ ਜਰਮਨੀ ਦੇ ਕੋਲੋਨ ਸ਼ਹਿਰ ’ਚ ਹਰ ਸਾਲ ਫਰਵਰੀ ’ਚ ਲੱਗਦਾ ਹੈ, ਜਿਸ ਵਿਚ ਵਿਸ਼ਵ ਭਰ ਦੀ ਹੈਂਡ ਟੂਲਜ਼ ਇੰਡਸਟਰੀ ਨਾਲ ਜੁੜੇ ਵੱਡੇ ਸਨਅਤਕਾਰ ਹਿੱਸਾ ਲੈਂਦੇ ਹਨ।

ਕੋਲੋਨ ਵਿਚ ਇਸ ਸਾਲ ਇਹ ਮੇਲਾ 1 ਮਾਰਚ ਤੋਂ ਸ਼ੁਰੂ ਹੋਣਾ ਸੀ, ਅੱਜ ਕੋਲੋਨ ਮੇਲਾ ਲਾਉਣ ਵਾਲਿਆਂ ਨੇ ਐਲਾਨ ਕਰ ਦਿੱਤਾ ਕਿ ਹੁਣ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਇਹ ਮੇਲਾ ਹੁਣ ਫਰਵਰੀ 2021 ਵਿਚ ਲਾਇਆ ਜਾਵੇਗਾ। ਮੇਲੇ ਨੂੰ ਰੱਦ ਕਰਨ ਦਾ ਕਾਰਣ ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦੇ ਫੈਲਣ ਨੂੰ ਦੱਸਿਆ ਗਿਆ ਹੈ।

ਏਸ਼ੀਆ ਵਿਚ ਕੋਰੋਨਾ ਵਾਇਰਸ ਪਹਿਲਾਂ ਹੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ ਅਤੇ ਦੂਜੇ ਪਾਸੇ ਇਟਲੀ ’ਚ ਵੀ ਪਿਛਲੇ ਦਿਨੀਂ ਕੋਰੋਨਾ ਵਾਇਰਸ ਦੇ ਮਾਮਲੇ ਮਿਲਣ ਨਾਲ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ। ਇਟਲੀ ਯੂਰਪ ’ਚ ਪਹਿਲਾ ਅਜਿਹਾ ਦੇਸ਼ ਹੈ, ਜਿਥੇ ਕੋਰੋਨਾ ਵਾਇਰਸ ਪਹੁੰਚਿਆ ਹੈ। ਯੂਰਪ ਦੇ ਸਿਹਤ ਮੰਤਰੀਆਂ ਨੇ ਵੀ ਅੱਜ ਰੋਮ ’ਚ ਮੀਟਿੰਗ ਕਰ ਕੇ ਮੌਜੂਦਾ ਹਾਲਾਤ ’ਤੇ ਚਰਚਾ ਕੀਤੀ ਅਤੇ ਕੋਰੋਨਾ ਵਾਇਰਸ ਨਾਲ ਨਜਿੱਠਣ ਦੇ ਉਪਾਵਾਂ ’ਤੇ ਵੀ ਵਿਚਾਰ ਕੀਤਾ ਗਿਆ।

ਕੋਲੋਨ ਮੇਲੇ ਵਿਚ ਹਿੱਸਾ ਲੈਣ ਵਾਲੇ ਹੈਂਡ ਟੂਲਜ਼ ਉਦਮੀਆਂ ਵਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਆਪਣੀ ਚਿੰਤਾ ਪ੍ਰਗਟ ਕੀਤੀ ਜਾ ਰਹੀ ਸੀ ਅਤੇ ਕਈ ਉਦਮੀਆਂ ਨੇ ਤਾਂ ਇਸ ਵਿਚ ਹਿੱਸਾ ਲੈਣ ਤੋਂ ਇਨਕਾਰ ਵੀ ਕਰ ਦਿੱਤਾ ਸੀ। ਕੋਲੋਨ ਮੇਲਾ ਰੱਦ ਹੋਣ ਨਾਲ ਹੈਂਡ ਟੂਲਜ਼ ਇੰਡਸਟਰੀ ਨੂੰ ਭਾਰੀ ਝਟਕਾ ਲੱਗਾ ਹੈ ਕਿਉਂਕਿ ਕੋਲੋਨ ਮੇਲੇ ’ਚ ਉਨ੍ਹਾਂ ਨੂੰ ਵਿਸ਼ਵ ਭਰ ਦੇ ਗਾਹਕਾਂ ਤੋਂ ਵੱਡੀ ਗਿਣਤੀ ’ਚ ਆਰਡਰ ਮਿਲਦੇ ਸਨ।

ਕੋਲੋਨ ਮੇਲੇ ਦੀ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਹੁਣ ਨਵੀਂ ਤਰੀਕ ਦਾ ਐਲਾਨ ਇੰਡਸਟਰੀਜ਼ ਦੇ ਨਾਲ ਚਰਚਾ ਕਰਨ ਤੋਂ ਬਾਅਦ ਕੀਤਾ ਜਾਵੇਗਾ। ਕੋਲੋਨ ਮੇਲੇ ’ਚ ਇਸ ਵਾਰ 3000 ਉਦਮੀਆਂ ਵਲੋਂ ਆਪਣੇ ਸਟਾਲ ਲਾਏ ਜਾਣੇ ਸਨ, ਜਿਨ੍ਹਾਂ ਵਿਚੋਂ 1200 ਸਟਾਲ ਤਾਂ ਚੀਨ ਨਾਲ ਸਬੰਧਤ ਸਨ। ਵਿਸ਼ਵ ਦੇ ਸਭ ਤੋਂ ਵੱਡੇ ਹੈਂਡ ਟੂਲਜ਼ ਮੇਲੇ ’ਚ ਹਿੱਸਾ ਲੈਣ ਲਈ ਭਾਰਤੀ ਉਦਯੋਗਪਤੀਆਂ ਨੇ ਵੀ ਆਪਣੀਆਂ ਹੋਟਲ ਅਤੇ ਹਵਾਈ ਟਿਕਟਾਂ ਬੁੱਕ ਕਰਵਾ ਲਈਆਂ ਸਨ। ਨੌਜਵਾਨ ਸਨਅਤਕਾਰ ਅਮਿਤ ਗੋਸਵਾਮੀ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਹੀ ਕੋਲੋਨ ਮੇਲੇ ਦੇ ਪ੍ਰਬੰਧਕਾਂ ਵਲੋਂ ਈਮੇਲ ਮਿਲਿਆ ਹੈ, ਜਿਸ ਵਿਚ ਕੋਲੋਨ ਮੇਲਾ ਰੱਦ ਕਰਨ ਦੀ ਸੂਚਨਾ ਦਿੱਤੀ ਗਈ ਹੈ। ਭਾਰਤੀ ਉਦਮੀਆਂ ਵਿਚ ਇਸ ਲਈ ਦਹਿਸ਼ਤ ਪਾਈ ਜਾ ਰਹੀ ਹੈ ਕਿਉਂਕਿ ਇਸ ਵਿਚ ਚੀਨ ਦੀਆਂ ਕੰਪਨੀਆਂ ਨੇ ਵੀ ਹਿੱਸਾ ਲੈਣਾ ਸੀ।

 


Related News