550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਸਰਕਾਰ ਦਾ ਸਹਿਯੋਗ ਵੀ ਜ਼ਰੂਰ ਲਿਆ ਜਾਵੇ: ਗਿਆਨੀ ਹਰਪ੍ਰੀਤ ਸਿੰਘ

08/14/2019 6:06:16 PM

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)—550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲੇ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਗੁਰਬਾਣੀ ਪਾਠ ਬੋਧ ਦਾ ਸਮਾਗਮ ਕਰਵਾਇਆ ਗਿਆ। 13 ਅਗਸਤ ਤੋਂ ਆਰੰਭ ਹੋਏ ਗੁਰਬਾਣੀ ਪਾਠ ਬੋਧ ਸਮਾਗਮ 'ਚ ਹਿੱਸਾ ਲੈਣ ਲਈ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ਪੁੱਜੇ। ਉਨ੍ਹਾਂ ਸੰਥਿਆ ਪ੍ਰਾਪਤ ਕਰ ਰਹੇ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਆਪੋ-ਆਪਣੇ ਸੇਵਾ ਸਥਾਨਾਂ ਨੂੰ ਸੰਗਤਾਂ ਅਤੇ ਖਾਸਕਰ ਨੌਜੁਆਨੀ ਨੂੰ ਗੁਰਮਤਿ ਨਾਲ ਜੋੜਨ ਦੀ ਪ੍ਰੇਰਨਾ ਕੀਤੀ। 

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਭਰ 'ਚ ਗੁਰਬਾਣੀ ਪਾਠ ਬੋਧ ਸਮਾਗਮਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ ਅਤੇ ਹੁਣ ਤੱਕ 6 ਗੁਰਬਾਣੀ ਪਾਠ ਬੋਧ ਸਮਾਗਮ ਕੀਤੇ ਜਾ ਚੁੱਕੇ ਹਨ ਅਤੇ ਸੱਤਵਾਂ ਸਮਾਗਮ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਆਰੰਭ ਕੀਤਾ ਗਿਆ ਹੈ ।ਜਿਸ ਵਿਚ 'ਚ 500 ਦੇ ਕਰੀਬ ਗ੍ਰੰਥੀ ਅਤੇ ਅਖੰਡ ਪਾਠੀ ਸਿੰਘ ਸਿੱਖਿਆ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਇਹ ਯਤਨ ਗ੍ਰੰਥੀ ਅਤੇ ਅਖੰਡਪਾਠੀ ਸਿੰਘਾਂ ਨੂੰ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਸਿੱਖਿਆ ਦੇਣ ਵਿਚ ਸਹਾਈ ਹੋ ਰਿਹਾ ਹੈ ਅਤੇ ਇਸ ਨਾਲ ਗ੍ਰੰਥੀ ਅਤੇ ਅਖੰਡ ਪਾਠੀ ਸਿੰਘ ਗੁਰਮਤਿ ਨਾਲ ਜੁੜ ਕੇ ਸਿੱਖ ਕੌਮ ਦੇ ਚੰਗੇ ਪ੍ਰਚਾਰਕ ਬਣਨਗੇ। ਉਨ੍ਹਾਂ ਕਿਹਾ ਕਿ ਜੇਕਰ ਗੁਰਬਾਣੀ ਦਾ ਬੋਧ ਹੋਵੇਗਾ ਤਾਂ ਹੀ ਗੁਰਬਾਣੀ ਦੇ ਅਰਥਾਂ ਦਾ ਸਹੀ ਗਿਆਨ ਹੋਵੇਗਾ । ਉਨ੍ਹਾਂ ਕਿਹਾ ਕਿ ਅਜਿਹੇ ਗੁਰਬਾਣੀ ਪਾਠ ਬੋਧ ਸਮਾਗਮ ਸਾਰੇ ਸਕੂਲਾਂ ਕਾਲਜਾਂ 'ਚ ਵੀ ਕਰਵਾਏ ਜਾਣ।

ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਸੰਬੰਧੀ ਆਯੋਜਿਤ ਕੀਤੇ ਜਾ ਰਹੇ ਕੌਮਾਂਤਰੀ ਪੱਧਰ ਦੇ ਸਮਾਗਮਾਂ ਦਾ ਜ਼ਿਕਰ ਕਰਦੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਵੀ ਸ਼ਤਾਬਦੀ ਸੰਬੰਧੀ ਉਲੀਕੇ ਗਏ ਸਮਾਗਮਾਂ ਲਈ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਗਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਰਵ ਸਾਂਝੇ ਉਪਦੇਸ਼ 'ਚ ਏਕਤਾ ਦੀ ਹੀ ਗੱਲ ਕੀਤੀ ਹੈ ਅਤੇ ਸਤਿਗੁਰੂ ਪਾਤਸ਼ਾਹ ਜੀ ਦੇ ਇਸ ਮਹਾਨ ਸ਼ਤਾਬਦੀ ਸਮਾਗਮ ਮਨਾਉਂਦੇ ਸਮੇਂ ਸਾਰਿਆਂ ਨੂੰ ਹੀ ਇੱਕਠੇ ਹੋ ਕੇ ਸਾਰੇ ਪ੍ਰੋਗਰਾਮਾਂ ਦੀ ਸਫਲਤਾ ਲਈ ਡਟ ਜਾਣਾ ਚਾਹੀਦਾ ਹੈ। 

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਅਸੀਂ ਸਾਰੇ ਇਕੱਠੇ ਹੋ ਕੇ ਆਪਣੇ ਨਿੱਜੀ ਮਤਭੇਦ ਭੁਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਸਮਾਗਮ ਚ ਸ਼ਾਮਿਲ ਹੋਈਏ ਤਾਂ ਜੋ ਪੂਰੇ ਵਿਸ਼ਵ ਵਿੱਚ ਚੰਗਾ ਸੁਨੇਹਾ ਜਾ ਸਕੇ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੂੰ ਵੀ ਕਿਹਾ ਗਿਆ ਹੈ ਕਿ ਇਕ ਚਾਰ ਮੈਂਬਰੀ ਤਾਲਮੇਲ ਕਮੇਟੀ ਬਣਾਈ ਜਾਵੇ, ਜਿਸ 'ਚ ਦੋ ਮੈਬਰ ਸਰਕਾਰ ਵੱਲੋਂ ਲੈ ਕੇ ਇਕੱਠੇ ਸਮਾਗਮ ਕਰਵਾਉਣ ਲਈ ਸਰਕਾਰ ਦਾ ਸਹਿਯੋਗ ਲਿਆ ਜਾਵੇ ਕਿਉਂਕਿ ਇੰਨੇ ਵੱਡੇ ਸਮਾਗਮ 'ਚ ਸਰਕਾਰਾਂ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਹੈ, ਜਿਸ ਕਰਕੇ ਸ਼ਤਾਬਦੀ ਸਮਾਗਮਾਂ ਦੀ ਸਾਰੀ ਤਿਆਰੀਆਂ ਦੀ ਜ਼ਿੰਮੇਵਾਰੀ ਵੀ ਸ਼੍ਰੋਮਣੀ ਕਮੇਟੀ ਦੀ ਹੀ ਹੈ। ਇਸ ਤੋਂ ਪਹਿਲਾਂ ਸਿੰਘ ਸਾਹਿਬ ਨੇ ਗੁਰਦੁਆਰਾ ਬੇਰ ਸਾਹਿਬ ਮੱਥਾ ਟੇਕਿਆ ਅਤੇ ਉਪਰੰਤ ਗੁਰਬਾਣੀ ਪਾਠ ਬੋਧ ਸਮਾਗਮ 'ਚ ਉਨ੍ਹਾਂ ਦਾ ਸਨਮਾਨ ਸਿਰੋਪਾਓ ਦੇ ਕੇ ਪ੍ਰਬੰਧਕਾਂ ਵੱਲੋਂ ਕੀਤਾ ਗਿਆ।

ਅੱਜ ਦੇ ਸਮਾਗਮ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਜਥੇ ਸ਼ਿੰਗਾਰਾ ਸਿੰਘ ਲੋਹੀਆਂ ਮੈਂਬਰ ਅੰਤਰਿੰਗ ਕਮੇਟੀ, ਬੀਬੀ ਗੁਰਪ੍ਰੀਤ ਕੌਰ ਰੂਹੀ ਮੈਬਰ ਸ਼੍ਰੋਮਣੀ ਕਮੇਟੀ, ਜਥੇ ਜਰਨੈਲ ਸਿੰਘ ਡੋਗਰਾਂਵਾਲ ਮੈਬਰ ਸ਼੍ਰੋਮਣੀ ਕਮੇਟੀ, ਜਥੇ ਬਲਦੇਵ ਸਿੰਘ ਕਲਿਆਣ ਮੈਬਰ ਸ਼੍ਰੋਮਣੀ ਕਮੇਟੀ, ਜਥੇ ਸਰਵਣ ਸਿੰਘ ਕੁਲਾਰ ਮੈਂਬਰ, ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਰਿਆੜ, ਬੇਰ ਸਾਹਿਬ ਦੇ ਹੈਡ ਗ੍ਰੰਥੀ ਭਾਈ ਸੁਰਜੀਤ ਸਿੰਘ ਸਭਰਾਅ, ਸੁਪਰਵਾਈਜ਼ਰ ਮੇਜਰ ਸਿੰਘ ਸੰਧੂ, ਭਾਈ ਹਰਜੀਤ ਸਿੰਘ ਪ੍ਰਚਾਰਕ ਇੰਚਾਰਜ ਧਰਮ ਪ੍ਰਚਾਰ ਕਮੇਟੀ ਮਾਝਾ ਜੋਨ, ਗਿਆਨੀ ਪਰਮਿੰਦਰ ਸਿੰਘ ਵਿਦਵਾਨ ਪ੍ਰਚਾਰਕ ,ਭਾਈ  ਗੁਰਮੀਤ ਸਿੰਘ, ਸਰਬਜੀਤ ਸਿੰਘ ਧੂੰਦਾ ਐਡੀਸਨਲ ਮੈਨੇਜਰ, ਕੁਲਵੰਤ ਸਿੰਘ ਮੀਤ ਮੈਨੇਜਰ ਤੋਂ ਇਲਾਵਾ ਪੰਜਾਬ ਦੇ ਦੋ ਦਰਜਨ ਪ੍ਰਚਾਰਕਾਂ ਅਤੇ ਹੋਰਨਾਂ ਸ਼ਖਸ਼ੀਅਤਾਂ ਸ਼ਿਰਕਤ ਕੀਤੀ।


shivani attri

Content Editor

Related News