ਨਿਗਮ ਯੂਨੀਅਨਾਂ ਦੀ ਹੜਤਾਲ ਨਾਲ ਕੂੜੇ ਦੀ ਲਿਫ਼ਟਿੰਗ ਪ੍ਰਭਾਵਿਤ, ਸੀਵਰੇਜ ਦੀ ਬਲਾਕੇਜ ਨਾਲ ਜਨਤਾ ਪ੍ਰੇਸ਼ਾਨ
Saturday, Mar 23, 2024 - 02:23 PM (IST)
ਜਲੰਧਰ (ਪੁਨੀਤ)–ਭਰਤੀ ਦੀ ਮੰਗ ਨੂੰ ਲੈ ਕੇ ਹੜਤਾਲ ਕਰ ਰਹੀਆਂ ਨਿਗਮ ਯੂਨੀਅਨਾਂ ਵੱਲੋਂ ਕੰਮਕਾਜ ਦਾ ਬਾਈਕਾਟ ਕਰਨ ਕਾਰਨ ਕੂੜੇ ਦੀ ਲਿਫਟਿੰਗ ਸਮੇਤ ਕਈ ਕੰਮਕਾਜ ਪ੍ਰਭਾਵਿਤ ਹੋਏ ਹਨ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸੀਵਰੇਜ ਦੀ ਬਲਾਕੇਜ ਨਾਲ ਜਨਤਾ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਗਮ ਯੂਨੀਅਨਾਂ ਵੱਲੋਂ ਹੜਤਾਲ ਦੇ ਤੀਜੇ ਦਿਨ ਸਵੇਰੇ ਨਿਗਮ ਦਫ਼ਤਰ ਦੇ ਸਾਹਮਣੇ ਧਰਨਾ-ਪ੍ਰਦਰਸ਼ਨ ਕਰਦੇ ਹੋਏ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਗਈ ਪਰ ਨਿਗਮ ਕਮਿਸ਼ਨਰ ਗੌਤਮ ਜੈਨ ਦੇ ਦਖ਼ਲ ਸਦਕਾ ਬੀਤੇ ਦਿਨ ਦੁਪਹਿਰ ਤਕ ਹੜਤਾਲ ਖ਼ਤਮ ਹੋ ਗਈ।
ਭਰਤੀ ਦੀ ਮੰਗ ’ਤੇ ਨਿਗਮ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਚੋਣ ਜ਼ਾਬਤਾ ਖ਼ਤਮ ਹੋਣ ਤੋਂ ਬਾਅਦ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਅਤੇ 400 ਦੇ ਲਗਭਗ ਕਰਮਚਾਰੀਆਂ ਦੀ ਭਰਤੀ ਹੋਵੇਗੀ। ਉਨ੍ਹਾਂ ਕਿਹਾ ਕਿ ਹੁਣ ਚੋਣਾਂ ਕਾਰਨ ਹਰੇਕ ਕੰਮ ’ਤੇ ਰੋਕ ਲੱਗੀ ਹੋਈ ਹੈ, ਇਸ ਲਈ ਨਿਗਮ ਯੂਨੀਅਨ ਨੂੰ ਜੂਨ ਤਕ ਹੜਤਾਲ ’ਤੇ ਨਹੀਂ ਜਾਣਾ ਚਾਹੀਦਾ।
ਇਹ ਵੀ ਪੜ੍ਹੋ: ਮੈਕਲੋਡਗੰਜ ਘੁੰਮਣ ਗਏ ਕਤਲ ਕੀਤੇ ਜਵਾਨ ਪੁੱਤ ਦੀ ਘਰ ਪਹੁੰਚੀ ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ
ਪ੍ਰਦਰਸ਼ਨ ਨੂੰ ਖ਼ਤਮ ਕਰਵਾਉਣ ਲਈ ਧਰਨਾ ਸਥਾਨ ’ਤੇ ਪਹੁੰਚੇ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਯੂਨੀਅਨ ਦੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਜਲੰਧਰ ਨਿਗਮ ਵੱਲੋਂ ਭਰਤੀ ਦੀ ਤਿਆਰੀ ਕਰ ਲਈ ਗਈ ਸੀ। ਇਸ ਸਬੰਧ ਵਿਚ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਉਣ ਲਈ ਸਰਕਾਰ ਨੂੰ ਭਿਜਵਾ ਿਦੱਤਾ ਸੀ ਪਰ ਇਸੇ ਵਿਚਕਾਰ ਚੋਣ ਜ਼ਾਬਤਾ ਲਾਗੂ ਹੋਣ ਨਾਲ ਭਰਤੀ ਦਾ ਕੰਮ ਰੁਕ ਗਿਆ।
ਨਿਗਮ ਯੂਨੀਅਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੀ ਅਗਵਾਈ ਕਰ ਰਹੇ ਬੰਟੂ ਸੱਭਰਵਾਲ, ਰਿੰਪੀ ਕਲਿਆਣ, ਹਿਤੇਸ਼ ਨਾਹਰ ਅਤੇ ਸ਼ੰਮੀ ਲੂਥਰ ਨੇ ਨਿਗਮ ਕਮਿਸ਼ਨਰ ਦੇ ਭਰੋਸੇ ਤੋਂ ਬਾਅਦ ਹੜਤਾਲ ਵਾਪਸ ਲੈ ਲਈ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਅਸੀਂ ਅਧਿਕਾਰੀਆਂ ਨਾਲ ਗੱਲਬਾਤ ’ਤੇ ਸਹਿਮਤ ਹੋਏ ਹਾਂ ਪਰ ਜੇਕਰ ਚੋਣ ਜ਼ਾਬਤਾ ਹਟਣ ਤੋਂ ਬਾਅਦ ਭਰਤੀ ਦੀ ਪ੍ਰਕਿਰਿਆ ਨੂੰ ਸ਼ੁਰੂ ਨਾ ਕੀਤਾ ਿਗਆ ਤਾਂ ਪ੍ਰਦਰਸ਼ਨ ਸ਼ੁਰੂ ਹੋਣਗੇ, ਜਿਸ ਦੇ ਲਈ ਅਧਿਕਾਰੀਆਂ ਦੀਆਂ ਨੀਤੀਆਂ ਜ਼ਿੰਮੇਵਾਰ ਹੋਣਗੀਆਂ। ਨਿਗਮ ਕਮਿਸ਼ਨਰ ਦੇ ਭਰੋਸੇ ਤੋਂ ਬਾਅਦ ਦੁਪਹਿਰ ਸਮੇਂ ਧਰਨਾ ਹਟਾਇਆ ਗਿਆ।
ਦੂਜੇ ਪਾਸੇ ਹੜਤਾਲ ਕਾਰਨ ਵੱਖ-ਵੱਖ ਥਾਵਾਂ ਤੋਂ ਕੂੜਾ ਚੁੱਕਣ ਦਾ ਕੰਮ ਪ੍ਰਭਾਵਿਤ ਹੋਣ ਨਾਲ ਜਨਤਾ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਯੂਨੀਅਨ ਨੇ ਹੜਤਾਲ ਖਤਮ ਕਰਨ ਤੋਂ ਬਾਅਦ ਕੰਮ ਸ਼ੁਰੂ ਕਰ ਦਿੱਤਾ ਸੀ ਪਰ ਸਾਰੀਆਂ ਥਾਵਾਂ ਤੋਂ ਕੂੜੇ ਦੀ ਲਿਫਟਿੰਗ ਨਹੀਂ ਹੋ ਸਕੀ। ਅਧਿਕਾਰੀਆਂ ਦਾ ਕਹਿਣਾ ਸੀ ਕਿ ਕੰਮਕਾਜ ਪ੍ਰਭਾਵਿਤ ਹੋਇਆ ਹੈ। ਲੋਕਾਂ ਦੀ ਸਮੱਸਿਆ ਜਲਦ ਹੱਲ ਹੋ ਜਾਵੇਗੀ। ਦੂਜੇ ਪਾਸੇ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਸੀਵਰੇਜ ਦੀ ਬਲਾਕੇਜ ਨਾਲ ਜਨਤਾ ਨੂੰ ਦਿੱਕਤਾਂ ਹੋ ਰਹੀਆਂ ਹਨ। ਇਨ੍ਹਾਂ ਵਿਚ ਕਪੂਰਥਲਾ ਚੌਕ ਨਜ਼ਦੀਕ, ਬਾਗ ਬਾਰੀਆਂ, ਭਗਤ ਸਿੰਘ ਚੌਕ ਨਜ਼ਦੀਕ ਅਤੇ ਹੋਰ ਸਥਾਨ ਸ਼ਾਮਲ ਹਨ।
ਇਹ ਵੀ ਪੜ੍ਹੋ: ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਹੁਣ ਨਹੀਂ ਲੱਗੇਗੀ ਐਂਟਰੀ ਫ਼ੀਸ
ਪਹਿਲੇ ਰਾਊਂਡ ਵਿਚ 400 ਕਰਮਚਾਰੀਆਂ ਦੀ ਭਰਤੀ
ਦੂਜੇ ਪਾਸੇ ਨਗਰ ਨਿਗਮ ਅਧਿਕਾਰੀਆਂ ਵੱਲੋਂ 400 ਕਰਮਚਾਰੀਆਂ ਦੀ ਭਰਤੀ ਦਾ ਇਸ਼ਤਿਹਾਰ ਦੇਣ ਦੀ ਗੱਲ ’ਤੇ ਯੂਨੀਅਨ ਅਾਗੂਆਂ ਨੇ ਕਿਹਾ ਕਿ ਪਹਿਲੇ ਰਾਊਂਡ ਵਿਚ 400 ਕਰਮਚਾਰੀਆਂ ਦੀ ਭਰਤੀ ਹੋਵੇਗੀ ਅਤੇ ਇਸ ਤੋਂ ਬਾਅਦ 800 ਕਰਮਚਾਰੀਆਂ ਦੀ ਭਰਤੀ ਦੀ ਮੰਗ ਉਠਾਈ ਜਾਵੇਗੀ। ਧਰਨਾ-ਪ੍ਰਦਰਸ਼ਨ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਮਨੀਸ਼ ਬਾਬਾ, ਰਾਜਨ ਕਲਿਆਣ, ਵਿਨੋਦ ਮੱਦੀ, ਦੇਵਾਨੰਦ ਥਾਪਰ, ਅਰੁਣ ਕਲਿਆਣ, ਹਰੀਵੰਸ਼ ਸਿੱਧੂ ਸਮੇਤ ਸੈਂਕੜੇ ਕਰਮਚਾਰੀ ਮੌਜੂਦ ਰਹੇ।
ਇਹ ਵੀ ਪੜ੍ਹੋ: ਹੋਲਾ-ਮਹੱਲਾ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਸਹੂਲਤਾਂ ਲਈ ਕੀਤੇ ਇਹ ਵਿਆਪਕ ਪ੍ਰਬੰਧ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8