ਨਾਜਾਇਜ਼ ਮਾਈਨਿੰਗ ਦੇ ਦੋਸ਼ ''ਚ ਪੋਕਲੇਨ ਤੇ ਮਿੱਟੀ ਨਾਲ ਭਰੇ 4 ਟਿੱਪਰਾਂ ਸਣੇ 5 ਵਿਅਕਤੀ ਗ੍ਰਿਫ਼ਤਾਰ
Saturday, Sep 17, 2022 - 05:38 PM (IST)

ਨਵਾਂਸ਼ਹਿਰ (ਤ੍ਰਿਪਾਠੀ)- ਨਾਜਾਇਜ਼ ਮਾਈਨਿੰਗ ਦੇ ਦੋਸ਼ 'ਚ ਪੋਕਲੇਨ ਤੇ ਮਿੱਟੀ ਨਾਲ ਭਰੇ 4 ਟਿੱਪਰਾਂ ਸਣੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਬੀਤੇ ਦਿਨ ਕੀਤੀ ਗਈ ਮਾਈਨਿੰਗ ਦੇ ਸਾਇਟ ਦੀ ਵਿਜ਼ਟ ਉਪਰੰਤ ਮਾਈਨਿੰਗ ਅਤੇ ਪੁਲਸ ਅਧਿਕਾਰੀਆਂ ਨੂੰ ਗੈਰ ਕਾਨੂੰਨੀ ਮਾਈਨਿੰਗ ਖ਼ਿਲਾਫ ਸਖ਼ਤ ਕਾਰਵਾਈ ਕਰਨ ਦੀ ਜਾਰੀ ਕੀਤੀਆਂ ਹਦਾਇਤਾਂ ਤਹਿਤ ਥਾਣਾ ਕਾਠਗਡ਼੍ਹ ਦੀ ਪੁਲਸ ਨੇ ਨਾਜਾਇਜ਼ ਮਾਈਨਿੰਗ ਦੇ ਦੋਸ਼ਾਂ ਤਹਿਤ 5 ਵਿਅਕਤੀਆਂ ਨੂੰ ਕਾਬੂ ਕਰਕੇ ਰੇਤ ਨਾਲ ਭਰੇ 4 ਟਿੱਪਰ ਅਤੇ 1 ਪੋਕਲੇਨ ਬਰਾਮਦ ਕੀਤੀ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕਾਠਗੜ੍ਹ ਦੇ ਐੱਸ. ਐੱਚ. ਓ. ਇੰਸਪੈਕਟਰ ਬੀਰਵਲ ਸਿੰਘ ਅਤੇ ਜਾਂਚ ਅਫ਼ਸਰ ਏ. ਐੱਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਪਿੰਡ ਫਤਿਹਪੁਰ ਵਿਖੇ ਗੈਰ ਕਾਨੂੰਨੀ ਮਾਈਨਿੰਗ ਕਰਨ ਦੀ ਸ਼ਿਕਾਇਤ ਮਿਲੀ ਸੀ। ਉਕਤ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮੌਜੂਦ ਪੋਕਲੇਨ ਦੇ ਚਾਲਕ ਅਭਿਸ਼ੇਕ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਤਲਵਾਡ਼ਾ ਜ਼ਿਲ੍ਹਾ ਹੁਸ਼ਿਆਰਪੁਰ ਸਮੇਤ 5 ਵਿਅਕਤੀਆਂ ਨੂੰ ਕਾਬੂ ਕਰ ਕੇ ਨੂੰ ਪੋਕਲੇਨ ਅਤੇ ਮਿੱਟੀ ਨਾਲ ਭਰੇ 4 ਟਿੱਪਰ ਕਬਜ਼ੇ ’ਚ ਲਏ ਹਨ।
ਇਹ ਵੀ ਪੜ੍ਹੋ: 'ਤੁਹਾਡੀ ਬਿਜਲੀ ਕੱਟੀ ਜਾਵੇਗੀ' ਲਿਖ ਆਇਆ ਮੈਸੇਜ, ਜਦੋਂ ਕੀਤੀ ਕਾਲ ਤਾਂ ਵਿਅਕਤੀ ਦੇ ਉੱਡੇ ਹੋਸ਼, ਜਾਣੋ ਪੂਰਾ ਮਾਮਲਾ
ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਅਭਿਸ਼ੇਕ ਕੁਮਾਰ, ਗੁਰਜੰਟ ਸਿੰਘ ਪੁੱਤਰ ਚਰਨ ਸਿੰਘ ਵਾਸੀ ਐਂਬੋ ਸੈਟ ਥਾਣਾ ਰਾਮਦਾਸ ਜ਼ਿਲਾ ਅੰਮ੍ਰਿਤਸਰ, ਹਰਜਿੰਦਰ ਪਾਲ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਜਮਸ਼ੇਦ ਜ਼ਿਲ੍ਹਾ ਜਲੰਧਰ, ਗੁਲਾਮ ਮੁਸਤਫਾ ਪੁੱਤਰ ਗੁਲਾਮ ਹੁਸੈਨ ਵਾਸੀ ਗੰਦੋ ਥਾਣਾ ਗੰਦੋ ਜ਼ਿਲ੍ਹਾ ਡੋਡਾ (ਜੰਮੂ) ਅਤੇ ਜਤਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਬਿੱਲੀ ਚੁਹਾਰਨੀ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਦੇ ਤੌਰ ’ਤੇ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਦੋਸ਼ੀਆਂ ਤੋਂ ਮਾਈਨਿੰਗ ਸਬੰਧੀ ਜਦੋਂ ਲੀਗਲ ਜਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਉਹ ਕੋਈ ਸਹੀ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਨੋਟੀਫਿਕੇਸ਼ਨ 24 ਅਗਸਤ 2022 ਤਹਿਤ ਜੇ. ਸੀ. ਬੀ. ਦੀ ਮਨਜ਼ੂਰੀ ਹੈ, ਪਰ ਮੌਕੇ ’ਤੇ ਪੋਕਲੇਨ ਬਰਾਮਦ ਹੋਈ ਹੈ, ਜੋ ਕਿ ਸਰਕਾਰ ਦੇ ਨੋਟੀਫਿਕੇਸ਼ਨ ਦੀ ਪੂਰੀ ਤਰ੍ਹਾਂ ਉਲੰਘਣਾ ਹੈ। ਉਨ੍ਹਾਂ ਦੱਸਿਆ ਕਿ ਮਾਈਨਿੰਗ ਅਫ਼ਸਰ ਦਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਕਾਰਵਾਈ ਕਰਦੇ ਹੋਏ ਪੁਲਸ ਨੇ ਉਕਤ ਗ੍ਰਿਫਤਾਰ ਵਿਅਕਤੀ ਖ਼ਿਲਾਫ਼ ਥਾਣਾ ਕਾਠਗੜ੍ਹ ਵਿਖੇ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਭਿਆਨਕ ਹਾਦਸੇ 'ਚ ਔਰਤ ਦੀ ਦਰਦਨਾਕ ਮੌਤ, ਟਰੱਕ ਨੇ ਖੋਪੜੀ ਦੇ ਉਡਾਏ ਚਿੱਥੜੇ, ਸਾਲ ਪਹਿਲਾਂ ਹੋਇਆ ਸੀ ਵਿਆਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ