ਕਪੂਰਥਲਾ ''ਚ ਖੌਫ਼ ਦਾ ਮਾਹੌਲ: ਕਿਸਾਨ ਦੇ ਘਰ ''ਤੇ 13 ਰਾਊਂਡ ਤਾਬੜਤੋੜ ਫਾਇਰਿੰਗ
Friday, Jan 09, 2026 - 07:10 PM (IST)
ਕਪੂਰਥਲਾ- ਜ਼ਿਲ੍ਹਾ ਕਪੂਰਥਲਾ ਦੇ ਪਿੰਡ ਲੱਖਣ ਕਲਾਂ ਵਿੱਚ ਦੇਰ ਰਾਤ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਅਣਪਛਾਤੇ ਹਮਲਾਵਰਾਂ ਨੇ ਇੱਕ ਕਿਸਾਨ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਹ ਹਮਲਾ ਸਾਬਕਾ ਅਕਾਲੀ ਦਲ (ਅੰਮ੍ਰਿਤਸਰ) ਆਗੂ ਕਸ਼ਮੀਰ ਸਿੰਘ ਦੇ ਭਤੀਜੇ ਦਲਜੀਤ ਸਿੰਘ ਦੇ ਘਰ 'ਤੇ ਹੋਇਆ ਹੈ।
ਰਾਤ ਦੇ ਹਨੇਰੇ 'ਚ ਚੱਲੀਆਂ 13 ਗੋਲੀਆਂ
ਜਾਣਕਾਰੀ ਅਨੁਸਾਰ, ਇਹ ਘਟਨਾ ਰਾਤ ਕਰੀਬ 10 ਵਜੇ ਵਾਪਰੀ। ਕਿਸਾਨ ਦਲਜੀਤ ਸਿੰਘ (ਪੁੱਤਰ ਗੁਰਮੁਖ ਸਿੰਘ) ਦਾ ਘਰ ਪਿੰਡ ਤੋਂ ਬਾਹਰ ਡੇਰੇ 'ਤੇ ਸਥਿਤ ਹੈ। ਹਮਲਾਵਰਾਂ ਨੇ ਘਰ 'ਤੇ 13 ਰਾਊਂਡ ਫਾਇਰਿੰਗ ਕੀਤੀ, ਜਿਸ ਵਿੱਚੋਂ ਕੁਝ ਗੋਲੀਆਂ ਘਰ ਦੇ ਮੁੱਖ ਗੇਟ ਅਤੇ ਕੰਧਾਂ 'ਤੇ ਲੱਗੀਆਂ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਪੁਲਸ ਵੱਲੋਂ .30 ਤੇ .32 ਬੋਰ ਦੇ ਖੋਲ ਬਰਾਮਦ
ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਸਬ-ਡਿਵੀਜ਼ਨ ਸ਼ੀਤਲ ਸਿੰਘ ਪੁਲਸ ਟੀਮ ਸਮੇਤ ਮੌਕੇ 'ਤੇ ਪਹੁੰਚੇ। ਪੁਲਸ ਨੇ ਘਟਨਾ ਸਥਾਨ ਤੋਂ .30 ਬੋਰ ਅਤੇ .32 ਬੋਰ ਦੇ 13 ਖੋਲ ਬਰਾਮਦ ਕੀਤੇ ਹਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਬਦਮਾਸ਼ਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਚੋਣਾਂ ਦੀ ਰੰਜਿਸ਼ ਦਾ ਖ਼ਦਸ਼ਾ
ਇਸ ਹਮਲੇ ਪਿੱਛੇ ਪੁਰਾਣੀ ਜਾਂ ਚੋਣਾਂ ਦੀ ਰੰਜਿਸ਼ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ। ਅਕਾਲੀ ਦਲ (ਮਾਨ) ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜੱਥੇਦਾਰ ਕਸ਼ਮੀਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਭਤੀਜੇ ਦੇ ਘਰ 'ਤੇ ਹੋਈ ਇਹ ਫਾਇਰਿੰਗ ਚੋਣਾਂ ਦੀ ਰੰਜਿਸ਼ ਦਾ ਨਤੀਜਾ ਹੈ।
ਜਿਸ ਘਰ 'ਤੇ ਹਮਲਾ ਹੋਇਆ, ਉਹ ਪਿੰਡ ਦੀ ਕੋਆਪ੍ਰੇਟਿਵ ਸੁਸਾਇਟੀ ਦੇ ਦਫ਼ਤਰ ਦੇ ਬਿਲਕੁਲ ਸਾਹਮਣੇ ਹੈ। ਹਾਲਾਂਕਿ, ਨੇੜੇ ਕੋਈ ਸੀ.ਸੀ.ਟੀ.ਵੀ. ਕੈਮਰਾ ਨਾ ਹੋਣ ਕਾਰਨ ਪੁਲਸ ਨੂੰ ਹਮਲਾਵਰਾਂ ਦੀ ਪਛਾਣ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਸ ਹੁਣ ਰੰਜਿਸ਼ ਸਮੇਤ ਹੋਰਨਾਂ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾ ਸਕੇ।
