5300 ਸ਼ਿਕਾਇਤਾਂ : ‘ਓਵਰਲੋਡ’ ਨਾਲ ਟਰਾਂਸਫਾਰਮਰਾਂ ’ਚ ਲੱਗ ਰਹੀ ਅੱਗ, 5-6 ਘੰਟੇ ਦੇ ‘ਪਾਵਰਕੱਟਾਂ’ ਨਾਲ ‘ਹਾਹਾਕਾਰ’

06/05/2022 4:45:49 PM

ਜਲੰਧਰ(ਪੁਨੀਤ): ਤਾਪਮਾਨ ’ਚ ਵਾਧਾ ਹੋਣ ਨਾਲ ਬਿਜਲੀ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਨਾਲ ਟਰਾਂਸਫਾਰਮਰ ਓਵਰਲੋਡ ਹੋ ਰਹੇ ਹਨ ਅਤੇ ਬਿਜਲੀ ਸਬੰਧੀ ਸ਼ਿਕਾਇਤਾਂ ’ਚ ਇਜ਼ਾਫਾ ਹੋ ਰਿਹਾ ਹੈ। ਹਾਲਾਤ ਅਜਿਹੇ ਬਣ ਰਹੇ ਹਨ ਕਿ ਲੋਡ ਝੱਲਣ ’ਚ ਅਸਮਰੱਥ ਟਰਾਂਸਫਾਰਮਰਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਵਧਣ ਲੱਗੀਆਂ ਹਨ, ਜਿਸ ਨਾਲ ਵਿੱਤੀ ਤੌਰ ’ਤੇ ਵਿਭਾਗ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ। ਅੱਗ ਲੱਗਣ ਤੋਂ ਬਾਅਦ ਸਬੰਧਤ ਟਰਾਂਸਫਾਰਮਰਾਂ ਤੋਂ ਬਿਜਲੀ ਸਪਲਾਈ ਚਾਲੂ ਕਰਨ ’ਚ ਕਈ ਵਾਰ 5-6 ਘੰਟੇ ਤੱਕ ਦਾ ਸਮਾਂ ਲੱਗ ਰਿਹਾ ਹੈ, ਜੋ ਕਿ ਖਪਤਕਾਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਓਵਰਲੋਡ ਅਤੇ ਹੋਰ ਕਾਰਨਾਂ ਕ ਰ ਕੇ ਨਾਰਥ ਜ਼ੋਨ ’ਚ ਬਿਜਲੀ ਦੀ ਖਰਾਬੀ ਸਬੰਧੀ 5300 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆ।

ਇਹ ਵੀ ਪੜ੍ਹੋ- ਨਸ਼ੇ ਨਾਲ ਮਰੇ ਮੁੰਡੇ ਦਾ ਮਾਮਲਾ ਗਰਮਾਇਆ, ਸਿਵਲ ਵਰਦੀ 'ਚ ਆਏ ਮੁਲਾਜ਼ਮਾਂ ਨੇ ਮਾਂ ਤੋਂ ਕੋਰੇ ਕਾਗਜ਼ 'ਤੇ ਲਗਵਾਏ ਅੰਗੂਠੇ

ਭਿਆਨਕ ਗਰਮੀ ਵਿਚਕਾਰ ਅਣ-ਐਲਾਨੇ ਲੱਗਣ ਵਾਲੇ ਲੰਮੇ-ਲੰਮੇ ਪਾਵਰਕੱਟਾਂ ਨਾਲ ਲੋਕਾਂ ’ਚ ਹਾਹਾਕਾਰ ਮਚੀ ਹੋਈ ਹੈ। ਸਟਾਫ ਦੀ ਸ਼ਾਰਟੇਜ ਕਾਰਨ ਕਰਮਚਾਰੀ ਮੌਕੇ ’ਤੇ ਤੁਰੰਤ ਪ੍ਰਭਾਵ ਨਾਲ ਪਹੁੰਚਣ ’ਚ ਅਸਮਰੱਥ ਹਨ, ਜਿਸ ਕਾਰਨ ਬਿਜਲੀ ਦੀ ਮੁਰੰਮਤ ਦਾ ਕੰਮ ਸਮੇਂ ’ਤੇ ਨਹੀਂ ਹੋ ਪਾ ਰਿਹਾ ਅਤੇ ਲੋਕਾਂ ਨੂੰ ਕਈ ਘੰਟਿਆਂ ਤੱਕ ਬਿਜਲੀ ਦੇ ਬਿਨਾਂ ਸਮਾਂ ਬਤੀਤ ਕਰਨਾ ਪੈ ਰਿਹਾ ਹੈ। ਦਿਹਾਤੀ ਇਲਾਕਿਆਂ ’ਚ ਹਾਲਾਤ ਬਹੁਤ ਖਰਾਬ ਦੱਸੇ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਦਿਨ ’ਚ ਕਈ ਵਾਰ ਬਿਜਲੀ ਬੰਦ ਹੁੰਦੀ ਹੈ, ਜਿਸ ਨਾਲ ਉਨ੍ਹਾਂ ਦੀ ਰੁਟੀਨ ਪ੍ਰਭਾਵਿਤ ਹੋ ਰਹੀ ਹੈ। ਸ਼ਹਿਰ ਦੇ ਬਾਹਰੀ ਇਲਾਕਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਦੀ ਖਰਾਬੀ ਤੋਂ ਬਾਅਦ ਲੰਮੇ ਸਮੇਂ ਤੱਕ ਕਰਮਚਾਰੀਆਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਵਾਰ-ਵਾਰ ਸ਼ਿਕਾਇਤਾਂ ਲਿਖਵਾਉਣ ਤੋਂ ਬਾਅਦ ਸਟਾਫ ਮੌਕੇ ’ਤੇ ਆਉਂਦਾ ਹੈ। ਬੱਤੀ ਬੰਦ ਰਹਿਣ ਦੇ ਸਮੇਂ ਦੌਰਾਨ ਬੱਚਿਆਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ।

ਇਥੇ ਟਰਾਂਸਫਾਰਮਰ ’ਚ ਅੱਗ ਲੱਗਣ ਦੀ ਇਕ ਘਟਨਾ ਮਿਲਾਪ ਚੌਕ ਨੇੜੇ ਵਾਪਰੀ, ਜਿਸ ਨਾਲ ਕਈ ਘੰਟੇ ਬਿਜਲੀ ਬੰਦ ਰਹੀ। ਬਾਜ਼ਾਰ ਦਾ ਇਲਾਕਾ ਹੋਣ ਕਾਰਨ ਇਥੇ ਘੰਟਿਆਂਬੱਧੀ ਬਿਜਲੀ ਬੰਦ ਰਹਿਣ ਨਾਲ ਦੁਕਾਨਦਾਰਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਇਸ ਦੌਰ ’ਚ ਜਨਰੇਟਰ ਚਲਾਉਣਾ ਬਹੁਤ ਮਹਿੰਗਾ ਸਾਬਿਤ ਹੋ ਰਿਹਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਸਾਵਧਾਨੀ ਅਪਨਾਉਂਦੇ ਹੋਏ ਫਾਇਰ ਬ੍ਰਿਗੇਡ ਨੂੰ ਬੁਲਾਉਣਾ ਪਿਆ। ਸੂਚਨਾ ਮਿਲਣ ’ਤੇ ਪਹੁੰਚੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ ’ਤੇ ਕਾਬੂ ਪਾਇਆ, ਜਿਸ ਤੋਂ ਬਾਅਦ ਬਿਜਲੀ ਕਰਮਚਾਰੀ ਰਿਪੇਅਰ ਦਾ ਕੰਮ ਸ਼ੁਰੂ ਕਰ ਸਕੇ।

ਇਹ ਵੀ ਪੜ੍ਹੋ- ਮੋਟਰਸਾਈਕਲ ਲਈ ਕੀਤਾ ਦੋਸਤ ਦਾ ਕਤਲ, ਮੁੱਖ ਮੁਲਜ਼ਮ ਦੋ ਨਾਬਾਲਗ ਸਾਥੀਆਂ ਸਣੇ ਗ੍ਰਿਫ਼ਤਾਰ

ਮਕਸੂਦਾਂ ਡਵੀਜ਼ਨ ਅਧੀਨ ਆਉਂਦੇ ਕਈ ਇਲਾਕਿਆਂ ’ਚ ਅੱਜ ਸ਼ਾਮੀਂ 4 ਵਜੇ ਤੋਂ ਬੰਦ ਹੋਈ ਬਿਜਲੀ ਕਈ ਘੰਟੇ ਚਾਲੂ ਨਹੀਂ ਹੋ ਸਕੀ, ਜਿਸ ਨਾਲ ਖਪਤਕਾਰਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਐਕਸੀਅਨ ਦਾ ਕਹਿਣਾ ਸੀ ਕਿ ਕਿਸੇ ਇਲਾਕੇ ’ਚ ਫਾਲਟ ਹੋ ਸਕਦਾ ਹੈ ਪਰ ਕੋਈ ਵੱਡਾ ਫਾਲਟ ਉਨ੍ਹਾਂ ਦੇ ਧਿਆਨ ’ਚ ਨਹੀਂ ਆਇਆ। ਫੀਲਡ ਸਟਾਫ ਦਾ ਕਹਿਣਾ ਹੈ ਕਿ ਫਾਲਟ ਪੈਣ ਦੀ ਘਟਨਾ ਤੋਂ ਬਾਅਦ ਰਾਤ ਸਮੇਂ ਵੀ ਰਾਹਤ ਨਹੀਂ ਮਿਲ ਰਹੀ। ਰਾਤ ਨੂੰ ਏ. ਸੀ. ਦੀ ਵਰਤੋਂ ਵਧਣ ਨਾਲ ਟਰਾਂਸਫਾਰਮਰ ਓਵਰਲੋਡ ਹੁੰਦੇ ਹਨ, ਜਿਸ ਨਾਲ ਖਰਾਬੀ ਆਉਂਦੀ ਹੈ। ਇਸ ਦੌਰਾਨ ਜਨਤਾ ਕੁਝ ਦੇਰ ਵੀ ਇੰਤਜ਼ਾਰ ਨਹੀਂ ਕਰਦੀ ਅਤੇ ਫੋਨ ’ਤੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਹਨ। ਫੋਨ ਨਾ ਚੁੱਕਣ ’ਤੇ ਜਨਤਾ ਨਾਰਾਜ਼ ਹੋਣ ਲੱਗਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਿਪੇਅਰ ਕਰਨ ਸਮੇਂ ਫੋਨ ਚੁੱਕਣਾ ਸੰਭਵ ਨਹੀਂ ਹੋ ਪਾਉਂਦਾ। ਸ਼ਿਕਾਇਤਾਂ ਲਿਖਵਾਉਣ ਤੋਂ ਬਾਅਦ ਲੋਕਾਂ ਨੂੰ ਕੁਝ ਦੇਰ ਇੰਤਜ਼ਾਰ ਕਰਨਾ ਚਾਹੀਦਾ ਹੈ।

ਚਾਰਾ ਮੰਡੀ ’ਚ ਟਰਾਂਸਫਾਰਮਰ ਦਾ ਲੋਡ 20 ਤੋਂ ਕੀਤਾ 31.5 ਐੱਮ. ਵੀ. ਏ.

ਓਵਰਲੋਡ ਦੀ ਸਮੱਸਿਆ ਨੂੰ ਦੇਖਦੇ ਹੋਏ ਵਿਭਾਗ ਵੱਲੋਂ ਟਰਾਂਸਫਾਰਮਰ ਅਪਡੇਟ ਕੀਤੇ ਜਾ ਰਹੇ ਹਨ। ਇਸ ਲੜੀ ’ਚ 66 ਕੇ. ਵੀ. ਚਾਰਾ ਮੰਡੀ ਸਬ-ਸਟੇਸ਼ਨ ’ਚ ਲੱਗੇ 20 ਐੱਮ. ਵੀ. ਏ. ਦੇ ਟਰਾਂਸਫਾਰਮਰ ਨੂੰ ਅਪਡੇਟ ਕਰਦੇ ਹੋਏ 31.5 ਏ. ਵੀ. ਏ. ਟਰਾਂਸਫਾਰਮਰ ਨੂੰ ਇੰਸਟਾਲ ਕੀਤਾ ਗਿਆ। ਇਸ ਮੌਕੇ ਐਕਸੀਅਨ ਰਾਕੇਸ਼, ਐੱਸ. ਐੱਸ. ਈ. ਨੀਰਜ ਪਿਪਲਾਨੀ, ਐੱਸ. ਡੀ. ਓ. ਭੁਪਿੰਦਰ, ਐੱਸ. ਐੱਸ. ਏ. ਸੁਨੀਲ ਟੰਡਨ ਤੇ ਹੋਰ ਹਾਜ਼ਰ ਸਨ। ਅਧਿਕਾਰੀਆਂ ਨੇ ਕਿਹਾ ਕਿ ਇਸ ਲੜੀ ’ਚ ਆਉਣ ਵਾਲੇ ਦਿਨਾਂ ’ਚ ਕਈ ਟਰਾਂਸਫਾਰਮਰ ਅਪਡੇਟ ਕੀਤੇ ਜਾ ਰਹੇ ਹਨ ਤਾਂ ਕਿ ਖਪਤਕਾਰਾਂ ਨੂੰ ਓਵਰਲੋਡ ਤੋਂ ਰਾਹਤ ਮਿਲ ਸਕੇ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News