ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦਾ ਹੋਇਆ ਸਨਮਾਨ
Friday, Aug 16, 2024 - 03:46 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਆਜ਼ਾਦੀ ਦਿਵਸ ਦੇ ਮੌਕੇ 'ਤੇ ਮਾਨਯੋਗ ਐੱਮ. ਐੱਲ. ਏ. ਸ. ਜਸਵੀਰ ਸਿੰਘ ਰਾਜਾ ਅਤੇ ਐੱਸ. ਡੀ. ਐੱਮ. ਸ਼੍ਰੀ ਵਿਓਮ ਭਾਰਦਵਾਜ ਵੱਲੋਂ ਡਾ. ਹਰਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਟਾਂਡਾ ਦੀ ਮੌਜੂਦਗੀ ਵਿੱਚ ਸਾਉਣੀ 2023 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਿਨਾ ਖੇਤ ਵਿੱਚ ਮਿਲਾ ਕੇ ਹੀ ਸੁਚੱਜਾ ਪ੍ਰਬੰਧਨ ਕਰਕੇ ਵਾਤਾਵਰਨ ਪ੍ਰਦੂਸ਼ਨ ਰਹਿਤ ਰੱਖਣ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਬਲਾਕ ਟਾਂਡਾ ਦੇ 20 ਕਿਸਾਨਾਂ ਨੂੰ ਸਨਮਾਨਤ ਕੀਤਾ ਗਿਆ।
ਇਸ ਮੌਕੇ ਸ. ਜਸਵੀਰ ਸਿੰਘ ਰਾਜਾ ਨੇ ਟਾਂਡਾ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸੀਜਨ ਵਿੱਚ ਵੀ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਵਾਲੀ ਮਸ਼ੀਨਾਂ ਸੁਪਰ ਸੀਡਰ, ਹੈਪੀ ਸੀਡਰ, ਪਲਟਾਵਾਂ ਹਲ ਅਤੇ ਖੇਤ ਵਿੱਚੋਂ ਪਰਾਲੀ ਬਾਹਰ ਕੱਢਣ ਵਾਲੀ ਮਸ਼ੀਨ ਬੇਲਰ ਦਾ ਰਲਵਾਂ ਉਪਯੋਗ ਕਰਕੇ ਸੁਚੱਜਾ ਪਰਾਲੀ ਪ੍ਰਬੰਧਨ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼ ਰੱਖਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਦਿੰਦੇ ਰਹਿਣ। ਇਸ ਮੌਕੇ ਐੱਸ. ਡੀ. ਐੱਮ. ਟਾਂਡਾ ਵੱਲੋਂ ਦੱਸਿਆ ਗਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਸਾਰੇ ਮਹਿਕਮਿਆਂ ਦੇ ਸਹਿਯੋਗ ਨਾਲ ਇਸ ਸਾਲ, ਪਰਾਲੀ ਪ੍ਰਬੰਧਣ ਲਈ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਉਪਰਾਲੇ ਕੀਤੇ ਜਾਣਗੇ ਤਾਂ ਜੋ ਕਿਸਾਨ ਨੂੰ ਪਰਾਲੀ ਪ੍ਰਬੰਧਣ ਕਰਨ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਇਹ ਵੀ ਪੜ੍ਹੋ- ਮਨੀਲਾ 'ਚ ਪੰਜਾਬੀ ਨੌਜਵਾਨ ਦੀ ਮੌਤ, ਦੋ ਭੈਣਾਂ ਦਾ ਸੀ ਇਕਲੌਤਾ ਭਰਾ, ਨਵੰਬਰ 'ਚ ਰੱਖਿਆ ਸੀ ਵਿਆਹ
ਡਾ. ਹਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਟਾਂਡਾ ਜੀ ਨੇ ਕਿਸਾਨਾਂ ਨੂੰ ਪਰਾਲੀ ਖੇਤ ਵਿੱਚੋਂ ਬਾਹਰ ਕਢਾਉਣ ਦੀ ਬਜਾਏ ਖੇਤ ਵਿੱਚ ਹੀ ਮਿਲਾਉਣ ਅਪੀਲ ਕੀਤੀ ਕਿਉਂਕਿ ਹਲਕੀਆਂ ਜ਼ਮੀਨਾਂ ਨੂੰ ਭਾਰਾ ਬਣਾਉਣ ਅਤੇ ਭਾਰੀਆਂ ਕਲਰ ਵਾਲੀਆਂ ਜ਼ਮੀਨਾਂ ਵਿੱਚ ਸੁਧਾਰ ਲਿਆਉਣ ਲਈ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਮਿਲਾਉਣਾ ਇਕ ਵਧੀਆ ਉਪਾਅ ਹੈ। ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਦੇ ਦੂਜੇ ਬਦਲਵੇਂ ਉਪਾਅ ਜਿਵੇਂ ਕਿ ਰੂੜੀ ਦੀ ਖਾਦ ਗੰਡੋਆ ਖਾਦ, ਹਰੀ ਖਾਦ, ਜਿਪਸਮ ਖਾਦ ਦੀ ਵਰਤੋਂ ਕਰਨਾ ਕਿਸਾਨਾਂ ਲਈ ਮਹਿੰਗਾ ਸਰੋਤ ਬਣਦਾ ਜਾ ਰਿਹਾ ਜਦਕਿ ਕਿਸਾਨਾਂ ਦੇ ਆਪਣੇ ਖੇਤ ਦੀ ਪਰਾਲੀ ਨੂੰ ਹੀ ਖੇਤ ਵਿੱਚ ਮਿਲਾਉਣਾ ਸਸਤਾ ਪੈਂਦਾ ਹੈ ਅਤੇ 2-3 ਸਾਲ ਵਿੱਚ ਹੀ ਕਿਸਾਨਾਂ ਨੂੰ ਆਪਣੀ ਜਮੀਨ ਦੀ ਵਿੱਚ ਆਇਆ ਸੁਧਾਰ ਨਜ਼ਰ ਆਉਣ ਲੱਗ ਜਾਂਦਾ ਹੈ। ਇਸ ਮੌਕੇ ਡਾ. ਲਵਜੀਤ ਸਿੰਘ ਏ. ਡੀ. ਓ. ਟਾਂਡਾ, ਸ੍ਰੀ ਗੁਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਟਾਂਡਾ, ਗੁਰਿੰਦਰਜੀਤ ਸਿੰਘ ਨਾਗਰਾ, ਐੱਸ. ਐੱਚ. ਓ. ਟਾਂਡਾ ਅਤੇ ਹੋਰ ਮੌਜੂਦ ਸਨ।
ਉਥੇ ਹੀ ਇਸ ਮੌਕੇ ਸੁਰਜੀਤ ਸਿੰਘ ਭੂਲਪੁਰ, ਗੁਰਵਿੰਦਰ ਸਿੰਘ ਮਾਡਲ ਟਾਊਨ, ਗੁਰਦੀਪ ਸਿੰਘ ਕਦਾਰੀ ਚੱਕ, ਬਲਜੀਤ ਸਿੰਘ ਫੱਤਾ, ਗੁਰਜੀਤ ਸਿੰਘ ਪੁਲ ਪੁਖਤਾ, ਰਵੀਪਾਲ ਸਿੰਘ ਪੁਲ ਪੁਖਤਾ, ਹਰਜਿੰਦਰ ਸਿੰਘ ਚੌਹਾਨ, ਦਵਿੰਦਰ ਸਿੰਘ ਰੜਾ, ਜਗਜੀਤ ਸਿੰਘ ਝਾਂਸ, ਪਲਵਿੰਦਰ ਸਿੰਘ ਦੇਹਰੀਵਾਲ, ਦਿਲਬਾਗ ਸਿੰਘ ਕਲਿਆਣਪੁਰ, ਮਲਕੀਤ ਸਿੰਘ ਜਹੂਰਾ, ਇਕਬਾਲ ਸਿੰਘ ਬਗੋਲ ਖੁਰਦ, ਤੀਰਥ ਸਿੰਘ ਬਗੋਲ ਖੁਰਦ, ਹਰਪਾਲ ਸਿੰਘ ਖੁੱਡਾ, ਤਰਲੋਚਨ ਸਿੰਘ ਖੁੱਡਾ, ਰਵਿੰਦਰ ਸਿੰਘ ਮੂਨਕ ਖੁਰਦ, ਸੁਰਜੀਤ ਸਿੰਘ ਜਾਜਾ, ਗੁਰਪਾਲ ਸਿੰਘ ਖੱਖ, ਹਰਭਜਨ ਸਿੰਘ ਜਾਜਾ ਮੌਜੂਦ ਸਨ।
ਇਹ ਵੀ ਪੜ੍ਹੋ- ਅਮਰੀਕਾ ਦੇ ਸੁਫ਼ਨੇ ਵਿਖਾ ਕੇ ਦੋ ਪਰਿਵਾਰਾਂ ਦੇ ਖ਼ਰਚਾ ਦਿੱਤੇ 40 ਲੱਖ, ਜਦ ਸਾਹਮਣੇ ਆਈ ਸੱਚਾਈ ਤਾਂ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ