ਮੀਂਹ ਕਾਰਨ ਮੰਡੀ ’ਚ ਕਣਕ ਦੀਆਂ ਬੋਰੀਆਂ ਭਿੱਜੀਆਂ, ਪਾਣੀ ’ਚ ਫ਼ਸਲ ਵਹਿੰਦੀ ਵੇਖ ਕਿਸਾਨਾਂ ਦੇ ਚਿਹਰੇ ਮੁਰਝਾਏ
Friday, Apr 21, 2023 - 11:58 AM (IST)

ਸੁਲਤਾਨਪੁਰ ਲੋਧੀ (ਧੀਰ)-ਦਾਣਾ ਮੰਡੀ ਸੁਲਤਾਨਪੁਰ ਲੋਧੀ ’ਚ ਵੀਰਵਾਰ ਦੇਰ ਸ਼ਾਮ 2 ਘੰਟੇ ਪਏ ਤੇਜ਼ ਮੀਂਹ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਡੀਆਂ ’ਚ ਕਣਕ ਦੇ ਸੀਜ਼ਨ ਨੂੰ ਲੈ ਕੇ ਕੀਤੇ ਗਏ ਸਾਰੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਕਿਸਾਨ ਪਹਿਲਾਂ ਹੀ ਆਰਥਿਕ ਮੰਦੀ ’ਚੋਂ ਲੰਘ ਰਿਹਾ ਹੈ। ਦੂਜੇ ਪਾਸੇ ਪਏ ਮੀਂਹ ਕਾਰਨ ਕਿਸਾਨਾਂ ਦੇ ਚਿਹਰਿਆਂ ’ਤੇ ਵੀ ਉਦਾਸੀ ਛਾ ਗਈ ਹੈ। ਦਾਣਾ ਮੰਡੀ ਸੁਲਤਾਨਪੁਰ ਲੋਧੀ ’ਚ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਤਬਾਹ ਹੁੰਦੀ ਵੇਖੀ ਗਈ। ਕਿਸਾਨਾਂ ਵੱਲੋਂ ਮੰਡੀਆਂ ’ਚ ਲਿਆਂਦੀਆਂ ਫ਼ਸਲਾਂ ਦੀਆਂ ਸਾਰੀਆਂ ਬੋਰੀਆਂ ਗਿੱਲੀਆਂ ਹੋ ਗਈਆਂ ਅਤੇ ਕਿਸਾਨ ਅਤੇ ਮਜ਼ਦੂਰ ਖ਼ੁਦ ਵੀ ਫ਼ਸਲ ’ਚੋਂ ਪਾਣੀ ਕੱਢਦੇ ਹੋਏ ਦੇਖੇ ਗਏ। ਹਾਲਾਤ ਅਜਿਹੇ ਸਨ ਕਿ ਕਿਸਾਨ ਖ਼ੁਦ ਹੀ ਰੱਬ ਅੱਗੇ ਅਰਦਾਸਾਂ ਕਰ ਰਹੇ ਸਨ ਕਿ ਮੀਂਹ ਰੁਕ ਜਾਵੇ।
ਜ਼ਿਕਰਯੋਗ ਹੈ ਕਿ ਕਣਕ ਦੀ ਵਾਢੀ ਦੇ ਸਮੇਂ ਲਗਾਤਾਰ ਪੈ ਰਹੇ ਬੇਮੌਸਮੇ ਮੀਂਹ ਕਾਰਨ ਪਹਿਲਾਂ ਹੀ ਕਣਕ ਦਾ ਕਾਫ਼ੀ ਨੁਕਸਾਨ ਪੁੱਜ ਚੁੱਕਾ ਹੈ। ਕਣਕ ਦੀ ਫ਼ਸਲ ਪੱਕਣ ਸਮੇਂ ਵੀ ਬਰਸਾਤ ਕਾਫ਼ੀ ਹੋਈ ਸੀ ਅਤੇ ਖੇਤਾਂ ਵਿਚ ਕਾਫ਼ੀ ਸਮੇਂ ਪਾਣੀ ਭਰਿਆ ਰਿਹਾ, ਜਿਸ ਕਾਰਨ ਕਿਸਾਨਾਂ ਨੂੰ ਕਾਫ਼ੀ ਨੁਕਸਾਨ ਉਠਾਉਣਾ ਪਿਆ। ਹੁਣ ਜਦਕਿ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਪੱਕ ਕੇ ਖੇਤਾਂ ਵਿਚ ਖੜ੍ਹੀ ਹੈ। ਇਸ ਦੀ ਕਟਾਈ ਬੇਮੌਸਮੇ ਮੀਂਹ ਨੇ ਕਿਸਾਨਾਂ ਦੇ ਕੰਮ ਵਿਚ ਵਿਘਨ ਪਾ ਦਿੱਤਾ ਹੈ, ਜਿਸ ਕਾਰਨ ਕਿਸਾਨਾਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਹੋਰ ਵੱਧ ਗਈਆਂ ਹਨ।
‘ਜਗ ਬਾਣੀ’ ਦੀ ਟੀਮ ਨੇ ਜਦੋਂ ਦਾਣਾ ਮੰਡੀ ਸੁਲਤਾਨਪੁਰ ਲੋਧੀ ਦਾ ਦੌਰਾ ਕਰਕੇ ਆੜ੍ਹਤੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲਿਫਟਿੰਗ ਦਾ ਕੰਮ ਮੱਠੀ ਰਫਤਾਰ ਨਾਲ ਚੱਲ ਰਿਹਾ ਹੈ, ਜਿਸ ਕਾਰਨ ਮੰਡੀ ਵਿਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਕਾਰਨ ਕਣਕ ਦੀਆਂ ਬੋਰੀਆਂ ’ਚ ਪਾਣੀ ਦਾਖ਼ਲ ਹੋ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਧੀ ਨੇ ਕੈਨੇਡਾ ’ਚ ਕਰਵਾਈ ਬੱਲੇ-ਬੱਲੇ, ਵੱਡੀ ਪ੍ਰਾਪਤੀ ਕੀਤੀ ਹਾਸਲ
ਕਿਸਾਨ ਸੁਖਵਿੰਦਰ ਸਿੰਘ, ਕਿਸਾਨ ਮਨਦੀਪ ਸਿੰਘ, ਅਮਰ ਸਿੰਘ, ਜਗਜੀਤ ਸਿੰਘ, ਸਰਵਣ ਸਿੰਘ, ਸੁਖਪ੍ਰੀਤ ਸਿੰਘ ਨੇ ਕਿਹਾ ਕਿ ਮੰਡੀ ਬੋਰਡ ਦੇ ਦਾਅਵੇ ਸਿਰਫ ਅਖਬਾਰਾਂ ਤੱਕ ਹੀ ਸੀਮਤ ਹਨ, ਅਸਲ ਵਿਚ ਅੱਜ ਪਹਿਲੀ ਵਾਰ ਮੀਂਹ ਨੇ ਮੰਡੀ ਬੋਰਡ ਦੇ ਸਾਰੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਕਿਸਾਨਾਂ ਨੇ ਕਿਹਾ ਕਿ ਅਸੀਂ ਬਹੁਤ ਚਿੰਤਤ ਹਾਂ ਕਿ ਅੱਜ ਸਾਡੀ ਫ਼ਸਲ ਪਾਣੀ ’ਚ ਵਹਿੰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ 6 ਮਹੀਨੇ ਸਖਤ ਮਿਹਨਤ ਕਰਕੇ ਇਹ ਫ਼ਸਲ ਉਗਾਈ ਹੈ ਪਰ ਰੱਬ ਵੀ ਸਾਨੂੰ ਧੋਖਾ ਦੇ ਰਿਹਾ ਹੈ। ਇਸ ਮੌਕੇ ਕਿਸਾਨਾਂ ਨੇ ਮੰਗ ਕੀਤੀ ਕਿ ਮੰਡੀ ’ਚ ਸ਼ੈੱਡ ਦੇ ਪ੍ਰਬੰਧ ਕੀਤੇ ਜਾਣ ਅਤੇ ਲਿਫਟਿੰਗ ’ਚ ਤੇਜ਼ੀ ਲਿਆਂਦੀ ਜਾਵੇ।
ਇਹ ਵੀ ਪੜ੍ਹੋ : ਜਲੰਧਰ ਦੇ ਇਸ ਇਲਾਕੇ 'ਚ ਚੱਲ ਰਿਹੈ ਦੇਹ ਵਪਾਰ ਦਾ ਧੰਦਾ, ਸਟਿੰਗ ਆਪ੍ਰੇਸ਼ਨ ਦੌਰਾਨ ਸਾਹਮਣੇ ਆਈਆਂ ਹੈਰਾਨੀਜਨਕ ਗੱਲਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।