ਭਾਰੀ ਬਾਰਸ਼ ਕਾਰਣ ਸਥਾਨਕ ਰਤਨਪੁਰਾ ’ਚ ਮਕਾਨ ਡਿਗਿਆ
Monday, Aug 19, 2019 - 02:50 AM (IST)

ਫਗਵਾੜਾ, (ਜਲੋਟਾ)- ਫਗਵਾੜਾ ਵਿਚ ਹੋਈ ਭਾਰੀ ਬਾਰਸ਼ ਕਾਰਣ ਸਥਾਨਕ ਰਤਨਪੁਰਾ ਇਲਾਕੇ ਵਿਚ ਸਥਿਤ ਇਕ ਮਕਾਨ ਡਿੱਗ ਗਿਆ। ਕਿਸਮਤ ਨਾਲ ਹਾਦਸੇ ਸਮੇਂ ਘਰ ਵਿਚ 8 ਲੋਕ ਮੌਜੂਦ ਸਨ ਪਰ ਕੋਈ ਵੀ ਜ਼ਖਮੀ ਨਹੀਂ ਹੋਇਆ। ਇਲਾਕੇ ਦੇ ਕਾਂਗਰਸੀ ਕੌਂਸਲਰ ਤਰਨਜੀਤ ਸਿੰਘ ਵਾਲੀਆ ਨੇ ਘਟਨਾ ਸਬੰਧੀ ਦੱਸਿਆ ਕਿ ਜਦੋਂ ਮਕਾਨ ਦਾ ਇਕ ਹਿੱਸਾ ਡਿਗਿਆ ਉਦੋਂ ਪਰਿਵਾਰਕ ਮੈਂਬਰ ਮਕਾਨ ਦੇ ਦੂਜੇ ਹਿੱਸੇ ਵਿਚ ਸਨ।
ਇਸ ਦੌਰਾਨ ਫਗਵਾੜਾ ਵਿਚ ਹੋਈ ਭਾਰੀ ਵਰਖਾ ਕਾਰਣ ਇਕ ਵਾਰ ਫਿਰ ਸ਼ਹਿਰ ਦੇ ਦਸਮੇਸ਼ ਨਗਰ ਸਣੇ ਕਈ ਹੋਰ ਹਿੱਸਿਆਂ ਵਿਚ ਪਾਣੀ ਨੱਕੋ-ਨੱਕ ਭਰ ਗਿਆ ਜਿਸ ਕਾਰਣ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਫਗਵਾੜਾ ਵਿਚ ਹਰ ਵਾਰ ਭਾਰੀ ਬਾਰਸ਼ ਕਾਰਣ ਲੋਕਾਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ ਪਰ ਸਾਡੇ ਸਿਆਸੀ ਨੇਤਾਵਾਂ ਨੂੰ ਜਨਤਾ ਦਾ ਇਹ ਦਰਦ ਨਾ ਦਿਖਾਈ ਦਿੰਦਾ ਹੈ ਅਤੇ ਨਾ ਹੀ ਹਾਲਾਤ ਦਾ ਜਾਇਜ਼ਾ ਲੈਣ ਦੀ ਫੁਰਸਤ ਹੁੰਦੀ ਹੈ। ਸਾਡੇ ਸਿਆਸੀ ਨੇਤਾ ਸਿਰਫ ਚੋਣਾਂ ਦੇ ਵਿਕਾਸ ਹੋ ਰਿਹਾ ਹੈ, ਵਿਕਾਸ ਕਰਵਾ ਦੇਵਾਂਗੇ ਆਦਿ ਲੋਕ ਲੁਭਾਉਣੀਆਂ ਗੱਲਾਂ ਕਰ ਕੇ ਚਲੇ ਜਾਂਦੇ ਹਨ ਅਤੇ ਆਮ ਜਨਤਾ ਦੀਆਂ ਸਮੱਸਿਆਵਾਂ ਇਸੇ ਤਰ੍ਹਾਂ ਬਣੀਆਂ ਰਹਿੰਦੀਆਂ ਹਨ।