ਸ੍ਰੀ ਅਨੰਦਪੁਰ ਸਾਹਿਬ ''ਚ 36 ਕਰੋੜ ਦੇ ਵਿਕਾਸ ਪ੍ਰਾਜੈਕਟ ਸਮੁੱਚੀ ਲੋਕਾਈ ਨੂੰ ਸਮਰਪਿਤ ਹੋਏ: ਹਰਜੋਤ ਸਿੰਘ ਬੈਂਸ

Thursday, Mar 14, 2024 - 12:40 PM (IST)

ਸ੍ਰੀ ਅਨੰਦਪੁਰ ਸਾਹਿਬ ''ਚ 36 ਕਰੋੜ ਦੇ ਵਿਕਾਸ ਪ੍ਰਾਜੈਕਟ ਸਮੁੱਚੀ ਲੋਕਾਈ ਨੂੰ ਸਮਰਪਿਤ ਹੋਏ: ਹਰਜੋਤ ਸਿੰਘ ਬੈਂਸ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)-ਸੈਰ-ਸਪਾਟਾ ਸਿਰਫ਼ ਇਕ ਉਦਯੋਗ ਨਹੀਂ ਹੈ, ਬਲਕਿ ਇਹ ਸਾਡੀ ਵਿਰਾਸਤ ਦਾ ਇਕ ਝਰੋਖਾ ਵੀ ਹੈ ਅਤੇ ਸਾਡੀ ਪ੍ਰਾਹੁਣਚਾਰੀ ਦਾ ਪ੍ਰਮਾਣ ਵੀ ਹੈ। ਧਾਰਮਿਕ ਸੈਰ ਸਪਾਟਾ ਦੇ ਮਾਨਚਿੱਤਰ ’ਤੇ ਪੰਜਾਬ ਰਾਜ ਦੁਨੀਆ ਭਰ ਵਿਚ ਪਹਿਲਾਂ ਹੀ ਇਕ ਖ਼ਾਸ ਸਥਾਨ ਰੱਖਦਾ ਹੈ ਪਰ ਪੰਜਾਬ ਰਾਜ ਨੂੰ ਕੁਦਰਤ ਵੱਲੋਂ ਬਖ਼ਸ਼ੀ ਖ਼ੂਬਸੂਰਤੀ ਤੋਂ ਦੇਸ਼ ਦੁਨੀਆ ਦੇ ਲੋਕ ਬੇਖਬਰ ਹਨ, ਵਿਸ਼ਵ ਅੱਗੇ ਪੰਜਾਬ ਦੀਆਂ ਹੁਣ ਤੱਕ ਅਣਛੋਹੀਆਂ ਰਹੀਆਂ ਸੰਭਾਵਨਾਵਾਂ ਨੂੰ ਵੀ ਉਜਾਗਰ ਕਰਾਂਗੇ ਜੋਕਿ ਸਾਡੇ ਅਮੀਰ ਵਿਰਸੇ ਅਤੇ ਪ੍ਰਾਹੁਣਚਾਰੀ ਦੀ ਭਾਵਨਾ ਨੂੰ ਵੀ ਦਰਸਾਉਂਦੀਆਂ ਹਨ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਵਦੇਸ਼ ਦਰਸ਼ਨ ਸਕੀਮ ਅਤੇ ਏ. ਸੀ. 16 ਸਕੀਮ ਅਧੀਨ ਲਗਭਗ 36 ਕਰੋੜ ਰੁਪਏ ਦੇ ਪ੍ਰਾਜੈਕਟ ਲੋਕ ਅਰਪਣ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਸਨ। ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਦੱਸਿਆ ਕਿ 16 ਕਰੋੜ ਰੁਪਏ ਦੀ ਲਾਗਤ ਨਾਲ ਭਾਈ ਜੈਤਾ ਜੀ ਯਾਦਗਾਰ ਵਿਚ ਉਸਾਰੀ ਕੀਤੀ ਗਈ ਹੈ, ਜਿਸ ਭਾਈ ਜੈਤਾ ਜੀ ਦੇ ਜੀਵਨ ਦੇ ਸਫ਼ਰ ਬਾਰੇ ਵਿਸਥਾਰ ਪੂਰਵਕ ਸਮੁੱਚੀ ਲੋਕਾਈ ਨੂੰ ਦਰਸਾਇਆ ਜਾਵੇਗਾ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਉਜਾਗਰ ਕੀਤਾ ਜਾਵੇਗਾ, ਇਸ ਦੇ ਵਿਚ ਸਟੇਨਲੈੱਸ ਸਟੀਲ ਦਾ ਖੰਡਾ ਸਥਾਪਤ ਕੀਤਾ ਗਿਆ ਹੈ, ਜਿਸ ਦੀ ਉੱਚਾਈ 57 ਫੁੱਟ ਹੈ ਅਤੇ ਇਹ ਜ਼ਮੀਨੀ ਪੱਧਰ ਤੋਂ 81 ਫੁੱਟ ਉੱਚਾ ਹੈ।

ਇਹ ਵੀ ਪੜ੍ਹੋ: ਇੰਸਟਾਗ੍ਰਾਮ ਦੀ ਫੇਕ ID ਬਣਾ ਕੁੜੀ ਨੂੰ ਭੇਜੀਆਂ ਅਸ਼ਲੀਲ ਤਸਵੀਰਾਂ ਤੇ ਮੈਸੇਜ, ਫਿਰ ਕੀਤਾ ਸ਼ਰਮਨਾਕ ਕਾਰਾ

ਇਸ ਖੰਡੇ ਦਾ ਭਾਰ 32 ਮੀਟ੍ਰਿਕ ਟਨ ਹੈ। ਇਸ ਮੌਕੇ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਪੰਜਾਬ ਨੇ ਹਲਕੇ ਵਿਚ ਮੁਕੰਮਲ ਹੋ ਕੇ ਲੋਕ ਅਰਪਣ ਹੋਏ ਅਤੇ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਚ ਲਗਭਗ 36 ਕਰੋਡ਼ ਰੁਪਏ ਦੇ ਵਿਕਾਸ ਦੇ ਪ੍ਰਾਜੈਕਟ ਲੋਕ ਅਰਪਣ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ 16 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਨੇਚਰ ਪਾਰਕ ਲੋਕ ਅਰਪਣ ਕੀਤਾ ਹੈ, ਜਿਸ ਵਿਚ ਸਾਰੇ ਪੌਦੇ ਅਤੇ ਬੂਟੇ ਉਸ ਕਿਸਮ ਦੇ ਲਗਾਏ ਗਏ ਹਨ, ਜਿਨ੍ਹਾਂ ਦਾ ਗੁਰਬਾਣੀ ਵਿਚ ਵਰਨਣ ਹੈ ਅਤੇ ਇਨ੍ਹਾਂ ਰੁੱਖਾਂ ਦੀ ਮਨੁੱਖੀ ਜੀਵਨ ਵਿਚ ਵਿਸੇਸ਼ ਮਹੱਤਤਾ ਹੈ।

ਸ਼੍ਰੋਮਣੀ ਸ਼ਹੀਦ ਭਾਈ ਜੈਤਾ ਜੀ (ਭਾਈ ਜੀਵਨ ਸਿੰਘ ਜੀ) ਦੀ ਯਾਦਗਾਰ ਨੂੰ ਵੀ ਲੋਕ ਅਰਪਣ ਕਰ ਦਿੱਤਾ ਹੈ, ਇਹ ਯਾਦਗਾਰ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਲਈ ਬੇਹੱਦ ਆਕਰਸ਼ਣ ਦਾ ਕੇਂਦਰ ਬਣੇਗੀ, ਇਸ ਵਿਚ ਬਣਨ ਵਾਲਿਆਂ ਪੰਜ ਗੈਲਰੀਆਂ ਵਿੱਚ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ ਜੀ) ਦੇ ਸਮੁੱਚੇ ਜੀਵਨ ਅਤੇ ਉਨ੍ਹਾਂ ਦੀ ਸ਼ਹਾਦਤ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਣ ਦੇ ਪ੍ਰਬੰਧ ਕੀਤੇ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ 5.92 ਕਰੋੜ ਰੁਪਏ ਦੀ ਲਾਗਤ ਨਾਲ ਯਾਤਰੀ ਸੂਚਨਾ ਕੇਂਦਰ ਦੀ ਇਮਾਰਤ ਤਿਆਰ ਕੀਤੀ ਗਈ ਹੈ।

ਇਹ ਵੀ ਪੜ੍ਹੋ:ਹਲਵਾਈ ਦੀ ਬਦਲੀ ਰਾਤੋ-ਰਾਤ ਕਿਸਮਤ, ਬਣਿਆ ਕਰੋੜਪਤੀ

ਇਸ ਸਮੇਂ ਹਰਜੋਤ ਬੈਂਸ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਇਸ ਦੇ ਲਈ 25 ਕਰੋੜ ਰੁਪਏ ਦਾ ਪ੍ਰਾਜੈਕਟ ਮਨਜ਼ੂਰ ਕੀਤਾ ਹੈ, ਜਿਸ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਮੁੱਖ ਮਾਰਗ ਤੱਕ ਵਾਈਟ ਮਾਰਬਲ ਦੀ ਫਲੋਰਿੰਗ ਕਰਵਾਈ ਜਾਵੇਗੀ, ਜਿਸ ਉੱਤੇ 25 ਕਰੋੜ ਰੁਪਏ ਦੀ ਰਸਮੀ ਪ੍ਰਵਾਨਗੀ ਹੋ ਚੁੱਕੀ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਬਾਈਪਾਸ ਬਣਾਉਣ ਦੀ ਯੋਜਨਾ ਹੈ ਤਾਂ ਜੋ ਹੋਲਾ-ਮਹੱਲਾ ਮੌਕੇ ਸ਼ਰਧਾਲੂਆਂ ਨੂੰ ਆਵਾਜਾਈ ਸਬੰਧੀ ਕਿਸੇ ਵੀ ਤਰਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਮੌਕੇ ਏ. ਡੀ. ਸੀ. ਵਿਕਾਸ ਸੰਜੀਵ ਕੁਮਾਰ, ਰਾਜਪਾਲ ਸਿੰਘ ਸੇਖੋ ਉਪ ਮੰਡਲ ਮੈਜਿਸਟ੍ਰੇਟ, ਬੀ. ਐੱਸ.ਚਾਨਾ ਸੁਪਰਡੈਂਟ ਇੰਜੀਨੀਅਰ ਟੂਰਿਜਮ, ਅਜੇ ਸਿੰਘ ਡੀ. ਐੱਸ. ਪੀ., ਸੰਦੀਪ ਕੁਮਾਰ ਤਹਿਸੀਲਦਾਰ, ਵਿਕਾਸ ਦੀਪ ਨਾਇਬ ਤਹਿਸੀਲਦਾਰ, ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ, ਡਾ. ਸੰਜੀਵ ਗੌਤਮ ਮੈਂਬਰ ਮੈਡੀਕਲ ਕੌਂਸਲ ਪੰਜਾਬ, ਕਮਿੱਕਰ ਸਿੰਘ, ਦੀਪਕ ਸੋਨੀ, ਵਪਾਰ ਵਿੰਗ ਦੇ ਜ਼ਿਲਾ ਜਸਵੀਰ ਸਿੰਘ ਅਰੋੜਾ,ਗੁਰਮੀਤ ਸਿੰਘ ਕਲੋਤਾ, ਕੈਪਟਨ ਗੁਰਨਾਮ ਸਿੰਘ, ਰਾਜਪਾਲ ਮੋਹੀਵਾਲ, ਸੋਹਣ ਸਿੰਘ ਨਿੱਕੂਵਾਲ, ਊਸ਼ਾ ਰਾਣੀ, ਸੁਨੀਲ ਅਡਵਾਲ ਅਤੇ ਹੋਰ ਉੱਚ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।

ਇਹ ਵੀ ਪੜ੍ਹੋ: ਪਿਆਕੜਾਂ ਲਈ ਅਹਿਮ ਖ਼ਬਰ, ਰਾਤ 12 ਵਜੇ ਤਕ ਵਿਕੇਗੀ ਸ਼ਰਾਬ, ਇੰਝ ਨਿਕਲਣਗੇ ਠੇਕੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News