ਸ਼ੱਕੀ ਹਾਲਾਤ ’ਚ ਨੌਜਵਾਨ ਦੀ ਮੌਤ, ਪਰਿਵਾਰ ਨੇ ਪਤਨੀ ਤੇ ਉਸ ਦੇ ਪਰਿਵਾਰ ’ਤੇ ਲਾਏ ਕਤਲ ਦੇ ਦੋਸ਼

06/09/2023 12:38:35 PM

ਗੋਰਾਇਆ (ਮੁਨੀਸ਼)-ਥਾਣਾ ਗੋਰਾਇਆ ਦੇ ਪਿੰਡ ਮਾਹਲ ਦੇ 32 ਸਾਲਾ ਸ਼ੇਰ ਸਿੰਘ ਪੁੱਤਰ ਅਮਰ ਸਿੰਘ ਦੀ 6 ਜੂਨ ਨੂੰ ਮੌਤ ਹੋ ਗਈ ਸੀ। ਇਸ ਬਾਰੇ ਉਸ ਦੇ ਭਰਾ ਕੁਲਦੀਪ ਸਿੰਘ ਅਤੇ ਮਾਤਾ ਮਨਜੀਤ ਕੌਰ ਉਰਫ਼ ਜਾਨਤੀ ਨੇ ਦੋਸ਼ ਲਾਏ ਹਨ ਕਿ ਸ਼ੇਰ ਸਿੰਘ ਦੀ ਪਤਨੀ ਜਸਵੀਰ ਕੌਰ ਨੇ ਆਪਣੇ ਪੇਕੇ ਪਰਿਵਾਰ ਨਾਲ ਮਿਲ ਕੇ ਸ਼ੇਰ ਸਿੰਘ ਨੂੰ ਜ਼ਹਿਰੀਲੀ ਦਵਾਈ ਪਿਲਾ ਕੇ ਤੇ ਕੁੱਟਮਾਰ ਕਰਕੇ ਉਸ ਦਾ ਕਤਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼ੇਰ ਸਿੰਘ ਅਤੇ ਜਸਵੀਰ ਕੌਰ ਦਾ ਵਿਆਹ ਕਰੀਬ 10 ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦੇ ਇਕ ਬੱਚਾ ਵੀ ਹੈ ਅਤੇ ਹੁਣ ਜਸਵੀਰ ਕੌਰ ਸ਼ੇਰ ਸਿੰਘ ਦੋਨਾਂ ਵਿਚਕਾਰ ਅਣਬਣ ਚੱਲ ਰਹੀ ਸੀ।

ਸ਼ੇਰ ਸਿੰਘ ਆਪਣੇ ਪਿੰਡ ਮਾਹਲ ਵਿਖੇ ਰਹਿ ਰਿਹਾ ਸੀ ਜਦਕਿ ਜਸਵੀਰ ਕੌਰ ਹੁਣ ਪੱਦੀ ਜਗੀਰ ਵਿਖੇ ਰਹਿ ਰਹੀ ਸੀ। ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਮਿਤੀ 5 ਜੂਨ ਰਾਤ ਨੂੰ ਸ਼ੇਰ ਸਿੰਘ ਆਪਣੇ ਬੱਚੇ ਨੂੰ ਵੇਖਣ ਲਈ ਆਪਣੀ ਪਤਨੀ ਦੇ ਪਿੰਡ ਪੱਦੀ ਜਗੀਰ ਵਿਖੇ ਸਾਈਕਲ ’ਤੇ ਗਿਆ ਸੀ, ਜਿੱਥੇ ਉਸ ਨਾਲ ਭਾਰੀ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਜ਼ਹਿਰੀਲੀ ਦਵਾਈ ਪਿਲਾ ਦਿੱਤੀ ਗਈ। ਮ੍ਰਿਤਕ ਸ਼ੇਰ ਸਿੰਘ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਪੱਦੀ ਜਗੀਰ ਪਿੰਡ ਪਹੁੰਚਿਆ ਤਾਂ ਉਸ ਦਾ ਭਰਾ ਚੌਂਕ ’ਚ ਸੁੱਟਿਆ ਗਿਆ ਸੀ, ਜਿਸ ਦੇ ਸਿਰ ’ਚੋਂ ਬਹੁਤ ਜ਼ਿਆਦਾ ਖ਼ੂਨ ਵਗ ਰਿਹਾ ਸੀ। ਉਸ ਨੂੰ ਪਹਿਲਾਂ ਸਿਵਲ ਹਸਪਤਾਲ ਬੜਾ ਪਿੰਡ ਵਿਖੇ ਲਿਜਾਇਆ ਗਿਆ, ਜਿੱਥੋਂ ਉਸ ਨੂੰ ਜਲੰਧਰ ਵਿਖੇ ਰੈਫਰ ਕੀਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ-ਭਾਰੀ ਮੀਂਹ ਮਗਰੋਂ ਗਰਮੀ ਕੱਢਾਉਣ ਲੱਗੀ ਵੱਟ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ

PunjabKesari

ਕੁਲਦੀਪ ਨੇ ਕਿਹਾ ਕਿ ਉਸ ਦੀ ਭਰਜਾਈ ਉਸ ਦੇ ਭਰਾ ਕੋਲੋ 5 ਲੱਖ ਰੁਪਏ ਮੰਗ ਰਹੀ ਸੀ, ਜਿਸ ਕਰਕੇ ਇਨ੍ਹਾਂ ’ਚ ਝਗੜਾ ਰਹਿੰਦਾ ਸੀ। ਇਸ ਬਾਰੇ ਪੱਦੀ ਜਗੀਰ ਦੇ ਵਾਰਡ ਨੰਬਰ 02 ਦੇ ਪੰਚ ਮਨੋਹਰ ਲਾਲ ਅਤੇ ਉਕਤ ਮੁਹੱਲਾ ਨਿਵਾਸੀਆਂ ਵੱਲੋਂ ਵੀ ਉਸ ਰਾਤ ਲੜਾਈ ਝਗੜਾ ਹੋਣ ਤੇ ਕੁੱਟਮਾਰ ਕੀਤੇ ਜਾਣ ਦੇ ਦੋਸ਼ ਲਾਏ ਗਏ, ਜਿਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਸ਼ੇਰ ਸਿੰਘ ਦੇ ਸਿਰ ’ਚੋਂ ਬਹੁਤ ਜ਼ਿਆਦਾ ਖੂਨ ਵਗ ਰਿਹਾ ਸੀ, ਜਿਸ ਨਾਲ ਕਈ ਘਰਾਂ ਦੇ ਗੇਟਾਂ ਮੂਹਰੇ ਕਈ ਦਿਨ ਖੂਨ ਦੇ ਨਿਸ਼ਾਨ ਲੱਗੇ ਰਹੇ, ਜਿਸ ਬਾਰੇ ਪੁਲਸ ਵੱਲੋਂ ਕੋਈ ਵੀ ਇਨਕੁਆਰੀ ਨਹੀਂ ਕੀਤੀ ਗਈ ਤੇ ਨਾ ਹੀ ਅਜੇ ਤੱਕ ਮੁਹੱਲਾ ਨਿਵਾਸੀਆਂ ਤੋਂ ਕੋਈ ਪੁੱਛਗਿੱਛ ਕੀਤੀ ਗਈ ਹੈ।

ਉੱਧਰ ਇਸ ਬਾਰੇ ਜਦੋਂ ਸ਼ੇਰ ਸਿੰਘ ਦੀ ਪਤਨੀ ਜਸਵੀਰ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਸ ਦਾ ਪਤੀ ਉਸ ਨਾਲ ਕੁੱਟਮਾਰ ਕਰਦਾ ਸੀ ਉਸ ਦੇ ਪਤੀ ਨੂੰ ਵਿਦੇਸ਼ ਭੇਜਣ ਲਈ ਉਸ ਦੇ ਪੇਕੇ ਪਰਿਵਾਰ ਨੇ ਪੈਸੇ ਦਿੱਤੇ ਸਨ ਪਰ ਇਹ ਵਿਦੇਸ਼ ਤੋਂ ਵਾਪਸ ਆ ਗਿਆ, ਜਿਸ ਤੋਂ ਦੁਖ਼ੀ ਹੋ ਕੇ ਉਹ ਆਪਣੇ ਪੇਕਿਆਂ ਕੋਲ ਰਹਿ ਰਹੀ ਹੈ। ਉਹ ਪਹਿਲਾਂ ਵੀ ਆਪਣੇ ਪੁੱਤਰ ਨੂੰ ਮਿਲਣ ਆ ਜਾਇਆ ਕਰਦਾ ਸੀ। ਉਸ ਰਾਤ ਉਸ ਨੇ ਆਪ ਹੀ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕੀਤੀ ਹੈ। ਇਸ ਸਬੰਧੀ ਐੱਸ. ਐੱਚ. ਓ. ਗੋਰਾਇਆ ਸੁਰਿੰਦਰ ਕੁਮਾਰ ਨੇ ਕਿਹਾ ਕਿ ਇਸ ਮਾਮਲੇ ’ਚ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਜੋ ਵੀ ਰਿਪੋਰਟ ਸਾਹਮਣੇ ਆਵੇਗੀ ਉਸ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਡਾਕਟਰਾਂ ਦੇ ਬੋਰਡ ਤੋਂ ਕਰਵਾ ਦਿੱਤਾ ਗਿਆ ਹੈ ਅਤੇ ਉਸ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਖੰਨਾ 'ਚ ਪ੍ਰੇਮੀ ਨੇ ਡਾਂਸਰ ਪ੍ਰੇਮਿਕਾ ਦੇ ਘਰ ਕੀਤੀ ਖ਼ੁਦਕੁਸ਼ੀ, ਫਿਰ ਪ੍ਰੇਮਿਕਾ ਨੇ ਕੀਤਾ ਲੂ ਕੰਡੇ ਕਰ ਦੇਣ ਵਾਲਾ ਕਾਰਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News