ਟਰੱਕ ਦੀ ਲਪੇਟ ''ਚ ਆਉਣ ਨਾਲ 2 ਵਿਅਕਤੀਆਂ ਦੀ ਮੌਤ

09/30/2019 7:39:59 PM

ਸ੍ਰੀ ਕੀਰਤਪੁਰ ਸਾਹਿਬ, (ਬਾਲੀ)— ਬੀਤੀ ਰਾਤ ਰੂਪਨਗਰ-ਸ੍ਰੀ ਕੀਰਤਪੁਰ ਸਾਹਿਬ ਕੌਮੀ ਮਾਰਗ ਤੇ ਬੜਾ ਪਿੰਡ ਦਿਲਬਾਗ ਢਾਬੇ ਦੇ ਸਾਹਮਣੇ ਇਕ ਟਰੱਕ ਦੀ ਲਪੇਟ 'ਚ ਮੋਟਰਸਾਈਕਲ ਆਉਣ ਕਾਰਨ ਉਸ 'ਤੇ ਸਵਾਰ 2 ਵਿਅਕਤੀਆਂ ਦੀ ਮੌਤ ਹੋਣ ਤੇ ਇਕ ਵਿਅਕਤੀ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਸਬੰਧੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ.ਐੱਚ.ਓ ਸੰਨ੍ਹੀ ਖੰਨਾ ਨੇ ਦੱਸਿਆ ਕਿ ਮ੍ਰਿਤਕ ਵਿਅਕਤੀਆਂ ਦੀ ਪਛਾਣ ਅਸ਼ਵਨੀ ਕੁਮਾਰ (53) ਪੁੱਤਰ ਨਿੱਕਾ ਰਾਮ ਵਾਸੀ ਪਿੰਡ ਕਲਿੱਤਰਾਂ ਥਾਣਾ ਨੰਗਲ ਅਤੇ ਗੁਰਨਿੰਦਰ ਸਿੰਘ (28) ਪੁੱਤਰ ਰਾਮ ਕਿਸ਼ਨ ਵਾਸੀ ਪਿੰਡ ਗਰਦਲਾ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਜੋਂ ਹੋਈ ਹੈ ਜਦਕਿ ਜ਼ਖਮੀ ਵਿਅਕਤੀ ਦੀ ਪਛਾਣ ਰਾਮ ਕਿਸ਼ਨ ਪੁੱਤਰ ਢੇਰੂ ਰਾਮ ਵਾਸੀ ਪਿੰਡ ਗਰਦਲਾ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਰਾਮ ਕਿਸ਼ਨ ਤੇ ਅਸ਼ਵਨੀ ਕੁਮਾਰ ਦੋਵੇਂ ਥਰਮਲ ਪਲਾਟ 'ਚ ਨੌਕਰੀ ਕਰਦੇ ਸਨ, ਤੇ ਅੱਜ ਉਹ ਆਪਣੇ ਸਾਥੀ ਦੀ ਵਿਦਾਇਗੀ ਪਾਰਟੀ ਵਿਚ ਸ਼ਾਮਿਲ ਹੋਣ ਲਈ ਉਸਦੇ ਘਰ ਬੜਾ ਪਿੰਡ ਆਏ ਹੋਏ ਸਨ। ਦੇਰ ਸ਼ਾਮ ਰਾਮ ਕਿਸ਼ਨ ਨੇ ਆਪਣੇ ਪੁੱਤਰ ਗੁਰਨਿੰਦਰ ਸਿੰਘ ਨੂੰ ਫੋਨ ਕਰਕੇ ਉਸ ਨੂੰ ਪਾਰਟੀ ਤੋਂ ਘਰ ਲਿਜਾਉਣ ਲਈ ਕਿਹਾ ਜਦੋਂ ਗੁਰਨਿੰਦਰ ਸਿੰਘ ਆਪਣੇ ਪਿਤਾ ਰਾਮ ਕਿਸ਼ਨ ਨੂੰ ਲੈਣ ਲਈ ਮੋਟਰਸਾਈਕਲ 'ਤੇ ਸਵਾਰ ਹੋ ਕੇ ਬੜਾ ਪਿੰਡ ਗਿਆ ਤਾਂ ਰਾਮ ਕਿਸ਼ਨ ਦੇ ਨਾਲ ਹੀ ਅਸ਼ਵਨੀ ਕੁਮਾਰ ਵੀ ਮੋਟਰਸਾਈਕਲ 'ਤੇ ਸਵਾਰ ਹੋ ਗਿਆ। ਜਦੋਂ ਉਹ ਕੌਮੀ ਮਾਰਗ 'ਤੇ ਆਪਣੇ ਪਿੰਡ ਗਰਦਲੇ ਨੂੰ ਜਾਣ ਲਈ ਆਪਣੀ ਸਾਈਡ ਮੁੜੇ ਤਾਂ ਪਿੱਛੋਂ ਰੂਪਨਗਰ ਦੀ ਸਾਈਡ ਤੋਂ ਆ ਰਹੇ ਟਰੱਕ ਦੀ ਲਪੇਟ 'ਚ ਮੋਟਰਸਾਈਕਲ ਆ ਗਿਆ । ਜਿਸ ਕਾਰਨ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਪਹਿਲਾਂ ਸੀ.ਐਚ.ਸੀ ਭਰਤਗੜ੍ਹ ਲਿਜਾਇਆ ਗਿਆ। ਅਸ਼ਵਨੀ ਕੁਮਾਰ ਤੇ ਗੁਰਨਿੰਦਰ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਰੂਪਨਗਰ ਰੈਫਰ ਕਰ ਦਿੱਤਾ ਗਿਆ। ਜਿਥੇ ਗੁਰਨਿੰਦਰ ਸਿੰਘ ਦੀ ਮੌਤ ਹੋ ਗਈ, ਜਦਕਿ ਗੰਭੀਰ ਜ਼ਖਮੀ ਅਸ਼ਵਨੀ ਕੁਮਾਰ ਦੀ ਪੀ.ਜੀ.ਆਈ ਚੰਡੀਗੜ੍ਹ ਲਿਜਾਂਦੇ ਸਮੇਂ ਰਸਤੇ 'ਚ ਮੌਤ ਹੋ ਗਈ। ਪੁਲਸ ਨੇ ਟਰੱਕ ਚਾਲਕ ਹੇਮ ਰਾਜ ਪੁੱਤਰ ਜਿੰਦੂ ਰਾਮ ਵਾਸੀ ਹਮੀਰਪੁਰ(ਹਿ.ਪ੍ਰ) ਦੇ ਖਿਲਾਫ ਮਾਮਲਾ ਦਰਜ ਕਰਕੇ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ।
 


KamalJeet Singh

Content Editor

Related News