ਫਰਾਰ ਹੋਏ ਮੁਲਜ਼ਮ ਨੂੰ ਫੜਨ ਲਈ ਗਈ ਪੁਲਸ ਟੀਮ ਤੇ ਹਮਲਾ, 2 ਮੁਲਜ਼ਮ ਗ੍ਰਿਫਤਾਰ

01/06/2020 4:25:59 PM

ਕਪੂਰਥਲਾ (ਭੂਸ਼ਣ)— ਕਪੂਰਥਲਾ ਫੱਤੂਢੀਂਗਾ ਮਾਰਗ ਉੱਤੇ ਨਾਕਾਬੰਦੀ ਦੌਰਾਨ ਖੜ੍ਹੀ ਪੁਲਸ ਵੱਲੋਂ ਰੋਕਣ 'ਤੇ ਫਰਾਰ ਹੋਏ ਇਕ ਸਮੱਗਲਰ ਨੇ ਆਪਣੇ ਘਰ 'ਚ ਛਾਪੇਮਾਰੀ ਕਰਨ ਆਈ ਪੁਲਸ ਟੀਮ 'ਤੇ 12 ਹੋਰ ਸਾਥੀਆਂ ਦੇ ਨਾਲ ਕਾਤਲਾਨਾ ਹਮਲਾ ਕਰ ਦਿੱਤਾ। ਇਸ ਦੇ ਨਾਲ ਹੀ ਪੁਲਸ ਟੀਮ ਨੂੰ ਘੇਰ ਕੇ ਡਿਊਟੀ 'ਚ ਰੁਕਾਵਟ ਪਾਈ, ਜਿਸ ਦੌਰਾਨ ਮੌਕੇ 'ਤੇ ਪਹੁੰਚੀ ਪੁਲਸ ਟੀਮ ਨੇ ਜਿੱਥੇ 2 ਮੁਲਜ਼ਮਾ ਨੂੰ ਕਾਬੂ ਕਰ ਲਿਆ, ਉਥੇ ਹੀ 11 ਹੋਰ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਇਨ੍ਹਾਂ ਦੀ ਤਲਾਸ਼ 'ਚ ਛਾਪੇਮਾਰੀ ਜਾਰੀ ਹੈ। ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਸਾਰੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ।

ਜਾਣਕਾਰੀ ਅਨੁਸਾਰ ਕਾਂਸਟੇਬਲ ਕੁਲਦੀਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਕਵਾਰਟਰ ਨੰਬਰ 58 ਥਾਣਾ ਸਦਰ ਕਪੂਰਥਲਾ ਨੇ ਥਾਣਾ ਕੋਤਵਾਲੀ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਹ ਥਾਣਾ ਕਪੂਰਥਲਾ 'ਚ ਤਾਇਨਾਤ ਹੈ। ਬੀਤੀ ਰਾਤ ਸੀਨੀਅਰ ਪੁਲਸ ਅਫਸਰਾਂ ਦੇ ਹੁਕਮਾਂ 'ਤੇ ਬਣੀ ਇਕ ਵਿਸ਼ੇਸ਼ ਟੀਮ ਹੈਰੋਇਨ, ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਸ਼ਰਾਬ ਬ੍ਰਾਮਦਗੀ ਦੇ ਸਬੰਧ 'ਚ ਕਪੂਰਥਲਾ ਸਬ ਡਿਵੀਜ਼ਨ ਦੇ ਵੱਖ-ਵੱਖ ਪਿੰਡਾਂ 'ਚ ਨਿਕਲੀ ਸੀ। ਜਿਸ ਦੌਰਾਨ ਜਦੋਂ ਉਕਤ ਪੁਲਸ ਟੀਮ ਨੇ ਪਿੰਡ ਨਵਾਂ ਪਿੰਡ ਭੱਠਾ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਤਾਂ ਸਕੂਟਰੀ 'ਤੇ ਸਵਾਰ ਇਕ ਵਿਅਕਤੀ ਜੋ ਕਿ ਨਾਜਾਇਜ਼ ਸ਼ਰਾਬ ਦੀ ਵੱਡੀ ਕੇਨੀ ਦੇ ਨਾਲ ਲੈਸ ਸੀ, ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਇਸ ਦੌਰਾਨ ਪੁਲਸ ਟੀਮ ਨੂੰ ਚਕਮਾ ਦੇ ਕੇ ਮੁਲਜ਼ਮ ਮੌਕੇ ਤੋਂ ਭੱਜ ਨਿਕਲਿਆ।

ਜਦੋਂ ਮੁਲਜ਼ਮ ਦਾ ਪਿੱਛਾ ਕੀਤਾ ਗਿਆ ਤਾਂ ਉਹ ਪਿੰਡ ਨਵਾਂ ਪਿੰਡ ਭੱਠਾ 'ਚ ਸਥਿਤ ਆਪਣੇ ਘਰ ਚਲਾ ਗਿਆ ਅਤੇ ਉਸ ਨੇ ਰੌਲਾ ਪਾ ਕੇ ਆਸ-ਪਾਸ ਦੇ ਲੋਕਾਂ ਨੂੰ ਇਕੱਠਾ ਕਰ ਲਿਆ, ਜਿਸ ਦੌਰਾਨ ਪਛਾਣ 'ਚ ਆਏ ਮੁਲਜ਼ਮ ਅਜੀਤ ਸਿੰਘ ਉਰਫ ਜਿੱਤਾ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਨਵਾਂ ਪਿੰਡ ਭੱਠਾ ਨੇ ਪਲਾਸਟਿਕ ਦੀ ਕੇਨੀ 'ਚ ਪਈ ਸ਼ਰਾਬ ਨੂੰ ਜ਼ਮੀਨ 'ਚ ਸੁੱਟ ਦਿੱਤਾ ਅਤੇ ਆਪਣੇ 12 ਹੋਰ ਸਾਥੀਆਂ ਨਾਲ ਪੁਲਸ ਟੀਮ ਨੂੰ ਜ਼ਬਰਦਸਤੀ ਘੇਰ ਲਿਆ ਅਤੇ ਗਾਲੀ ਗਲੋਚ ਦੇ ਨਾਲ-ਨਾਲ ਧਮਕੀਆਂ ਦਿੱਤੀਆਂ। ਕਾਂਸਟੇਬਲ ਕੁਲਦੀਪ ਸਿੰਘ ਦੀ ਸੂਚਨਾ 'ਤੇ ਮੌਕੇ 'ਤੇ ਪੁੱਜੇ ਐੱਸ. ਐੱਚ. ਓ. ਕੋਤਵਾਲੀ ਇੰਸਪੈਕਟਰ ਨਵਦੀਪ ਸਿੰਘ ਦੀ ਅਗਵਾਈ 'ਚ ਪੁਲਸ ਨੇ ਛਾਪੇਮਾਰੀ ਕਰਕੇ ਸੁਖਜਿੰਦਰ ਸਿੰਘ ਉਰਫ ਸਾਬੀ ਪੁੱਤਰ ਬਲਬੀਰ ਸਿੰਘ ਅਤੇ ਅਮਰਜੀਤ ਸਿੰਘ ਉਰਫ ਭੋਲਾ ਪੁੱਤਰ ਗੁਰਦੀਪ ਸਿੰਘ ਨੂੰ ਕਾਬੂ ਕਰ ਲਿਆ ਜਦਕਿ ਇਸ ਦੌਰਾਨ ਮੁਲਜ਼ਮ ਅਜੀਤ ਸਿੰਘ ਉਰਫ ਜਿੱਤਾ ਪੁੱਤਰ ਗੁਰਦੀਪ ਸਿੰਘ, ਮਹਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ, ਦਵਿੰਦਰ ਸਿੰਘ ਪੁੱਤਰ ਅਜੀਤ ਸਿੰਘ, ਜਸਵਿੰਦਰ ਉਰਫ ਰੱਜੀ ਪੁੱਤਰੀ ਬਲਬੀਰ ਸਿੰਘ, ਸਤਨਾਮ ਕੌਰ ਪਤਨੀ ਗੁਰਦੀਪ ਸਿੰਘ, ਸਾਬੀ ਪੁੱਤਰ ਜਸਵੰਤ ਸਿੰਘ, ਰਾਜਾ ਪੁੱਤਰ ਜਸਵੰਤ ਸਿੰਘ, ਬਲਵਿੰਦਰ ਕੌਰ ਪਤਨੀ ਅਜੀਤ ਸਿੰਘ ਅਤੇ ਕਾਲੋਂ ਪਤਨੀ ਮਹਿੰਦਰ ਸਿੰਘ ਵਾਸੀ ਪਿੰਡ ਨਵਾਂ ਪਿੰਡ ਭੱਠਾ ਅਤੇ ਇਕ ਹੋਰ ਅਣਪਛਾਤਾ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ, ਜਿਨ੍ਹਾਂ ਦੀ ਤਲਾਸ਼ ਵਿਚ ਛਾਪੇਮਾਰੀ ਦਾ ਦੌਰ ਜਾਰੀ ਹੈ ।


shivani attri

Content Editor

Related News