ਦਿੱਲੀ ਦੇ ਲੋਕਾਂ ਨੇ ਭਾਜਪਾ ਨੂੰ ਨਕਾਰ ਕੇ ਆਮ ਆਦਮੀ ਪਾਰਟੀ ''ਚ ਮੁੜ ਭਰੋਸਾ ਪ੍ਰਗਟਾਇਆ : ਦਲ ਖਾਲਸਾ
Sunday, Feb 16, 2020 - 11:08 AM (IST)

ਜਲੰਧਰ (ਜ. ਬ.)— ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਕਰਦਿਆਂ ਦਲ ਖਾਲਸਾ ਦੇ ਮੁੱਖ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਹੈ ਕਿ ਦਿੱਲੀ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਨਕਾਰ ਕੇ ਆਮ ਆਦਮੀ ਪਾਰਟੀ 'ਚ ਮੁੜ ਭਰੋਸਾ ਪ੍ਰਗਟਾਇਆ ਹੈ। ਪਾਰਟੀ ਆਗੂ ਨੇ ਕਿਹਾ ਕਿ ਹਿੰਦੂ ਰਾਸ਼ਟਰ ਦੀ ਵਿਚਾਰਧਾਰਾ ਦੇ ਪੈਰੋਕਾਰਾਂ ਦਾ ਚੋਣਾਂ 'ਚ ਬੁਰੀ ਤਰ੍ਹਾਂ ਪਿਟ ਜਾਣਾ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸ਼ਾਹੀਨ ਬਾਗ਼ 'ਚ ਧਰਨੇ 'ਤੇ ਬੈਠੀਆਂ ਮੁਸਲਿਮ ਔਰਤਾਂ ਅਤੇ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਇਖਲਾਕੀ ਜਿੱਤ ਹੈ।
ਅਮਿਤ ਸ਼ਾਹ ਨੇ ਚੋਣ ਕੰਪੇਨ ਦੌਰਾਨ ਲੋਕਾਂ ਨੂੰ ਕੀਤੀ ਅਪੀਲ ਕਿ ਉਹ ਕਮਲ ਦਾ ਬਟਨ ਇੰਨੇ ਜ਼ੋਰ ਨਾਲ ਦਬਾਉਣ ਕਿ ਉਸ ਦਾ ਕਰੰਟ ਸ਼ਾਹੀਨ ਬਾਗ ਬੈਠੇ ਧਰਨਾਕਾਰੀਆਂ ਨੂੰ ਲੱਗੇ, ਦਾ ਹਵਾਲਾ ਦਿੰਦੇ ਦਲ ਖਾਲਸਾ ਆਗੂ ਨੇ ਟਿੱਪਣੀ ਕਰਦਿਆਂ ਕਿਹਾ ਕਿ ਸ਼ਾਹ ਦੀ ਅਪੀਲ ਦੇ ਉਲਟ ਸ਼ਾਹੀਨ ਬਾਗ਼ ਦੇ ਕਰੰਟ ਨੇ ਭਾਜਪਾ ਨੂੰ ਦਿੱਲੀ ਵਿਚ ਝੁਲਸਾ ਦਿੱਤਾ ਹੈ।
ਅਮਿਤ ਸ਼ਾਹ ਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਮੁਸਲਮਾਨਾਂ ਅਤੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ ਹੋਰਨਾਂ ਭਾਈਚਾਰਿਆਂ ਖਿਲਾਫ ਬਹੁਤ ਜ਼ਹਿਰੀਲਾ ਪ੍ਰਚਾਰ ਕੀਤਾ ਸੀ ਅਤੇ ਹੁਣ ਭਾਜਪਾ ਦੀ ਹੋਈ ਸ਼ਰਮਨਾਕ ਹਾਰ ਦੀ ਨੈਤਿਕ ਜ਼ਿੰਮੇਵਾਰੀ ਕਬੂਲ ਕਰਦਿਆਂ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਗੁਜਰਾਤ ਵਾਪਸ ਪਰਤ ਜਾਣਾ ਚਾਹੀਦਾ ਹੈ। ਆਪਣੀ ਗੱਲ ਦੀ ਪ੍ਰੋੜਤਾ ਲਈ ਦਲ ਖਾਲਸਾ ਆਗੂ ਨੇ ਕਿਹਾ ਕਿ ਅਮਿਤ ਸ਼ਾਹ ਨੇ ਖੁਦ ਮੰਨਿਆ ਹੈ ਕਿ ਭਾਜਪਾ ਆਗੂਆਂ ਦੇ 'ਗੋਲੀ ਮਾਰੋ ਸਾਲੋਂ ਕੋ' ਆਦਿ ਜ਼ਹਿਰੀਲੇ ਬਿਆਨ ਪਾਰਟੀ ਦੀ ਹਾਰ ਦਾ ਕਾਰਣ ਬਣੇ ਹਨ। ਦਿੱਲੀ ਚੋਣ ਨਤੀਜਿਆਂ 'ਤੇ ਬੋਲਦਿਆਂ ਦਲ ਖਾਲਸਾ ਆਗੂ ਨੇ ਕਿਹਾ ਕਿ ਬਿਨਾਂ ਸ਼ੱਕ ਆਮ ਆਦਮੀ ਪਾਰਟੀ ਦੇ ਸੁਚੱਜੇ ਪ੍ਰਸ਼ਾਸਨ ਨੇ ਵੀ ਭਾਜਪਾ ਦੇ ਨਫਰਤ ਦੇ ਪ੍ਰਚਾਰ ਅਤੇ ਫਾਸ਼ੀਵਾਦੀ ਨੀਤੀਆਂ ਨੂੰ ਮਾਤ ਦੇਣ ਵਿਚ ਅਹਿਮ ਭੂਮਿਕਾ ਨਿਭਾਈ ਹੈ।
ਕੰਵਰਪਾਲ ਸਿੰਘ ਨੇ ਦਿੱਲੀ ਪੁਲਸ ਵਲੋਂ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ 'ਚ ਵਿਦਿਆਰਥੀਆਂ ਅਤੇ ਖਾਸ ਕਰਕੇ ਵਿਦਿਆਰਥਣਾਂ ਦੀ ਕੁੱਟ-ਮਾਰ ਕਰਨ ਦੀ ਸਖਤ ਨਿਖੇਧੀ ਕੀਤੀ ਅਤੇ ਕਿਹਾ ਕਿ ਸਰਕਾਰੀ ਦਸਤੇ ਮੋਦੀ ਸਰਕਾਰ ਦੀ ਸ਼ਹਿ 'ਤੇ ਵਿਦਿਆਰਥੀਆਂ 'ਚ ਦਹਿਸ਼ਤ ਪੈਦਾ ਕਰਨਾ ਚਾਹੁੰਦੇ ਹਨ। ਵਿਵਾਦਤ ਨਾਗਰਿਕਤਾ ਸੋਧ ਕਾਨੂੰਨ ਦੇ ਕਥਿਤ ਸਮਰਥਕਾਂ ਵਲੋਂ ਗਾਰਗੀ ਕਾਲਜ ਦੀਆਂ ਵਿਦਿਆਰਥਣਾਂ ਨਾਲ ਵੱਡੀ ਪੱਧਰ 'ਤੇ ਜਿਸਮਾਨੀ ਛੇੜਖਾਨੀ ਕਰਨ ਦੀ ਘਟਨਾ ਨੂੰ ਦਲ ਖਾਲਸਾ ਆਗੂ ਨੇ ਭਾਜਪਾ ਦੀ ਘਟੀਆ ਕਾਰਵਾਈ ਕਰਾਰ ਦਿੰਦਿਆਂ ਇਸ ਦੀ ਸਖਤ ਨਿੰਦਾ ਕੀਤੀ ਹੈ।